5 Dariya News

ਸੁਖਬੀਰ ਬਾਦਲ ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦੇਣ ਲਈ ਕੈਪਟਨ ਅਮਰਿੰਦਰ ਦੀ ਨਿਖੇਧੀ

5 Dariya News

ਚੰਡੀਗੜ੍ਹ 27-Aug-2018

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਵਿਧਾਨ ਸਭਾ ਵਿਚ ਕਲੀਨ ਚਿਟ ਦਿੱਤੀ ਸੀ। ਉਹਨਾਂ ਨੇ ਮੁੱਖ ਮੰਤਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੈਪਟਨ ਦੀ ਇਹ ਹਰਕਤ ਦਿੱਲੀ ਅੰਦਰ 1984 'ਚ ਹੋਏ ਬੇਗੁਨਾਹ ਸਿੱਖਾਂ ਦੇ ਕਤਲੇਆਮ ਦੀ ਸਾਜ਼ਿਸ਼ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਹੋਣ ਤੋਂ ਇਨਕਾਰ ਕਰਨ ਦੇ ਬਰਾਬਰ ਹੈ। ਇਸ ਮੁੱਦੇ ਉੱਤੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਨੂੰ ਇਹ ਵੀ ਦੱਸਿਆ ਸੀ ਕਿ ਉਹ ਉਹਨਾਂ ਚਾਰ ਵਿਅਕਤੀਆਂ ਬਾਰੇ ਜਾਣਦੇ ਹਨ, ਜਿਹਨਾਂ ਦੀ ਸਿੱਖਾਂ ਦੇ ਕਤਲੇਆਮ ਵਿਚ ਭੁਮਿਕਾ ਸੀ ਅਤੇ ਇਹਨਾਂ ਵਿਚ ਐਚਕੇਐਲ ਭਗਤ, ਅਰਜੁਨ ਦਾਸ, ਸੱਜਣ ਕੁਮਾਰ ਅਤੇ ਧਰਮ ਦਾਸ ਸਾਸ਼ਤਰੀ ਸ਼ਾਮਿਲ ਸਨ। ਉਹਨਾਂ ਕਿਹਾ ਕਿ ਖੁਦ ਕੀਤੇ ਅਜਿਹੇ ਖੁਲਾਸੇ ਮਗਰੋਂ ਮੁੱਖ ਮੰਤਰੀ ਨੂੰ ਇਸ ਕਤਲੇਆਮ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਸਿਟ ਅੱਗੇ ਬਤੌਰ ਗਵਾਹ ਪੇਸ਼ ਹੋਣਾ ਚਾਹੀਦਾ ਹੈ।ਸਰਦਾਰ ਬਾਦਲ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਕਾਂਗਰਸ ਆਗੂਆਂ ਨੇ ਵਿਅਕਤੀਗਤ ਤੌਰ ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ। 

ਉਹਨਾਂ ਕਿਹਾ ਕਿ ਅਜਿਹੀ ਮਨਘੜਤ ਵਿਆਖਿਆ ਉੱਤੇ ਕੋਈ ਯਕੀਨ ਨਹੀਂ ਕਰੇਗਾ। ਜੇਕਰ ਇਹ ਗੱਲ ਸੱਚੀ ਹੈ ਤਾਂ ਮੁੱਖ ਮੰਤਰੀ  ਨੂੰ ਦੱਸਣਾ ਚਾਹੀਦਾ ਹੈ ਕਿ ਕਤਲੇਆਮ ਤੋ ਬਾਅਦ ਇਹਨਾਂ ਆਗੂਆਂ ਨੂੰ ਕਾਂਗਰਸ ਪਾਰਟੀ ਅਤੇ ਸਰਕਾਰ ਵਿਚ ਵੱਡੇ ਅਹੁਦੇ ਦੇ ਕੇ ਕਿਉਂ ਨਿਵਾਜਿਆ ਗਿਆ ਸੀ।ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਪ੍ਰਧਾਨ ਨੂੰ ਸਿੱਖ ਕਤਲੇਆਮ ਵਿਚ ਆਪਣੀ ਪਾਰਟੀ ਦੀ ਭੂਮਿਕਾ ਨਾ ਹੋਣ ਦਾ  ਝੂਠ ਬੋਲਣ ਲਈ ਸਖ਼ਤ ਝਾੜ ਪਾਈ।  ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਨੇ ਸਿੱਖਾਂ ਵਿਰੁੱਧ ਉਸ ਦੇ ਪਰਿਵਾਰ ਅਤੇ ਪਾਰਟੀ ਦੀ ਨਫਰਤ ਦਾ ਘਿਣਾਉਣੇ ਰੂਪ ਵਿਚ ਪ੍ਰਗਟਾਵਾ ਕੀਤਾ ਸੀ। ਉਸ ਨੇ ਬੇਰਹਿਮੀ ਨਾਲ ਹਜ਼ਾਰਾਂ ਸਿੱਖਾਂ, ਜਿਹਨਾਂ ਵਿਚ ਬਜ਼ੁਰਗ, ਜਵਾਨ, ਬੱਚੇ ਅਤੇ ਔਰਤਾਂ ਵੀ ਸ਼ਾਮਿਲ ਸਨ, ਨੂੰ ਗਲਾਂ ਵਿਚ ਜਲਦੇ ਹੋਏ ਟਾਇਰ ਪਾ ਕੇ ਸਾੜਣ ਦਾ ਹੁਕਮ ਦਿੱਤਾ ਸੀ।ਇਸ ਤੋਂ ਪਹਿਲਾਂ ਕਾਂਗਰਸੀ ਆਗੂਆਂ ਅਤੇ ਉਹਨਾਂ ਦੀ ਪਾਰਟੀ ਨੂੰ ਸੁਆਲ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਿੱਖਾਂ ਦੇ ਕਤਲੇਆਮ ਵਿਚ ਆਪਣੀ ਪਾਰਟੀ ਦੀ ਭੂਮਿਕਾ ਤੋਂ ਇਨਕਾਰ ਕਰਨ ਲਈ ਕਿਸ ਗੱਲ ਨੇ ਮਜ਼ਬੂਰ ਕੀਤਾ ਹੈ?ਇਸ ਮੌਕੇ ਵਿਰਸਾ ਸਿੰਘ ਵਲਟੋਹਾ, ਐਨਕੇ ਸ਼ਰਮਾ, ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬੰਟੀ ਰੋਮਾਣਾ ਵੀ ਹਾਜ਼ਿਰ ਸਨ।