ਡੇਂਗੂ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਮੂਹਿਕ ਯਤਨ ਕੀਤੇ ਜਾਣ - ਡਾ. ਸੰਜੀਵ ਭੱਲਾ
5 Dariya News
ਬਟਾਲਾ 27-Aug-2018
ਡੇਂਗੂ ਦੀ ਬਿਮਾਰੀ ਨੂੰ ਕੁਝ ਅਸਾਨ ਜਿਹੇ ਉਪਾਅ ਕਰਕੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਇਸ ਗੰਭੀਰ ਬਿਮਾਰੀ ਨੂੰ ਰੋਕਣ ਲਈ ਸਮੂਹਿਕ ਯਤਨ ਕਰਨੇ ਚਾਹੀਦੇ ਹਨ। ਇਹ ਅਪੀਲ ਕਰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਖੜੇ ਪਾਣੀ ‘ਚ ਪੈਦਾ ਹੁੰਦਾ ਹੈ, ਇਸ ਲਈ ਸਾਨੂੰ ਆਪਣੇ ਘਰਾਂ, ਕੰਮ ਵਾਲੇ ਸਥਾਨਾਂ ਅਤੇ ਆਲੇ-ਦੁਆਲੇ ਪਾਣੀ ਨੂੰ ਖੜੇ ਨਹੀਂ ਹੋਣ ਦੇਣਾ ਚਾਹੀਦਾ। ਉਨਾਂ ਕਿਹਾ ਕਿ ਘਰਾਂ ‘ਚ ਪਾਣੀ ਨਾਲ ਭਰੀਆਂ ਟੈਂਕੀਆਂ ਅਤੇ ਕੰਟੇਨਰਜ਼ ਨੂੰ ਚੰਗੀ ਤਰਾਂ ਢੱਕ ਕੇ ਰੱਖਣਾ ਚਾਹੀਦਾ ਹੈ। ਸਾਰੇ ਨਾ ਵਰਤਣਯੋਗ ਕੰਟੇਨਰਜ਼, ਜੰਕ ਮੀਟੀਰੀਅਲ, ਟਾਇਰ ਆਦਿ ਨੂੰ ਸਹੀ ਤਰੀਕੇ ਨਾਲ ਰੱਖਿਆ ਜਾਵੇ ਜਾਂ ਇਨਾਂ ਨੂੰ ਨਸ਼ਟ ਕਰ ਦਿੱਤਾ ਜਾਵੇ ਤਾਂ ਜੋ ਇਨਾਂ ‘ਚ ਪਾਣੀ ਨਾ ਖੜ ਸਕੇ। ਡਾ. ਭੱਲਾ ਨੇ ਕਿਹਾ ਕਿ ਹਰ ਹਫਤੇ ਸ਼ੁਕਰਵਾਰ ਦੇ ਦਿਨ ਨੂੰ ਡਰਾਈ ਡੇਅ ਵਜੋਂ ਮਨਾਉਂਦਿਆਂ ਕੂਲਰਾਂ ਨੂੰ ਖਾਲੀ ਅਤੇ ਸਾਫ ਕਰਕੇ ਸੁਕਾਉਣਾ ਚਾਹੀਦਾ ਹੈ ਅਤੇ ਸਾਲ ਵਿੱਚ ਇੱਕ ਵਾਰ ਜਰੂਰ ਕੂਲਰ ਦੇ ਅੰੰਦਰਲੇ ਹਿੱਸੇ ਨੂੰ ਪੇਂਟ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਹਫਤੇ ‘ਚ ਇੱਕ ਵਾਰ ਬਰਤਨਾਂ ਅਤੇ ਫੁੱਲਦਾਨਾਂ ਦੇ ਪਾਣੀ ਨੂੰ ਵੀ ਬਦਲਣਾ ਚਾਹੀਦਾ ਹੈ। ਪੂਰੇ ਸ਼ਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਸੌਣ ਵੇਲੇ ਮੱਛਰਦਾਨੀ ਜਾਂ ਮੱਛਰ ਭਜਾਓ ਕਰੀਮਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਬੁਖਾਰ ਹੋਣ ‘ਤੇ ਆਪਣੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ‘ਚ ਡਾਕਟਰ ਕੋਲੋਂ ਚੈੱਕਅਪ ਕਰਾਉਣਾ ਚਾਹੀਦਾ ਹੈ ਅਤੇ ਸਿਰਫ ਪੈਰਾਸਿਟਾਮੋਲ ਦੀ ਵਰਤੋਂ ਅਤੇ ਜਿਆਦਾ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਉਨਾਂ ਕਿਹਾ ਸਮੂਹਿਕ ਯਤਨਾ ਨਾਲ ਅਸੀਂ ਡੇਂਗੂ ਦੀ ਬਿਮਾਰੀ ਨੂੰ ਫੈਲਣ ਤੋਂ ਅਸਾਨੀ ਨਾਲ ਰੋਕ ਸਕਦੇ ਹਾਂ।