5 Dariya News

ਲੋਕਾਂ ਦੀ ਸਿਹਤ ਨਾਲ ਕਿਸੇ ਨੂੰ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ-ਲਖਬੀਰ ਸਿੰਘ ਭਾਗੋਵਾਲੀਆ

5 Dariya News

ਅਮ੍ਰਿਤਸਰ 24-Aug-2018

ਸਿਹਤ ਵਿਭਾਗ ਨੇ ਅੰਮ੍ਰਿਤਸਰ ਵਿਚ ਕੰਮ ਕਰਦੇ ਹਲਵਾਈਆਂ ਨੂੰ ਆਖਰੀ ਚੇਤਵਾਨੀ ਵਜੋਂ ਅੱਜ ਆਪਣੇ ਦਫਤਰ ਸੱਦ ਕੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਹੈ ਅਤੇ ਖੁਰਾਕੀ ਪਾਦਰਥਾਂ ਲਈ ਕੱਚਾ ਮਾਲ ਖਰੀਦਣ, ਸਾਂਭਣ, ਬਨਾਉਣ, ਡਿਸਪਲੇਅ ਕਰਨ ਅਤੇ ਵੇਚਣ ਸਬੰਧੀ ਪ੍ਰਾਪਤ ਹੋਈਆਂ ਹਦਾਇਤਾਂ ਨੂੰ ਵਿਸਥਾਰ ਰੂਪ ਵਿਚ ਦੱਸਦੇ ਸਪੱਸ਼ਟ ਕੀਤਾ ਹੈ ਕਿ ਜੋ ਵੀ ਹਲਵਾਈ ਇੰਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ, ਉਸ ਨੂੰ ਜਿਲ੍ਹੇ ਵਿਚ ਖਾਣ-ਪੀਣ ਦਾ ਕਾਰੋਬਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਈਆਂ ਊਣਤਾਈਆਂ ਨੂੰ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਬੜੀ ਗੰਭੀਰਤਾ ਨਾਲ ਲਿਆ ਹੈ ਅਤੇ ਅੱਜ ਤੁਹਾਡੇ ਨਾਲ ਰੂਬਰੂ ਹੋ ਕੇ ਸਾਰੀਆਂ ਹਦਾਇਤਾਂ ਤੋਂ ਜਾਣੂੰ ਕਰਵਾਉਣ ਲਈ ਕਿਹਾ ਸੀ ਅਤੇ ਇਸ ਮਗਰੋਂ ਹੁਣ ਸਮਝਾਉਣ ਦਾ ਨਹੀਂ, ਕਾਨੂੰਨੀ ਕਾਰਵਾਈ ਦਾ ਸਮਾਂ ਹੋਵੇਗਾ ਅਤੇ ਕਿਸੇ ਨੂੰ ਵੀ ਲੋਕਾਂ ਦੀ ਜਾਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜਿਲ੍ਹੇ ਵਿਚ ਕੰਮ ਕਰਨ ਵਾਲੇ ਸਾਰੇ ਹਲਵਾਈ ਫੂਡ ਸੇਫਟੀ ਐਕਟ ਅਧੀਨ ਰਜਿਸਟਰਡ ਹੋਣ ਤੇ ਕੱਚਾ ਮਾਲ ਜਿਵੇਂ ਕਿ ਖੋਆ ਤੇ ਪਨੀਰ ਆਦਿ ਚੰਗਾ ਦੁੱਧ ਲੈ ਕੇ ਆਪ ਬਨਾਉਣ ਜਾਂ ਉਨਾਂ ਸੂਤਰਾਂ ਤੋਂ ਲੈਣ, ਜਿੰਨਾ 'ਤੇ ਉਹ ਭਰੋਸਾ ਕਰ ਸਕਦੇ ਹਨ, ਕਿਉਂਕਿ ਖੋਆ ਤੁਹਾਡੀ ਦੁਕਾਨ ਤੋਂ ਫੜੇ ਜਾਣ 'ਤੇ ਕਾਰਵਾਈ ਤੁਹਾਡੇ 'ਤੇ ਹੋਵੇਗੀ, ਨਾ ਕਿ ਖੋਆ ਦੇ ਕੇ ਭੱਜ ਗਏ ਵਪਾਰੀ 'ਤੇ । ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਹੈਜ਼ਾ, ਟਾਈਫਾਈਡ, ਪੀਲੀਆ ਵਰਗੀਆਂ ਬਿਮਾਰੀਆਂ ਜਿੱਥੇ ਰਸੋਈ ਤੇ ਭੋਜਨ ਦੀ ਸਾਫ-ਸਫਾਈ ਸਹੀ ਨਾ ਹੋਣ ਕਾਰਨ ਫੈਲਦੀਆਂ ਹਨ, ਉਥੇ ਭੋਜਨ ਪਦਾਰਥਾਂ ਵਿਚ ਮਿਲਾਵਟ ਕਾਰਨ ਕੈਂਸਰ ਤੇ ਗਰੁਦੇ ਦੇ ਭਿਆਨਕ ਰੋਗ ਵੀ ਹੁੰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਇੱਥੇ ਵਿਸ਼ਵ ਮਿਆਰੀ ਭੋਜਨ ਪਦਾਰਥ ਮਿਲਣ। ਉਨਾਂ ਭੋਜਨ ਪਦਾਰਥਾਂ ਦੀ ਚਮਕ ਵਧਾਉਣ ਲਈ ਵੱਖ-ਵੱਖ ਤਰਾਂ ਦੇ ਖਤਰਨਾਕ ਰੰਗ ਸ਼ਾਮਿਲ ਕਰਨ ਵਾਲੇ ਅਤੇ ਮਸਾਲਿਆਂ ਵਿਚ ਮਿਲਾਵਟ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਕੰਮ ਤੋਂ ਬਾਝ ਆ ਜਾਣ, ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।