5 Dariya News

ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਲਕੇ ਦੀਆਂ ਤਿੰਨ ਲਿੰਕ ਸੜਕਾਂ ਦੀ 78 ਲੱਖ 43 ਹਜਾਰ ਦੀ ਲਾਗਤ ਨਾਲ ਸਪੈਸ਼ਲ ਮੁਰੰਮਤ ਸ਼ੁਰੂ ਕਰਵਾਈ

ਵਿਧਾਇਕ ਨੇ ਪਿੰਡਾਂ ਦੇ ਲੋਕਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਦੀ ਸਫਲਤਾ ਲਈ ਉਸਾਰੂ ਯੋਗਦਾਨ ਪਾਉਣ ਦੀ ਕੀਤੀ ਅਪੀਲ

5 Dariya News

ਫ਼ਤਹਿਗੜ੍ਹ ਸਾਹਿਬ 23-Aug-2018

ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ  ਕੁਲਜੀਤ ਸਿੰਘ ਨਾਗਰਾ ਨੇ 78 ਲੱਖ 43 ਹਜਾਰ ਰੁਪਏ ਦੀ ਲਾਗਤ ਨਾਲ ਜੀ.ਟੀ. ਰੋਡ ਤੋਂ ਸਰਹਿੰਦ ਵਾਇਆ ਖਾਨਪੁਰ ਨੂੰ ਜਾਂਦੀ 3.41 ਕਿਲੋਮੀਟਰ ਸੜਕ ਦੀ 50 ਲੱਖ ਰੁਪਏ ਨਾਲ, ਪਿੰਡ ਹਰਬੰਸਪੁਰਾ ਤੋਂ ਮਾਜਰੀ ਅਜ਼ੀਮ ਨੂੰ ਜਾਂਦੀ 1.13 ਕਿਲੋਮੀਟਰ ਲੰਮੀ ਸੜਕ ਦੀ 16 ਲੱਖ ਰੁਪਏ ਦੀ ਲਾਗਤ ਨਾਲ ਅਤੇ ਬਾਗ ਸਿਕੰਦਰ ਤੋਂ ਜੰਡਾਲੀ ਨੂੰ ਜਾਂਦੀ 1.040 ਕਿਲੋਮੀਟਰ ਸੜਕ ਦੀ 12 ਲੱਖ 43 ਹਜਾਰ ਰੁਪਏ ਦੀ ਲਾਗਤ ਨਾਲ ਸਪੈਸ਼ਲ ਮੁਰੰਮਤ ਸ਼ੁਰੂ ਕਰਵਾਈ। ਇਸ ਮੌਕੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ. ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਦਿਹਾਤੀ ਖੇਤਰ ਦੇ ਲੋਕਾਂ ਨੂੰ ਆਵਾਜਾਈ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਹ ਸੜਕਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਦੇ ਸਮੇਂ ਬਣੀਆਂ ਸਨ ਅਤੇ ਉਸ ਤੋਂ ਬਾਅਦ ਪਿਛਲੇ 10 ਸਾਲਾਂ ਤੋਂ ਇਨ੍ਹਾਂ ਸੜਕਾਂ ਦੀ ਕਿਸੇ ਨੇ ਸਾਰ ਨਹੀਂ ਲਈ ਜਦੋਂ ਕਿ ਹਲਕੇ ਦੇ ਲੋਕ ਲੰਮੇਂ ਸਮੇਂ ਤੋਂ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਮੰਗ ਕਰਦੇ ਆ ਰਹੇ ਸਨ। ਸ. ਨਾਗਰਾ ਨੇ ਕਿਹਾ ਕਿ ਕੈਪਟਨ ਸਰਕਾਰ ਰਾਜ ਦੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਸਕੀਮਾਂ ਬਣਾ ਰਹੀ ਹੈ ਤਾਂ ਜੋ ਰਾਜ ਦੇ ਸਾਰੇ ਵਰਗਾਂ ਦੇ ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਤੇ ਇਤਿਹਾਸਕ ਧਰਤੀ ਦੇ ਵਿਕਾਸ ਲਈ ਹਮੇਸ਼ਾਂ ਅਹਿਮ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਹੈ ਅਤੇ ਹੁਣ ਵੀ ਜਿਥੇ ਉਨ੍ਹਾਂ ਫਤਹਿਗੜ੍ਹ ਸਾਹਿਬ ਵਿਖੇ ਆਪਣੀ ਪਹਿਲੀ ਫੇਰੀ ਦੌਰਾਨ ਇਸ ਹਲਕੇ ਲਈ ਕਈ ਅਹਿਮ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਉਥੇ ਹੀ ਆਮ ਖਾਸ ਬਾਗ ਸਰਹਿੰਦ ਨੂੰ ਵੀ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। 

