5 Dariya News

ਸਾਲ ੨੦੧੯ ਤੱਕ ਲਾਏ ਜਾਣਗੇ ੫ ਲੱਖ ੫੦ ਹਜ਼ਾਰ ਬੂਟੇ

ਦੂਸਰੀ ਖੇਪ ਸਹਾਰਨਪੁਰ ਤੋਂ ਪੁੱਜੀ- ਦੇਸ਼ ਦੀਆਂ ਹੋਰ ਨਰਸਰੀਆਂ ਤੋਂ ਲਿਆਂਦੇ ਜਾਣਗੇ ਬੂਟੇ

5 Dariya News

ਸੁਲਤਾਨਪੁਰ ਲੋਧੀ 21-Aug-2018

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ ੨੦੧੯ ਵਿੱਚ ਆ ਰਹੇ ੫੫੦ ਵੇਂ ਪ੍ਰਕਾਸ਼ ਪੁਰਬ ਤੱਕ ੫ ਲੱਖ ੫੦ ਹਜ਼ਾਰ ਬੂਟੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਲਾਏ ਜਾਣਗੇ।ਇੰਨ੍ਹਾਂ ਬੂਟਿਆਂ ਨੂੰ ਦੇਸ਼ ਦੀਆਂ ਵੱਖ-ਵੱਖ ਨਰਸਰੀਆਂ ਤੋਂ ਮੁੱਲ ਖ੍ਰੀਦਿਆ ਜਾਵੇਗਾ।ਬੂਟਿਆਂ ਦੀ ਪਹਿਲੀ ਖੇਪ ਇੱਥੇ ਪਹੁੰਚ ਗਈ ਹੈ ਜਿਸ ਵਿੱਚ ੪੬ ਕਿਸਮਾਂ ਦੇ ਬੂਟੇ ਦੱਸੇ ਜਾ ਰਹੇ ਹਨ। ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਇੰਗਲੈਂਡ ਜਾਣ ਸਮੇਂ ਇਹ ਹਦਾਇਤਾਂ ਕੀਤੀਆਂ ਸਨ ਕਿ ੫੫੦ ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ੫ ਲੱਖ ੫੦ ਹਜ਼ਾਰ ਬੂਟੇ ਲਗਾਏ ਜਾਣੇ ਹਨ । ਬੂਟਿਆਂ ਦਾ ਇੰਤਜ਼ਾਮ ਕਰਨ ਲਈ ਦੇਸ਼ ਦੀਆਂ ਪ੍ਰਮੁੱਖ ਨਰਸਰੀਆਂ ਬਾਰੇ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ ਜਿੱਥੋਂ ਵਧੀਆਂ ਨਸਲਾਂ ਦੇ ਬੂਟੇ ਮਿਲ ਸਕਣ।ਉਨ੍ਹਾਂ ਦੱਸਿਆ ਕਿ ਸਹਾਰਨਪੁਰ ਦੀ ਨਰਸਰੀ ਵਿੱਚੋਂ ੧੬੦੦੦ ਬੂਟੇ ਲਿਆਂਦੇ ਗਏ ਹਨ।੧੩ ਹਜ਼ਾਰ ਬੂਟਾ ਲਿਆ ਕੇ ਸੰਤ ਸੀਚੇਵਾਲ ਜੀ ਨੇ ਇਸ ਮੁੰਹਿਮ ਦੀ ਸ਼ੁਰੂਆਤ ਕੀਤੀ ਸੀ। ਸਾਲ ਭਰ ਚੱਲਣ ਵਾਲੇ ਸਮਾਗਮਾਂ ਦੌਰਾਨ ਬੂਟੇ ਲਗਾਉਣ ਤੇ ਸੰਭਾਲਣ ਵੱਲ ਜ਼ੋਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਜੀ ਵੱਲੋਂ 'ਆਪਣਾ ਪਿੰਡ ਅਪਣਾਓ-ਪੰਜਾਬ ਬਚਾਓ' ਦਾ ਜੋ ਸੱਦਾ ਦਿੱਤਾ ਹੈ ਉਸ ਦਾ ਪਿੰਡਾਂ ਵਾਲਿਆਂ ਵਲੋਂ ਹੁੰਗਾਰਾ ਭਰਿਆ ਜਾ ਰਿਹਾ ਹੈ।ਸੰਤ ਸੀਚੇਵਾਲ ਪੰਜਾਬ ਦੇ ਹਰ ਪਿੰਡ ਵਿੱਚ ੫੫੦ ਬੂਟੇ ਲਗਾਉਣ ਦਾ ਸੁਨੇਹਾ ਦੇ ਰਹੇ ਹਨ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਸਭ ਤੋਂ ਵੱਧ ਬੂਟੇ ਵੰਡੇ ਗਏ ਹਨ। ਪਿੱਛਲੇ ੧੮ ਸਾਲਾਂ ਦੌਰਾਨ ਹੁਣ ਤੱਕ ਨਿਰਮਲ ਕੁਟੀਆ ਸੀਚੇਵਾਲ, ਸੁਲਤਾਨਪੁਰ ਲੋਧੀ ਤੇ ਨਿਰਮਲ ਕੁਟੀਆ ਸੋਹਲ ਖਾਲਸਾ ਵਿਖੇ ਸਥਾਪਤ ਨਰਸਰੀਆਂ ਤੋਂ ਹੁਣ ਤੱਕ ੨੧ ਲੱਖ ਬੂਟੇ ਵੰਡੇ ਅਤੇ ਲਾਏ ਗਏ ਹਨ।ਉਨ੍ਹਾਂ ਕਿਹਾ ਬੂਟੇ ਲੱਗਣਗੇ ਤਦ ਹੀ ਪੰਜਾਬ ਬਚੇਗਾ ਤੇ ਵਾਤਾਵਰਣ ਦਾ ਵਿਗੜਿਆ ਹੋਇਆ ਸੰਤੁਲਨ ਕਾਇਮ ਹੋਵੇਗਾ। ਵੱਡੀ ਪੱਧਰ 'ਤੇ ਬੂਟੇ ਲੱਗਣ ਨਾਲ ਮੀਂਹ ਜ਼ਿਆਦਾ ਪੈਣਗੇ ਤੇ ਹੜ੍ਹ ਘੱਟ ਆਉਣਗੇ। ਪੰਜਾਬ ਦੀ ਕਿਸਾਨੀ ਵੀ ਤਦ ਹੀ ਬਚੇਗੀ ਜਦੋਂ ਨਿਯਮਤ ਮੀਂਹ ਪੈਣ ਤੇ ਤਪਸ਼ ਫਸਲਾਂ ਦੇ ਅਨੁਕੂਲ ਹੋਵੇ। ਇਹ ਸਾਰਾ ਕੁਝ ਬੂਟੇ ਲਗਾਉਣ ਤੇ ਉਨ੍ਹਾਂ ਨੂੰ ਸੰਭਾਲਣ ਨਾਲ ਸੰਭਵ ਹੋ ਸਕਦਾ।