5 Dariya News

ਪੈਰਾ ਮਿਲਟਰੀ ਫੋਰਸਿਜ ਵਿੱਚ 54953 ਕਾਂਸਟੇਬਲਾਂ ਦੀ ਭਰਤੀ ਦਾ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨ ਉਠਾਉਣ ਲਾਭ : ਸ਼ਿਵਦੁਲਾਰ ਸਿੰਘ ਢਿੱਲੋਂ

ਚਾਹਵਾਨ ਉਮੀਦਵਾਰ ਸਿਰਫ www.ssc.nic.in ਅਤੇ www.ghargharrozgar.punjab.gov.in 'ਤੇ ਆਨ ਲਾਈਨ ਹੀ ਕਰ ਸਕਦੇ ਹਨ ਅਪਲਾਈ

5 Dariya News

ਫ਼ਤਹਿਗੜ੍ਹ ਸਾਹਿਬ 28-Aug-2018

ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਅਤੇ ਟਰੇਨਿੰਗ ਵਿਭਾਗ, ਪੰਜਾਬ ਵੱਲੋਂ ਪੈਰਾ ਮਿਲਟਰੀ ਫੋਰਸਿਜ ਵਿੱਚ 54953 ਅਸਾਮੀਆਂ ਦੀ ਭਰਤੀ ਲਈ ਲੋੜੀਂਦੀ (ਸਰੀਰਕ ਟੈਸਟ ਤੇ ਲਿਖਣ ਸਬੰਧੀ) ਮੁਢਲੀ ਸਿਖਲਾਈ ਮੁਫਤ ਦਿੱਤੀ ਜਾਵੇਗੀ, ਜਿਸ ਦਾ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੇਂਦਰੀ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਵੱਖ-ਵੱਖ ਪੈਰਾ ਮਿਲਟਰੀ ਫੋਰਸਿਜ਼ ਬੀ.ਐਸ.ਐਫ, ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਐਸ.ਐਸ.ਬੀ, ਐਨ.ਆਈ.ਏ., ਐਸ.ਐਸ.ਐਫ ਅਤੇ ਰਾਈਫਲਮੈਨ  (ਜਨਰਲ ਡਿਊਟੀ) ਇਨ ਅਸਾਮ ਰਾਈਫਲਜ਼ ਵਿੱਚ ਕਾਂਸਟੇਬਲਾਂ ਦੀ ਭਰਤੀ ਲਈ 54,953 ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ 17-9-18 ਤੱਕ ਕੇਵਲ ਆਨ ਲਾਈਨ ਹੀ ਰਜਿਸਟਰਡ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਦੱਸਿਆ ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਨੌਜਵਾਨਾਂ ਨੂੰ 21700-69100 ਦਾ ਮੁਢਲਾ ਤਨਖਾਹ ਸਕੇਲ ਦਿੱਤਾ ਜਾਵੇਗਾ।ਸ. ਢਿੱਲੋਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਦੀ ਵਿਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ, ਉਮੀਦਵਾਰ ਦੀ ਉਮਰ 18-23 ਸਾਲ ਹੋਣੀ ਚਾਹੀਦੀ ਹੈ ਜਦੋਂ ਕਿ ਰਾਖਵੀਂਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਉਮਰ ਦੀ ਉਕਤ ਸੀਮਾਂ ਵਿੱਚ ਛੋਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰ ਨੂੰ ਕੰਪਿਊਟਰ ਅਧਾਰਤ ਤੇ ਅਬਜੈਕਟਿਵ ਟਾਈਪ ਟੈਸਟ, ਜਿਸ ਦੇ 100 ਨੰਬਰ ਹੋਣਗੇ ਅਤੇ ਇਹ ਟੈਸਟ 90 ਮਿੰਟ ਵਿੱਚ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਟੈਸਟ ਪਾਸ ਕਰਨ ਵਾਲੇ ਨੌਜਵਾਨਾਂ ਦਾ ਸਰੀਰਕ ਟੈਸਟ ਲਿਆ ਜਾਵੇਗਾ ਜਿਸ ਲਈ ਪੁਰਸ਼ਾਂ ਲਈ 5 ਕਿਲੋਮੀਟਰ ਦੀ ਦੌੜ 24 ਮਿੰਟ ਵਿੱਚ ਜਦੋਂ ਕਿ ਇਸਤਰੀਆਂ ਲਈ 1.6 ਕਿਲੋਮੀਟਰ ਦੀ ਦੌੜ 8:30 ਮਿੰਟ ਵਿੱਚ ਪੂਰੀ ਕਰਨੀ ਲਾਜ਼ਮੀ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਪੁਰਸ਼ ਉਮੀਦਵਾਰਾਂ ਦਾ ਕੱਦ 5 ਫੁੱਟ 6.9 ਇੰਚ ਅਤੇ ਇਸਤਰੀਆਂ ਦਾ ਕੱਦ 5 ਫੁੱਟ 1.8 ਇੰਚ ਹੋਣਾ ਲਾਜ਼ਮੀ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ ਪੁਰਸ਼ ਉਮੀਦਵਾਰਾਂ ਦੀ ਛਾਤੀ ਬਿਨਾਂ ਫੁਲਾਏ 80.5 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਲਿਖਤੀ ਤੇ ਸਰੀਰਕ ਟੈਸਟ ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਦਾ ਡਾਕਟਰੀ ਮੁਆਇਨਾ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੀ ਫੀਸ 100 ਰੁਪਏ ਰੱਖੀ ਗਈ ਹੈ ਜਦੋਂ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਇਸਤਰੀਆਂ, ਸਾਬਕਾ ਸੈਨਿਕ ਨਾਲ ਸਬੰਧਤ ਉਮੀਦਵਾਰਾਂ ਨੂੰ ਇਸ ਫੀਸ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਉਮੀਦਵਾਰਾਂ ਲਈ ਬਠਿੰਡਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਅਤੇ ਚੰਡੀਗੜ੍ਹ ਵਿਖੇ ਪੰਜ ਕੇਂਦਰ ਨਿਰਧਾਰਤ ਕੀਤੇ ਗਏ ਹਨ।ਸ. ਢਿੱਲੋਂ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਹਿੱਸਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਰੋਜ਼ਗਾਰ ਉਤਪਤੀ ਅਤੇ ਟਰੇਨਿੰਗ ਵਿਭਾਗ ਵੱਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਮੁਢਲੀ ਸਿਖਲਾਈ ਮੁਫਤ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਲਾਈਨਾਂ ਵਿੱਚ ਮੁਢਲੀ ਟਰੇਨਿੰਗ ਮੁਫਤ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਚਾਹਵਾਨ ਉਮਵੀਦਾਰ 1-09-2018 ਤੋਂ 6-9-18 ਤੱਕ ਲੋੜੀਂਦੇ ਦਸਤਾਵੇਜ ਲੈ ਕੇ ਸਰੀਰਕ ਮਾਪਦੰਡ ਚੈਕ ਕਰਾਉਣ ਲਈ ਪੁਲਿਸ ਲਾਈਨ ਮਹਾਦੀਆਂ ਵਿਖੇ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ 7-9-18 ਤੋਂ 25-9-18 ਤੱਕ ਸਰੀਰਕ ਮਾਪਦੰਡਾਂ ਅਨੁਸਾਰ ਯੋਗ ਉਮੀਦਵਾਰਾਂ ਦੀ ਸਰੀਰਕ ਟਰੇਨਿੰਗ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਯੋਗ ਉਮੀਦਵਾਰਾਂ ਦੀ ਸਰੀਰਕ ਪ੍ਰੀਖਿਆ 26-9-18 ਤੋਂ 30-09-2018 ਤੱਕ ਹੋਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰੀਰਕ ਪ੍ਰੀਖਿਆ ਵਿਚ ਯੋਗ ਪਾਏ ਗਏ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਦੀ ਟ੍ਰੇਨਿੰਗ ਲਈ ਦੋ ਗਰੁੱਪ ਬਣਾਏ ਗਏ ਹਨ। ਜਿਸ ਵਿੱਚੋਂ ਪਹਿਲੇ ਗਰੁੱਪ ਦੀ ਟ੍ਰੇਨਿੰਗ 03 ਅਕਤੂਬਰ ਤੋਂ 31 ਅਕਤੂਬਰ ਤੱਕ ਅਤੇ ਦੂਜੇ ਗਰੁੱਪ ਦੀ 02 ਨਵੰਬਰ ਤੋਂ 30 ਨਵੰਬਰ ਤੱਕ ਸੀ-ਪਾਈਟ ਕੇਂਦਰ ਸ਼ਹੀਦਗੜ੍ਹ ਵਿਖੇ ਹੋਵੇਗੀ।  ਉਨ੍ਹਾਂ ਹੋਰ ਦੱਸਿਆ ਕਿ ਟ੍ਰੇਨਿੰਗ ਲਈ ਦਿਨ ਦੀਆਂ ਕਲਾਸਾਂ ਦਾ ਸਮਾਂ 10:00 ਵਜੇ ਤੋਂ 02:00  ਵਜੇ ਤੱਕ ਅਤੇ ਸ਼ਾਮ ਦੀਆਂ ਕਲਾਸਾਂ ਦਾ ਸਮਾਂ 03:00  ਤੋਂ 07:00 ਵਜੇ ਤੱਕ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਵੈਬਸਾਈਟ www.ssc.nic.in   ਅਤੇ  www.ghargharrozgar.punjab.gov.in ਅਤੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤੋਂ ਹਾਸਲ ਕੀਤੀ ਜਾ ਸਕਦੀ ਹੈ। 

DC Fatehgarh Sahib