5 Dariya News

'ਆਈ-ਹਰਿਆਲੀ' ਐਪ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ : ਸਾਧੂ ਸਿੰਘ ਧਰਮਸੋਤ

ਬੂਟੇ ਹਾਸਲ ਕਰਨ ਲਈ ਹੁਣ ਤੱਕ 3 ਲੱਖ 25 ਹਜ਼ਾਰ ਆਡਰ ਹੋਏ ਬੁੱਕ, 13 ਲੱਖ ਤੋਂ ਵੱਧ ਬੂਟੇ ਐਪ ਰਾਹੀਂ ਕੀਤੇ ਗਏ ਸਪਲਾਈ

5 Dariya News

ਚੰਡੀਗੜ੍ਹ 19-Aug-2018

ਪੰਜਾਬ ਪਹਿਲਾ ਸੂਬਾ ਹੈ ਜਿਸਨੇ ਆਪਣੇ ਨਾਗਰਿਕਾਂ ਨੂੰ ਆਪਣੀ ਪਸੰਦ ਦੇ ਬੂਟੇ ਮੁਫ਼ਤ ਹਾਸਲ ਕਰਨ ਲਈ ਐਂਡਰਾਇਡ ਮੋਬਾਈਲ ਐਪ 'ਆਈ ਹਰਿਆਲੀ' ਸ਼ੁਰੂ ਕੀਤੀ ਹੈ, ਜੋ ਸਫ਼ਲਤਾਪੂਰਬਕ ਨਿਰੰਤਰ ਆਪਣਾ ਕਾਰਜ ਕਰ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ 'ਆਈ-ਹਰਿਆਲੀ' ਐਪ ਰਾਹੀਂ ਬੂਟੇ ਹਾਸਲ ਕਰਨ ਲਈ ਹੁਣ ਤੱਕ ਸੂਬੇ ਦੇ 3 ਲੱਖ 25 ਹਜ਼ਾਰ ਆਡਰ ਆਨ ਲਾਈਨ ਬੁੱਕ ਹੋ ਚੁੱਕੇ ਹਨ ਜਦ ਕਿ 3 ਲੱਖ ਤੋਂ ਵੱਧ ਨਾਗਰਿਕ ਆਪਣੇ ਐਂਡਰਾਇਡ ਫੋਨਾਂ ਰਾਹੀਂ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਐਪ ਰਾਹੀਂ ਹੁਣ ਤੱਕ 13 ਲੱਖ ਬੂਟੇ ਸਬੰਧਤਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 'ਘਰ-ਘਰ ਹਰਿਆਲੀ' ਮੁਹਿੰਮ ਅਤੇ 'ਆਈ ਹਰਿਆਲੀ' ਐਪ ਰਾਹੀਂ ਕੁੱਲ ਮਿਲਾ ਕੇ 32 ਲੱਖ ਤੋਂ ਵੱਧ ਬੂਟੇ ਸੂਬੇ ਦੇ ਲੋਕਾਂ ਨੂੰ ਮੁਫ਼ਤ ਸਪਲਾਈ ਕੀਤੇ ਜਾ ਚੁੱਕੇ ਹਨ। ਜੰਗਲਾਤ ਮੰਤਰੀ ਨੇ ਦੱਸਿਆ ਕਿ ਐਪਲ ਆਈ ਫੋਨ ਵਰਤ ਰਹੇ ਸੂਬੇ ਦੇ ਨਾਗਰਿਕਾਂ ਲਈ 'ਆਈ.ਓ.ਐਸ. ਐਪ' ਸਬੰਧੀ ਸਮੁੱਚੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਜਲਦ ਹੀ 'ਆਈ.ਓ.ਐਸ. ਐਪ' ਲਾਂਚ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 'ਆਈ.ਓ.ਐਸ. ਐਪ' ਜਾਰੀ ਹੋਣ ਮਗਰੋਂ ਐਪਲ ਫੋਨ ਵਰਤ ਰਹੇ ਨਾਗਰਿਕ ਵੀ 'ਆਈ ਹਰਿਆਲੀ' ਐਪ ਡਾਊਨਲੋਡ ਕਰਕੇ ਆਪਣੀ ਪਸੰਦ ਦੇ ਬੂਟੇ ਬੁੱਕ ਕਰ ਸਕਣਗੇ ਅਤੇ ਹਰਿਆਲੀ ਵਧਾਉਣ 'ਚ ਆਪਣਾ ਯੋਗਦਾਨ ਪਾ ਸਕਣਗੇ। ਧਰਮਸੋਤ ਨੇ ਬੂਟੇ ਵੰਡਣ ਤੇ ਬੂਟੇ ਹਾਸਲ ਕਰਨ ਦੇ ਨਾਲ-ਨਾਲ ਬੂਟਿਆਂ ਦੀ ਸੰਭਾਲ ਕਰਨ 'ਤੇ ਵੀ ਜ਼ੋਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਮ ਦਿਨ ਜਾਂ ਹੋਰ ਅਹਿਮ ਮੌਕਿਆਂ ਉਤੇ ਬੂਟੇ ਲਾਉਣ ਤੇ ਵੰਡਣ ਨੂੰ ਤਰਜੀਹ ਦੇਣ। ਧਰਮਸੋਤ ਨੇ ਦੱਸਿਆ ਕਿ ਫਾਰੈਸਟ ਸਰਵੇ ਆਫ ਇੰਡੀਆ-2017 ਦੀ ਰਿਪੋਰਟ ਅਨੁਸਾਰ ਪੰਜਾਬ 'ਚ ਵਣਾਂ ਅਤੇ ਵਣਾਂ ਤੋਂ ਬਾਹਰ ਰੁੱਖਾਂ ਹੇਠ 35, 583 ਏਕੜ ਦੇ ਰਕਬੇ ਦਾ ਵਾਧਾ ਦਰਜ ਕੀਤਾ ਗਿਆ ਹੈ ਜੋਕਿ ਖ਼ੁਸ਼ੀ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਲੋਕਾਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕਰਨ ਹਿੱਤ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤੱਕ ਪਹੁੰਚ ਜਾ ਰਹੀ ਹੈ। ਉਨ੍ਹਾਂ ਨੇ ਆਮ ਲੋਕਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਈਕੋ ਤੇ ਯੂਥ ਕਲੱਬਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਮਨੁੱਖਤਾ ਦੇ ਭਲਾਈ ਵਾਲੇ ਇਸ ਕਾਰਜ 'ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।