5 Dariya News

ਬਡੀ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਕੀਤਾ ਜਾਵੇਗਾ ਉਤਸ਼ਾਹਤ

ਪੇਂਡੂ ਖੇਡਾਂ ਅਤੇ ਪੁਸਤਕ ਮੇਲੇ ਲਾਉਣ ਲਈ ਚੁੱਕੇ ਜਾਣਗੇ ਵਿਸ਼ੇਸ਼ ਕਦਮ, ਬਡੀ ਪ੍ਰੋਗਰਾਮ ਤਹਿਤ ਸ਼ਲਾਘਾਯੋਗ ਕੰਮ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਜਾਵੇਗਾ ਸਨਮਾਨ

5 Dariya News

23-Aug-2018

ਸੂਬੇ ਵਿੱਚੋ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ 'ਤੇ ਅਧਾਰਿਤ ਬਡੀ ਪ੍ਰੋਗਰਾਮ ਸੁਰੂ ਕੀਤਾ ਗਿਆ ਹੈ ਤੇ ਇਸ ਤਹਿਤ ਵਿਦਿਆਰਥੀਆਂ ਦੀ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਸਮੂਲੀਅਤ ਯਕੀਨੀ ਬਣਾਉਣ ਅਤੇ ਵੱਧ ਤੋ ਵੱਧ ਖੇਡ ਅਤੇ ਸਭਿਆਚਾਰਕ ਗਤੀਵਿਧੀਆਂ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨਾਲ ਬਡੀ ਪ੍ਰੋਗਰਾਮ ਸਬੰਧੀ ਮੀਟਿੰਗ ਕਰਦਿਆ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 6 ਵੀ ਕਲਾਸ ਤੋ ਲੈ ਕੇ 12ਵੀ ਕਲਾਸ ਤੱਕ  ਦੇ ਪ੍ਰਤੀ ਕਲਾਸ ਪੰਜ ਪੰਜ  ਵਿਦਿਆਰਥੀਆਂ ਦੇ ਗਰੁੱਪ ਬਣਾਏ ਜਾ ਰਹੇ ਹਨ। ਜਿੰਨ੍ਹਾਂ ਨੂੰ ਬਡੀ ਕਿਹਾ ਜਾਂਦਾ ਹੈ ਇਹ ਸਾਰੇ ਕਲਾਸ ਇੰਚਾਰਜ ਦੀ ਅਗਵਾਈ ਵਿਚ ਗਤੀਵਿਧੀਆ ਕਰਦੇ ਹਨ। ਕਲਾਸ ਇੰਚਾਰਜ ਨੂੰ ਸੀਨੀਅਰ ਬਡੀ ਕਿਹਾ ਜਾਂਦਾ ਹੈ। ਬਡੀ ਪ੍ਰੋਗਰਾਮ  ਦੇ ਟੀਚਿਆਂ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਸੁਰੱਖਿਅਤ ਰੱਖਣਾ, ਗਿਆਨ ਪ੍ਰਦਾਨ ਕਰਨਾ, ਹੁਨਰ ਵਿਕਾਸ ਕਰਨਾ ਅਤੇ ਵਿਦਿਆਰਥੀਆਂ ਵਿਚ ਉਸਾਰੂ ਸੋਚ ਪੈਦਾ ਕਰਨਾ ਸ਼ਾਮਲ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸ਼ਲਾਘਾਯੋਗ ਕੰਮ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਹਦਾਇਤ ਦਿੱਤੀ ਕਿ ਖੇਡ ਵਿਭਾਗ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਖੇਡ ਮੁਕਾਬਲੇ ਕਰਵਾਏ ਜਾਣ ਅਤੇ ਪੇਂਡੂ ਖੇਡਾਂ ਕਰਵਾਉਣ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ।  ਇਸ ਤੋ ਇਲਾਵਾ ਵੱਧ ਤੋਂ ਵੱਧ ਸਭਿਆਚਾਰਕ ਗਤੀਵਿਧੀਆ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਟੇਡੀਅਮ ਅਤੇ ਹੋਰਨਾਂ ਖੁੱਲੀਆ ਥਾਵਾਂ ਤੇ ਸਕਰੀਨਾਂ ਲਗਾ ਕੇ ਫਿਲਮਾਂ ਵਿਖਾਈਆ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰਨਾਂ ਮਾੜੀਆਂ ਆਦਤਾਂ ਤੋਂ ਬਚਾਉਣ ਲਈ ਉਹਨਾਂ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨੀ ਲਾਜ਼ਮੀ ਹੈ, ਜਿਸ ਲਈ ਵੱਧ ਤੋ ਵੱਧ ਪੁਸਤਕ ਮੇਲੇ ਲਾਏ ਜਾਣੇ ਲਾਜ਼ਮੀ ਹਨ।  ਉਹਨਾ ਕਿਹਾ ਕਿ ਇਸ ਸਬੰਧੀ  ਜ਼ਿਲ੍ਹਾ ਪ੍ਰਸਾਸਨ ਵੱਲੋ ਪੂਰਨ ਸਹਿਯੋਗ ਦਿੱਤਾ ਜਾਵੇਗਾ।  ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਸਕੂਲਾਂ ਅਤੇ ਕਾਲਜਾਂ ਨੇੜੇ ਚੱਲ ਰਹੇ ਢਾਬਿਆਂ ਅਤੇ ਖਾਣ ਪੀਣ ਦੀ ਚੀਜ਼ਾ ਵਾਲੀਆ ਹੋਰਨਾ ਦੁਕਾਨਾਂ 'ਤੇ ਲਗਾਤਾਰ ਨਜ਼ਰ ਰੱਖੀ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਗਲਤ ਚੀਜ ਨਾ ਵੇਚ ਸਕੇ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ਼. ਹਿੰਮਤ ਸਿੰਘ ਹੁੰਦਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬਡੀ ਪ੍ਰੋਗਰਾਮ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਸਕੂਲਾ ਦੇ ਪ੍ਰਿੰਸੀਪਲਾ ਦੀਆਂ  ਬਲਾਕ ਵਾਈਸ ਡਿਊਟੀਆ ਲਗਾਈਆ ਗਈਆ ਹਨ। ਇਸ ਮੌਕੇ ਡਿਪਟੀ ਡੀ.ਓ. ਰਵਿੰਦਰ ਕੌਰ ਅਤੇ ਮਾਸਟਰ ਟਰੇਨਰ ਬਡੀ ਪ੍ਰੋਗਰਾਮ ਹਰਪਾਲ ਸਿੰਘ ਸਮੇਤ ਸਿਖਿਆ ਵਿਭਾਗ ਦੇ ਹੋਰ ਅਧਿਕਾਰੀ ਅਤੇ ਵੱਖ-ਵੱਖ ਸਕੂਲਾਂ ਦੇ ਮੁਖੀ ਹਾਜ਼ਰ ਸਨ।