ਮੋਦੀ ਸਰਕਾਰ ਦੁਆਰਾ ਰਾਫੇਲ ਖ੍ਰੀਦ ਸਬੰਧੀ ਰਾਹੁਲ ਗਾਂਧੀ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਹੈ : ਅਮਰਪ੍ਰੀਤ ਸਿੰਘ ਲਾਲੀ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ
5 Dariya News
ਐਸ.ਏ.ਐਸ. ਨਗਰ (ਮੁਹਾਲੀ) 24-Aug-2018
ਕੇਂਦਰ ਦੀ ਮੋਦੀ ਸਰਕਾਰ ਦੁਆਰਾ ਰਾਫੇਲ ਖ੍ਰੀਦ ਸਬੰਧੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਉਠਾਏ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਹੈ । ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਲਾਰਾ ਦੇ ਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਦੁਆਰਾ ਕਾਂਗਰਸ ਦੇ ਸਵਾਲਾਂ ਦਾ ਜਵਾਬ ਨਾ ਦੇ ਕੇ ਭ੍ਰਿਸ਼ਟਾਚਾਰ ਨੂੰ ਹੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਕੋਲੋਂ ਸਵਾਲਾਂ ਦਾ ਜਵਾਬ ਮੰਗ ਰਹੀ ਹੈ ਪਰ ਸ੍ਰੀ ਮੋਦੀ ਰਿਲਾਇੰਸ ਇੰਡਸਟਰੀ ਦੇ ਮਾਲਿਕ ਅਨਿੱਲ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਦੀ ਖਾਤਿਰ ਦੇਸ਼ ਦੀ ਜਨਤਾ ਕੋਲੋਂ ਟੈਕਸਾਂ ਰਾਹੀਂ ਇਕੱਤਰ ਕੀਤੇ ਗਏ ਪੈਸੇ ਨੂੰ ਉਡਾ ਰਹੇ ਹਨ । ਇਹ ਗੱਲ ਅੱਜ ਇੱਥੇ ਪੰਜਾਬ ਯੂਥ ਕਾਂਗਰਸ ਦੁਆਰਾ ਰਾਫੇਲ ਖ੍ਰੀਦ ਘੁਟਾਲੇ ਦੇ ਵਿਰੋਧ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਮੀਡੀਆ ਕੋਆਰਡੀਨੇਟਰ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਪ੍ਰਗਟ ਕੀਤੇ । ਧਰਨੇ ਨੂੰ ਸੰਬੋਧਨ ਕਰਦਿਆਂ ਯੂਥ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ਉੱਤੇ ਬੁਰੀ ਤਰਾਂ ਫੇਲ ਸਾਬਿਤ ਹੋਈ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਅੰਦਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਰਾਫੇਲ ਖ੍ਰੀਦ ਸਬੰਧੀ ਕੀਤੇ ਗਏ ਸਵਾਲਾਂ ਦਾ ਤਸੱਲੀ ਬਖਸ਼ ਉੱਤਰ ਨਹੀਂ ਦੇ ਸਕੀ ਜਿਸ ਤੋਂ ਸਾਫ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਲਾਇੰਸ ਇੰਡਸਟਰੀ ਦੇ ਮਾਲਿਕ ਅਨਿੱਲ ਅੰਬਾਨੀ ਨਾਲ ਆਪਣੀ ਯਾਰੀ ਪੁਗਾਉਣ ਲਈ ਦੇਸ਼ ਦੇ ਆਮ ਲੋਕਾਂ ਨਾਲ ਖਿਲਵਾੜ ਕਰ ਰਹੇ ਹਨ । ਉਨਾਂ ਕਿਹਾ ਕਿ ਜੇਕਰ ਰਾਫੇਲ ਜਹਾਜਾਂ ਦੀ ਖ੍ਰੀਦ ਵਿੱਚ ਕੋਈ ਗੜਬੜ ਨਹੀਂ ਹੋਈ ਤਾਂ ਸ੍ਰੀ ਮੋਦੀ ਨੂੰ ਲੋਕ ਸਭਾ ਅੰਦਰ ਆਪਣਾਂ ਪੱਖ ਰੱਖਣਾਂ ਚਾਹੀਦਾ ਸੀ ਪਰ ਐਨ.ਡੀ.ਏ. ਸਰਕਾਰ ਆਪਣੀ ਇਸ ਜਿੰਮੇਵਾਰੀ ਤੋਂ ਭੱਜ ਰਹੀ ਹੈ । ਉਨਾਂ ਅੱਗੇ ਕਿਹਾ ਕਿ ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਨੂੰ ਕਾਂਗਰਸ ਪਾਰਟੀ ਦੁਆਰਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਦੇ ਸਮੁੱਚੇ ਵਿਧਾਨ ਸਭਾ ਹਲਕਿਆਂ ਅੰਦਰ ਰੋਸ ਰੈਲੀ ਕਰਕੇ ਲੋਕਾਂ ਅੰਦਰ ਮੋਦੀ ਸਰਕਾਰ ਦੀ ਪੋਲ ਖੋਲੀ ਜਾਵੇਗੀ । ਉਨਾਂ ਕਿਹਾ ਕਿ ਯੂਥ ਕਾਂਗਰਸ ਭਾਜਪਾ ਦੇ ਜਬਰ ਤੋਂ ਬਿਲਕੁਲ ਵੀ ਡਰਨ ਵਾਲੀ ਨਹੀਂ ਅਤੇ ਭਾਜਪਾ ਆਗੂਆਂ ਦਾ ਹਰ ਥਾਂ ਉੱਤੇ ਜਬਦਸਤ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਤੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਸ੍ਰੀ ਹੇਮੰਤ ਓਗਲੇ, ਜਨ ਸਕੱਤਰ ਜਸਵਿੰਦਰ ਜੱਸੀ, ਮੋਹਿਤ ਮੋਹਿੰਦਰਾ, ਹਰਿੰਦਰ ਸਿੰਘ ਜੌਨੀ, ਜੱਸੀ ਬੱਲੋ ਮਾਜਰਾ, ਰਮਨਦੀਪ ਸਿੰਘ ਸਫੀਪੁਰ, ਗੁਰਿੰਦਰ ਸਿੰਘ ਖਟੜਾ, ਗੁਰਵਿੰਦਰ ਸਿੰਘ ਨਡਿਆਲੀ, ਅਮਰਜੀਤ ਸਿੰਘ ਮੋਨੀ, ਬਲਜੀਤ ਸਿੰਘ ਠਸਕਾ, ਹੈਪੀ ਜੁਝਾਰਨਗਰ, ਲੱਕੀ ਰਾਣਾ ਬਹਿਲੋਲਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਕਾਂਗਰਸੀ ਹਾਜਰ ਸਨ ।