ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਦਾ ਕੀਤਾ ਦੌਰਾ
ਸਕੂਲ ਦੇ ਵਿੱਦਿਅਕ ਮਾਹੌਲ, ਅਨੁਸਾਸ਼ਨ ਅਤੇ ਸਫ਼ਾਈ ਪ੍ਰਬੰਧਾਂ ਦੀ ਕੀਤੀ ਸ਼ਲਾਘਾ
5 Dariya News
ਬੀਹਲਾ (ਬਰਨਾਲਾ) 07-Sep-2018
ਵਿਦਿਆਰਥੀਆਂ ਲਈ ਹਰ ਪੱਖ ਤੋਂ ਆਧੁਨਿਕ ਸਹੂਲਤਾਂ ਨਾਲ ਲੈਸ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਦਾ ਵਧੀਕ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿੱ.)ਮਨਿੰਦਰ ਕੌਰ ਵੱਲੋਂ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦੇ ਵਿੱਦਿਅਕ ਮਾਹੌਲ, ਅਨੁਸਾਸ਼ਨ ਅਤੇ ਸਫ਼ਾਈ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ।ਏ.ਡੀ.ਸੀ. ਮੈਡਮ ਰੂਹੀ ਦੁੱਗ ਨੇ ਦੱਸਿਆ ਕਿ ਸਕੂਲ ਦੇ ਸਾਰੇ ਕਲਾਸ ਰੂਮ ਨੂੰ ਬੱਚਿਆਂ ਦੇ ਬੌਧਿਕ ਪੱਧਰ ਅਤੇ ਸਿਲੇਬਸ ਅਨੁਸਾਰ ਸੁੰਦਰ ਡਿਜ਼ਾਇਨਿੰਗ ਨਾਲ ਪੇਂਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਅੰਦਰ ਸਮਾਰਟ ਲੈਬ ਅਤੇ ਕੰਪਿਊਟਰ ਲੈਬ ਬਹੁਤ ਹੀ ਸੁੰਦਰ ਬਣੀਆਂ ਹੋਈਆਂ ਹਨ। ਬੱਚਿਆਂ ਨੂੰ ਈ-ਕੋਨਟੈਨਟਸ ਦੀ ਵਰਤੋਂ ਕਰਦੇ ਹੋਏ ਐਲ.ਈ.ਡੀਜ਼ ਦੁਆਰਾ ਪੜ੍ਹਾਈ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਅੰਦਰ ਬਣਿਆ ਐਜੂਕੇਸ਼ਨ ਐਕਟੀਵਿਟੀ ਪਾਰਕ ਬੱÎਚਿਆਂ ਦੇ ਸਵੈ-ਸਿੱਖਣ ਵਿੱਚ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚੇ ਸੁੰਦਰ ਡਰੈੱਸ, ਟਾਈ ਬੈਲਟ ਅਤੇ ਆਈ ਕਾਰਡ ਵਿੱਚ ਸਜੇ ਹੋਏ ਸਨ। ਬੱਚਿਆਂ ਦਾ ਬੌਧਿਕ ਪੱਧਰ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਸੁੰਦਰ ਪ੍ਰਾਇਮਰੀ ਸਕੂਲ ਹੈ ਜੋ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਹੈ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸ੍ਰੀਮਤੀ ਮਨਿੰਦਰ ਕੌਰ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਵੱਲੋਂ ਮਹਿਕਮੇ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਪੜ੍ਹਾਈ ਅਤੇ ਹੋਰ ਗਤੀਵਿਧੀਆ ਬਹੁਤ ਵਧੀਆ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ। ਇਸ ਸਕੂਲ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਵੀ ਮੱਲਾਂ ਮਾਰ ਰਹੇ ਹਨ। ਸਕੂਲ ਦੇ ਦੌਰੇ ਕਰਨ ਉਪਰੰਤ ਮੈਡਮ ਰੂਹੀ ਦੁੱਗ ਨੇ ਹੈੱਡ ਟੀਚਰ ਹਰਪ੍ਰੀਤ ਸਿੰਘ ਤੋਂ ਸਕੂਲ ਦੇ ਵਿਕਾਸ ਕੰਮਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਕੁਲਦੀਪ ਸਿੰਘ ਭੁੱਲਰ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ੍ਰੀ ਮੁਹੰਮਦ ਰਿਜਵਾਨ ਅਤੇ ਰਮਨਦੀਪ ਸਿੰਘ ਹਾਜ਼ਰ ਸਨ।