ਜ਼ਿਲ੍ਹਾ ਪੁਲਿਸ ਵੱਲੋਂ ਰਿਆਤ ਤੇ ਬਾਹੜਾ ਕਾਲਜ ਵਿਖੇ ਨਸ਼ਿਆਂ ਅਤੇ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਖਿਲਾਫ ਜਾਗਰੂਕਤਾ ਸੈਮੀਨਾਰ
ਐਸ.ਪੀ. ਹਰੀਸ਼ ਦਿਆਮਾ ਤੇ ਡੀ.ਐਸ.ਪੀ. ਰਾਜਪਾਲ ਸਿੰਘ ਨੇ ਕੀਤਾ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ
5 Dariya News
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 25-Aug-2018
ਜ਼ਿਲ੍ਹਾ ਪੁਲਿਸ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤੇ ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਸਾਂਝ ਕੇਂਦਰ ਕਾਠਗੜ੍ਹ ਰਾਹੀਂ ‘ਰਿਆਤ ਐਂਡ ਬਾਹੜਾ ਕਾਲਜ ਵਿਖੇ ਨੁੱਕੜ ਨਾਟਕ ਰਾਹੀਂ ਨਸ਼ਿਆਂ ਅਤੇ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਖਿਲਾਫ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।ਐਸ.ਪੀ. (ਐਚ) ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਹਰੀਸ਼ ਦਿਆਮਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਜਾਗਰੂਕਤਾ ਸੈਮੀਨਾਰ ਵਿੱਚ ਕਾਲਜ ਦੇ 600 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ। ਇਸ ਸਮਾਗਮ ਵਿੱਚ ਨਹਿਰੂ ਯੁਵਾ ਕੇਂਦਰ ਦੀ ਟੀਮ ਵੱਲੋ ਨਸ਼ਿਆਂ ਅਤੇ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਦੇ ਖਿਲਾਫ ਜਾਗਰੂਕਤਾ ਪੈਦਾ ਕਰਦਾ ਨੁੱਕੜ ਨਾਟਕ ‘ਮਾਂ’ ਪੇਸ਼ ਕਰਕੇ ਕਾਲਜ ਦੇ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਖਬਰਦਾਰ ਕੀਤਾ ਗਿਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਤੋਂ ਬਚਣ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਗਿਆ। ਐਸ.ਪੀ. ਸ੍ਰੀ ਦਿਆਮਾ ਨੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾ ਕੇ ਨਸ਼ਿਆਂ ਦਾ ਸੇਵਨ ਨਾ ਕਰਨ ਬਾਰੇ ਸਾਵਧਾਨ ਕਰਕੇ ਅਜਿਹੀ ਬਿਮਾਰੀਆਂ ਨੂੰ ਸਮਾਜ ਵਿੱਚੋਂ ਖਤਮ ਕਰਨਾ ਹੈ ਅਤੇ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਵਾਲੇ ਗਲਤ ਰਸਤਿਆਂ ਤੋ ਬਚਾਉਣਾ ਹੈ। ਡੀ.ਐਸ.ਪੀ. ਬਲਾਚੌਰ ਰਾਜਪਾਲ ਸਿੰਘ ਹੁੰਦਲ ਵੱਲੋਂ ਸੈਮੀਨਾਰ ਵਿੱਚ ਹਾਜ਼ਰ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਗਈ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਨਾਲ ਜੁੜਿਆ ਜਾਵੇ ਅਤੇ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਵਿਭਾਗ ਨੂੰ ਵੱਧ ਤੋ ਵੱਧ ਸਹਿਯੋਗ ਦੇ ਕੇ ਨਸ਼ਾ ਕਰਨ ਵਾਲੇ ਜਾਂ ਵੇਚਣ ਵਾਲਿਆਂ ਦੇ ਨਾਮ ਦੱਸੇ ਜਾਣ ਤਾਂ ਜੋ ਉਨ੍ਹਾਂ ਦੇ ਖਿਲ਼ਾਫ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।
ਇਸ ਤੋ ਇਲਾਵਾ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ, ਜਿਸ ਦਾ ਇਲਾਜ ਮੁਫ਼ਤ ਕਰਵਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਟੀਮ ਨਹਿਰੂ ਯੁਵਾ ਕੇਂਦਰ ਵੱਲੋ ਖੇਡੇ ਨੁੱਕੜ ਨਾਟਕ ਦੀ ਸ਼ਲਾਘਾ ਕੀਤੀ ਗਈ ਅਤੇ ਸੈਮੀਨਾਰ ਆਯੋਜਿਤ ਕਰਨ ਲਈ ਏ.ਐਸ.ਆਈ ਪਵਨ ਕੁਮਾਰ ਇੰਚਾਰਜ ਸਾਂਝ ਕੇਂਦਰ ਬਲਾਚੌਰ, ਏ.ਐਸ.ਆਈ ਹਰਮਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਕਾਠਗੜ੍ਹ ਤੇ ਕਾਲਜ ਦੇ ਡਾਇਰੈਕਟਰ ਸੁਰੇਸ਼ ਸੇਠ ਤੇ ਹੋਰ ਪ੍ਰਬੰਧਕੀ ਸਟਾਫ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਸੈਮੀਨਾਰ ਮੌਕੇ ਸਿਹਤ ਵਿਭਾਗ ਦੇ ਨੁਮਾਇੰਦੇ ਗੁਰਪ੍ਰਸ਼ਾਦ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਨਸ਼ਾ ਕਰਨ ਵਾਲੇ ਦੇ ਲੱਛਣਾਂ ਤੇ ਬਚਾਅ ਰੱਖਣ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਕਾਲਜ ਦੇ ਪ੍ਰਬੰਧਕੀ ਸਟਾਫ ਵੱਲੋਂ ਪੁਲਿਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਭਵਿਖ ਵਿੱਚ ਕਾਲਜ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਬਾਰੇ ਵਿਸ਼ਵਾਸ਼ ਦਿਵਾਇਆ। ਉਨ੍ਹਾਂ ਵਲੋਂ ਆਏ ਹੋਏ ਮੁੱਖ ਮਹਿਮਾਨਾਂ, ਨਹਿਰੂ ਯੁਵਾ ਕੇਂਦਰ ਦੀ ਟੀਮ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਸੈਮੀਨਾਰ ਵਿੱਚ ਇੰਸਪੈਕਟਰ ਸ਼ਵਿੰਦਰ ਪਾਲ ਸਿੰਘ ਐਸ.ਐਚ.ਓ. ਕਾਠਗੜ੍ਹ, ਸਿਪਾਹੀ ਬਲਵਿੰਦਰ ਕੁਮਾਰ, ਸੁਖਦੇਵ ਸਿੰਘ, ਮਹਿਲਾ ਸਿਪਾਹੀ ਅੰਜੂ ਬਾਲਾ, ਜੋਤੀ, ਰੀਡਰ ਪਰਮਜੀਤ ਸਿੰਘ ਤੋ ਇਲਾਵਾ ਕਾਲਜ ਵੱਲੋਂ ਆਸ਼ੂਤੋਸ਼ ਤੇ ਹੋਰ ਪ੍ਰਬੰਧਕੀ ਸਟਾਫ਼, ਅਵਿੰਦਰ ਸਿੰਘ ਨਹਿਰੂ ਯੁਵਾ ਕੇਂਦਰ ਨਵਾਂਸ਼ਹਿਰ ਦੀ ਟੀਮ ਸਮੇਤ ਆਦਿ ਹਾਜ਼ਰ ਸਨ।