5 Dariya News

ਜ਼ਿਲ੍ਹੇ ਦੇ 700 ਆਂਗਨਵਾੜੀ ਕੇਂਦਰਾਂ ਰਾਹੀਂ ਬੱਚਿਆਂ, ਗਰਭਵਤੀ ਔਰਤਾਂ ਤੇ ਨਰਸਿੰਗ

ਮਾਵਾਂ ਨੂੰ ਸੰਤੁਲਿਤ ਆਹਾਰ ਦੇਣ 'ਤੇ ਖਰਚੇ ਜਾਣਗੇ 1 ਕਰੋੜ 61 ਲੱਖ ਰੁਪਏ : ਨਰੇਸ਼ ਕੁਮਾਰ

5 Dariya News

ਫਤਿਹਗੜ ਸਾਹਿਬ 29-Aug-2018

ਪੰਜਾਬ ਸਰਕਾਰ ਵੱਲੋਂ 0 ਤੋਂ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਨੂੰ ਸੰਤੁਲਿਤ ਆਹਾਰ ਦੇਣ ਲਈ ਜ਼ਿਲ੍ਹੇ ਦੇ 5 ਬਲਾਕਾਂ ਵਿੱਚ 700 ਆਂਗਨਵਾੜੀ ਕੇਂਦਰ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ 666 ਵੱਡੇ ਆਂਗਨਵਾੜੀ ਕੇਂਦਰ ਤੇ 34 ਮਿੰਨੀ ਆਂਗਨਵਾੜੀ ਕੇਂਦਰ ਹਨ। ਇਨ੍ਹਾਂ ਵਿੱਚੋਂ 35 ਕੇਂਦਰ ਮਾਡਲ ਆਂਗਨਵਾੜੀ ਕੇਂਦਰ ਵਜੋਂ ਚਲਾਏ ਜਾ ਰਹੇ ਹਨ, ਜਿਥੇ ਕਿ ਬੱਚਿਆਂ, ਗਰਭਵਤੀ ਔਰਤਾਂ ਤੇ ਨਰਸਿੰਗ ਮਾਵਾਂ ਦੀ ਸਹੂਲਤ ਲਈ ਆਧੁਨਿਕ ਉਪਕਰਣ ਲਗਾਏ ਹੋਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਆਂਗਨਵਾੜੀ ਕੇਂਦਰਾਂ ਵਿੱਚ 3 ਸਾਲ ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਪੂਰਵ ਸਕੂਲ ਸਿੱਖਿਆ ਦੇਣਾ, 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਮਾਵਾਂ ਤੇ ਨਰਸਿੰਗ ਮਾਵਾਂ ਦਾ ਹੈਲਥ ਚੈਕਅੱਪ ਕਰਨਾ, ਟੀਕਾਕਰਨ, ਨਿਊਟ੍ਰੀਸ਼ਨ ਅਤੇ ਸਿਹਤ ਸਬੰਧੀ ਅਤੇ ਹੋਰ ਰੈਫਰਲ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਆਂਗਨਵਾੜੀ ਕੇਂਦਰਾਂ ਵਿੱਚ 6 ਮਹੀਨੇ ਤੋਂ 3 ਸਾਲ ਤੱਕ ਦੇ 10358 ਬਚਿਆਂ, 3 ਸਾਲ ਤੋਂ 6 ਸਾਲ ਤਕ ਦੇ 3865 ਬੱਚਿਆਂ ਅਤੇ 3900 ਗਰਭਵਤੀ ਤੇ ਨਰਸਿੰਗ ਮਾਵਾਂ ਨੂੰ ਸੰਤੁਲਿਤ ਆਹਾਰ ਦਿੱਤਾ ਜਾ ਰਿਹਾ ਹੈ ਜਿਸ 'ਤੇ ਸਾਲ 2017-18 ਦੌਰਾਨ  87 ਲੱਖ 34 ਹਜਾਰ 612 ਖਰਚ ਕੀਤੇ ਗਏ। ਜਦੋਂ ਕਿ ਸਾਲ  2018-19 ਦੌਰਾਨ 1 ਕਰੋੜ 61 ਲੱਖ 46 ਹਜਾਰ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਆਂਗਨਵਾੜੀ ਕੇਂਦਰਾਂ ਵਿੱਚ ਸੋਮਵਾਰ ਵਾਲੇ ਦਿਨ ਮਿੱਠੇ ਦੁੱਧ ਵਾਲਾ ਦਲੀਆ, ਮੰਗਲਵਾਰ ਨੂੰ ਖੀਰ, ਬੁੱਧਵਾਰ ਵਾਲੇ ਦਿਨ ਪੰਜੀਰੀ, ਵੀਰਵਾਰ ਵਾਲੇ ਦਿਨ ਦਲੀਆ, ਸ਼ੁੱਕਰਵਾਰ ਵਾਲੇ ਦਿਨ ਖੀਰ ਅਤੇ ਸ਼ਨੀਵਾਰ ਵਾਲੇ ਦਿਨ ਪੰਜੀਰੀ ਦਿੱਤੀ ਜਾਂਦੀ ਹੈ।ਸ਼੍ਰੀ ਨਰੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਹੁਣ ਤੱਕ ਆਂਗਨਵਾੜੀ ਕੇਂਦਰਾਂ ਵਿੱਚ ਆਉਣ ਵਾਲੇ ਲਾਭਪਾਤਰਾਂ ਨੂੰ 7 ਹਜਾਰ ਕਿਲੋ ਦੁੱਧ, 44 ਹਜਾਰ ਕਿਲੋ ਪੰਜੀਰੀ, 5 ਲੀਟਰ ਪ੍ਰਤੀ ਸੈਂਟਰ ਦੇ ਹਿਸਾਬ ਨਾਲ 3500 ਲੀਟਰ ਘੀ, ਚੀਨੀ 700 ਕੁਇੰਟਲ, ਕਣਕ 449 ਕੁਇੰਟਲ ਅਤੇ 378 ਕੁਇੰਟਲ ਚਾਵਲ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 700 ਆਂਗਨਵਾੜੀ ਕੇਂਦਰਾਂ ਰਾਹੀਂ ਬੱਚਿਆਂ, ਗਰਭਵਤੀ ਔਰਤਾਂ, ਨਰਸਿੰਗ ਮਾਵਾਂ ਅਤੇ ਔਰਤਾਂ ਦੀ ਸਿੱਖਿਆ, ਸਿਹਤ, ਨਿਊਟ੍ਰੀਸ਼ਨ ਤੇ ਟੀਕਾਕਰਨ ਦੀਆਂ ਸੇਵਾਵਾਂ ਵੀ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਮੁਹਈਆਂ ਕਰਵਾਈਆਂ  ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 35 ਮਾਡਲ ਆਂਗਨਵਾੜੀ ਕੇਂਦਰਾਂ ਵਿੱਚੋਂ ਖਮਾਣੋਂ ਵਿਖੇ 6, ਖੇੜਾ ਵਿਖੇ 8, ਸਰਹਿੰਦ ਵਿਖੇ 5, ਬਸੀ ਪਠਾਣਾ ਵਿਖੇ 2 ਅਤੇ ਅਮਲੋਹ ਵਿਖੇ 14 ਮਾਡਲ ਆਂਗਨਵਾੜੀ ਕੇਂਦਰ ਚਲਾਏ ਜਾ ਰਹੇ ਹਨ।