ਉਨ੍ਹਾਂ ਕਿਹਾ ਕਿ ਆਮ ਖਾਸ ਬਾਗ ਦਾ ਕੰਮ ਪੂਰਾ ਹੋਣ ਉਪਰੰਤ ਇਹ ਜਗ੍ਹਾ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। ਜਿਥੇ ਕਿ ਦੇਸ਼ ਵਿਦੇਸ਼ ਤੋਂ ਸੈਲਾਨੀ ਇਸ ਇਤਿਹਾਸਕ ਤੇ ਪਵਿੱਤਰ ਧਰਤੀ ਦੇ ਇਤਹਾਸ ਤੋਂ ਜਾਣੂ ਹੋ ਸਕਣਗੇ। ਵਿਧਾਇਕ ਨਾਗਰਾ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਵਿੱਚ ਆਪਣਾ ਉਸਾਰੂ ਯੋਗਦਾਨ ਪਾਉਣ ਤਾਂ ਜੋ ਸਾਡਾ ਵਾਤਾਵਰਣ ਸਵੱਛ ਤੇ ਪ੍ਰਦੂਸ਼ਣ ਮੁਕਤ ਬਣਿਆਂ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਅਤੇ ਦਿਨੋਂ ਦਿਨ ਧਰਤੀ ਹੇਠਲੇ ਪਾਣੀ ਦਾ  ਹੇਠਾਂ ਜਾ ਰਿਹਾ ਪੱਧਰ ਸਾਡੇ ਸਾਰਿਆਂ ਲਈ ਇੱਕ ਗੰਭੀਰ ਸਮੱਸਿਆ ਹੈ ਅਤੇ ਜੇਕਰ ਅਸੀਂ ਹੁਣ ਤੋਂ ਹੀ ਇਸ ਨੂੰ ਰੋਕਣ ਲਈ ਉਪਰਾਲੇ ਸ਼ੁਰੂ ਨਾ ਕੀਤੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ  ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਹਰੇਕ ਵਰਗ ਦੇ ਲੋਕ ਮੋਹਰੀ ਹੋ ਕੇ ਇਸ ਵਿੱਚ ਆਪਣਾ ਸਹਿਯੋਗ ਪਾਉਣ। ਇਸ ਮੌਕੇ ਐੱਸ.ਡੀ.ਓ ਮਨਦੀਪ ਸਿੰਘ, ਸਹਾਇਕ ਇੰਜਨੀਅਰ ਸੁਰਜਨ ਸਿੰਘ, ਜੂਨੀਅਰ ਇੰਜਨੀਅਰ ਦਲਜੀਤ ਮਸੀਹ, ਖੁਸ਼ਪਾਲ ਸਿੰਘ, ਰਣਜੀਤ ਸਿੰਘ ਸੋਢੀ, ਸੁਰਿੰਦਰ ਸਿੰਘ, ਕੁਲਵੰਤ ਸਿੰਘ,ਪ੍ਰਿੰਥਵੀਪਾਲ ਸਿੰਘ, ਸੁਰਮੁੱਖ ਸਿੰਘ ਗਿੱਲ, ਗੁਰਪ੍ਰੀਤ ਸਿੰਘ,ਹਰਦੇਵ ਸਿੰਘ, ਸੁਰਿੰਦਰ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਨਾਗਰਾ, ਗੁਰਮੀਤ ਸਿੰਘ, ਸੁਖਵੰਤ ਸਿੰਘ,ਹਰੀ ਸਿੰਘ, ਬਲਜਿੰਦਰ ਸਿੰਘ, ਰਾਜਿੰਦਰ ਸਿੰਘ, ਗੁਰਨਾਮ ਸਿੰਘ, ਕੁਲਵੰਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।