5 Dariya News

ਮਿਸ਼ਨ ਮਿਲਾਪ ਮੁਹਿੰਮ ਤਹਿਤ ਛੇ ਲਾਵਾਰਿਸ ਪ੍ਰਾਣੀਆਂ ਨੂੰ ਵਾਰਸਾਂ ਦੇ ਸਪੁਰਦ ਕੀਤਾ

5 Dariya News

ਕੁਰਾਲੀ 28-Aug-2018

ਸ਼ਹਿਰ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਦੇ ਪ੍ਰਬੰਧਕਾਂ ਵੱਲੋ ' ਮਿਸ਼ਨ ਮਿਲਾਪ ' ਮੁਹਿੰਮ ਤਹਿਤ ਛੇ ਹੋਰ ਲਾਵਾਰਿਸ ਪ੍ਰਾਣੀਆਂ ਨੂੰ ਉਹਨਾਂ ਦੇ ਵਾਰਸਾਂ ਦੇ ਸਪੁਰਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਸੰਜੀਵ ਕੁਮਾਰ (36 ਸਾਲ) ਜੋ ਕਿ ਮੋਰਿੰਡਾ ਵਿਖੇ ਸੜਕ ਉੱਤੇ ਰੁਲ ਰਿਹਾ ਸੀ, ਨੂੰ ਉਥੋਂ ਦੇ ਸਮਾਜਦਰਦੀ ਸੱਜਣਾਂ ਵੱਲੋਂ ਬੜੀ ਹੀ ਤਰਸਯੋਗ ਹਾਲਤ ਵਿਚ (ਲੱਤ ਵਿਚ ਕੀੜੇ ਪਏ ਹੋਏ ਸਨ) ਦਾਖ਼ਲ ਕਰਵਾਇਆ ਗਿਆ ਸੀ, ਨੂੰ ਲੈਣ ਉਸਦਾ ਭਰਾ ਸਬਲਪੁਰ, ਯਮੁਨਾ ਨਗਰ ਤੋਂ ਪਹੁੰਚਿਆ, ਜਿਸ ਮੁਤਾਬਿਕ ਸੰਜੀਵ ਕੁਮਾਰ ਦਿਮਾਗੀ ਪ੍ਰੇਸ਼ਾਨੀ ਕਾਰਣ ਲਗਭਗ 2 ਸਾਲ ਪਹਿਲਾਂ ਘਰ ਤੋਂ ਬਿਨਾ ਦੱਸੇ ਕਿਸੇ ਡਰਾਈਵਰ ਨਾਲ ਚਲਾ ਗਿਆ ਸੀ, ਜਿਸਤੋਂ ਬਾਅਦ ਉਸਦੀ ਕਾਫੀ ਭਾਲ ਕੀਤੀ ਗਈ ਸੀ | ਇਸੇ ਤਰਾਂ ਸੁਨੀਤਾ ਦੇਵੀ (50 ਸਾਲ) ਜੋ ਕਿ ਮੋਹਾਲੀ ਫੇਸ 8 ਵਿਖੇ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਣ ਗੱਡੀਆਂ ਤੇ ਪੱਥਰ ਸੁੱਟ ਰਹੀ ਸੀ, ਨੂੰ ਪੁਲਿਸ ਵੱਲੋਂ ਸੰਸਥਾਂ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਸਨੂੰ ਲੈਣ ਉਸਦਾ ਪਤੀ ਛੱਪਰਾਂ, ਬਿਹਾਰ ਤੋਂ ਪਹੁੰਚਿਆ, ਜਿਸਨੇ ਦੱਸਿਆ ਕਿ ਸੁਨੀਤਾ ਦੇਵੀ ਦੀ ਹਾਲਤ ਠੀਕ ਨਾ ਹੋਣ ਕਾਰਣ ਉਹ ਅੱਗੇ ਵੀ ਘਰ ਤੋਂ ਬਿਨਾ ਦੱਸੇ ਚਲੇ ਜਾਂਦੀ ਸੀ ਪਰ ਇਸ ਵਾਰ ਉਹ ਵਾਪਸ ਘਰੇ ਨਹੀਂ ਆਈ | ਅੰਜਲੀ (45 ਸਾਲ) ਜੋ ਕਿ ਪਿੰਡ ਬਾਕਰਪੁਰ ਵਿਖੇ ਲਾਵਾਰਿਸ ਹਾਲਤ ਵਿਚ ਮਿਲੀ ਸੀ, ਨੂੰ ਲੈਣ ਉਸਦੀ ਬੇਟੀ ਵਸੁੰਦਰਾ, ਗਾਜਿਆਬਾਦ ਤੋਂ ਪਹੁੰਚੀ, ਜਿਸ ਮੁਤਾਬਿਕ ਅੰਜਲੀ ਘਰ ਤੋਂ ਬਜ਼ਾਰ, ਸਬਜ਼ੀ ਲੈਣ ਗਈ ਸੀ ਤੇ ਬਾਅਦ ਵਿਚ ਵਾਪਸ ਘਰੇ ਨਹੀਂ ਆਈ | ਰਾਜਵੰਤੀ (43 ਸਾਲ) ਮੋਰਿੰਡਾ ਵਿਖੇ ਲਾਵਾਰਿਸ ਹਾਲਤ ਵਿਚ ਮਿਲੀ ਸੀ, ਨੂੰ ਲੈਣ ਉਸਦਾ ਪਤੀ ਦਿੱਲੀ ਤੋਂ ਪਹੁੰਚਿਆ | ਸੁਮਨ (35 ਸਾਲ) ਜੋ ਕਿ ਕੁਰਾਲੀ ਵਿਖੇ ਲਾਵਾਰਿਸ ਹਾਲਤ ਵਿਚ ਮਿਲੀ ਸੀ, ਨੂੰ ਲੈਣ ਉਸਦੀ ਮਾਤਾ ਹਮੀਰਪੁਰ ਤੋਂ ਪਹੁੰਚੀ, ਜਿਸ ਅਨੁਸਾਰ ਸੁਮਨ ਦਿਮਾਗੀ ਪ੍ਰੇਸ਼ਾਨੀ ਕਾਰਣ ਆਪਣੇ ਪਤੀ ਦੇ ਘਰ ਤੋਂ ਚਲੇ ਗਈ ਸੀ | ਮਮਤਾ (20 ਸਾਲ) ਜੋ ਕਿ ਪਿੰਡ ਸੋਹਾਣਾ ਵਿਖੇ ਲਾਵਾਰਿਸ ਹਾਲਤ ਵਿਚ ਮਿਲੀ ਸੀ, ਨੂੰ ਲੈਣ ਉਸਦਾ ਭਰਾ ਰਾਮਪੁਰ, ਯੂ.ਪੀ ਤੋਂ ਪਹੁੰਚਿਆ ਜਿਸ ਅਨੁਸਾਰ ਮਮਤਾ ਦਿਮਾਗੀ ਪ੍ਰੇਸ਼ਾਨੀ ਹੋਣ ਕਾਰਣ ਬਿਨਾ ਕਿਸੇ ਨੂੰ ਦੱਸੇ ਘਰੋਂ ਨਿਕਲ ਗਈ ਸੀ | ਇਸ ਮੌਕੇ ਆਪਣਿਆਂ ਨੂੰ ਮਿਲ ਕੇ ਵਾਰਸ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਸੰਸਥਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਸੰਸਥਾਂ ਦੇ ਪ੍ਰਬੰਧਕਾਂ ਵੱਲੋਂ ਵਾਰਸਾਂ ਦੀ ਸਨਾਖਤ ਕਰਨ ਉਪਰੰਤ ਨਾਗਰਿਕਾਂ ਨੂੰ ਉਹਨਾਂ ਦੇ ਵਾਰਸਾਂ ਦੇ ਸਪੁਰਦ ਕੀਤਾ ਗਿਆ |