ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਦੀ ਅਗਵਾਈ ਹੇਠ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਜੇਲ੍ਹ ਦੀ ਅਚਨਚੇਤ ਜਾਂਚ
5 Dariya News
ਸੰਗਰੂਰ 31-Aug-2018
ਜ਼ਿਲ੍ਹਾ ਜੇਲ੍ਹ ਸੰਗਰੂਰ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਅਨੁਸ਼ਾਸਨ ਬਣਾਏ ਰੱਖਣ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਤੇੇ ਪੁਲਿਸ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਜੇਲ੍ਹ 'ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਬੈਰਕਾਂ ਅੰਦਰ ਜਾ ਕੇ ਜਾਂਚ ਕੀਤੀ ਗਈ।ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਕੈਦੀ ਅਤੇ ਹਵਾਲਾਤੀ ਨਾਲ ਮੁਲਾਕਾਤ ਲਈ ਆਉਣ ਵਾਲੇ ਸਾਕ ਸਬੰਧੀਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਜੇਲ੍ਹ ਅਨੁਸ਼ਾਸਨ ਨੂੰ ਭੰਗ ਕਰਨ ਵਾਲਿਆ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਜੇਲ੍ਹ ਸੁਪਰਡੈਂਟ ਨੂੰ ਰੋਜ਼ਾਨਾ ਆਪਣੇ ਪੱਧਰ 'ਤੇ ਜੇਲ੍ਹ ਦੀ ਨਿਯਮਤ ਜਾਂਚ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਹਵਾਲਾਤੀਆਂ ਤੇ ਕੈਦੀਆਂ ਦੀ ਸਿਹਤ ਸਬੰਧੀ ਨਿਯਮਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਏ ਜਾਣ ਸਬੰਧੀ ਵੀ ਦਿਸ਼ਾ ਨਿਰਦੇਸ਼ ਦਿੱਤੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਮਰਦਾਂ ਅਤੇ ਔਰਤਾਂ ਦੀਆਂ ਵੱਖ ਵੱਖ ਬੈਰਕਾਂ ਵਿੱਚ ਜਾ ਕੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਦਰਪੇਸ਼ ਸਮੱਸਿਆਵਾਂ ਦਾ ਜਾਇਜ਼ਾ ਵੀ ਲਿਆ। ਗੱਲਬਾਤ ਦੌਰਾਨ ਕੁਝ ਅੰਡਰ ਟਰਾਇਲ ਵੱਲੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਨ੍ਹਾਂ ਦੇ ਕੇਸਾਂ ਦੀ ਪੈਰਵੀ ਕੁਝ ਧੀਮੀ ਗਤੀ ਨਾਲ ਚੱਲ ਰਹੀ ਹੈ। ਇਸ ਸਬੰਧੀ ਸ਼੍ਰੀ ਥੋਰੀ ਨੇ ਦੱਸਿਆ ਕਿ ਉਹ ਜ਼ਿਲ੍ਹਾ ਤੇ ਸੈਸ਼ਨਜ ਜੱਜ ਸੰਗਰੂਰ ਨੂੰ ਇਸ ਬਾਰੇ ਜਲਦੀ ਹੀ ਜਾਣੂ ਕਰਵਾਉਣਗੇ ਤਾਂ ਜੋ ਸਬੰਧਤ ਜੱਜ ਸਾਹਿਬਾਨ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ ਅਤੇ ਐਸ.ਐਸ.ਪੀ ਰਾਹੀਂ ਜਾਂਚ ਅਧਿਕਾਰੀਆਂ ਨੂੰ ਇਸ ਸਬੰਧੀ ਹਦਾਇਤ ਜਾਰੀ ਕਰਵਾਈ ਜਾਵੇਗੀ ਤਾਂ ਜੋ ਕੇਸਾਂ ਦੀ ਪੈਰਵੀ 'ਚ ਤੇਜ਼ੀ ਲਿਆਂਦੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜੇਲ੍ਹ ਵਿੱਚ ਸਾਫ਼ ਸਫਾਈ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਜਾਂਚ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਐਸ.ਪੀ ਹਰਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।