5 Dariya News

ਮੁੱਖ ਮੰਤਰੀ ਪੰਜਾਬ ਵੱਲੋਂ ਲਖਣਪੁਰ ਵਿਖੇ ਦੀਵਾਰ ਡਿੱਗਣ ਨਾਲ 6 ਮਜਦੂਰਾਂ ਦੀ ਹੋਈ ਮੌਤ 'ਤੇ ਡੁੰਘੇ ਦੁੱਖ ਦਾ ਪ੍ਰਗਟਾਵਾ

ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਤੇ ਐਸ.ਐਸ.ਪੀ. ਅਲਕਾ ਮੀਨਾ ਨੇ ਮੌਕੇ 'ਤੇ ਪਹੁੰਚ ਕੇ ਲਿਆ ਜਾਇਜਾ

5 Dariya News

ਖਮਾਣੋਂ/ਫ਼ਤਹਿਗੜ੍ਹ ਸਾਹਿਬ 19-Aug-2018

ਸਬ ਡਵੀਜ਼ਨ ਖਮਾਣੋਂ ਦੇ ਪਿੰਡ ਲੱਖਣਪੁਰ ਵਿਖੇ ਹੋਏ ਦਰਦਨਾਕ ਹਾਦਸੇ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਮੌਕੇ ਦਾ ਜਾਇਜਾ ਲਿਆ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦਰਦਨਾਕ ਘਟਨਾ ਵਿੱਚ ਮ੍ਰਿਤਕ ਮਜਦੂਰਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖਮੀਆਂ ਦਾ ਇਲਾਜ ਚੰਡੀਗੜ੍ਹ ਦੇ ਸੈਕਟਰ 32 ਵਿਖੇ ਸਥਿਤ ਸਰਕਾਰੀ ਹਸਪਤਾਲ ਵਿੱਚ ਸਰਕਾਰ ਵੱਲੋਂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਧਾਰਾ 304 ਅਧੀਨ ਮੁਕੱਦਮਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਵਿੱਚ ਦੋਸ਼ੀ ਪਾਏ ਵਿਅਕਤੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕ ਨਿਰਮਾਣ ਵਿਭਾਗ ਤੋਂ ਵੀ ਤਕਨੀਕੀ ਜਾਂਚ ਰਿਪੋਰਟ ਮੰਗੀ ਹੈ। ਵਰਨਣਯੋਗ ਹੈ ਕਿ ਪਿੰਡ ਲਖਣਪੁਰ ਵਿਖੇ ਬਣ ਰਹੇ ਨਵੇਂ ਸ਼ੈਲਰ ਦੀ ਸਵੇਰੇ 11:00 ਵਜੇ ਅਚਾਨਕ ਇੱਕ ਦੀਵਾਰ ਗਿਰਨ ਨਾਲ ਉਥੇ ਕੰਮ ਕਰ ਰਹੇ 16 ਮਜਦੂਰਾਂ ਵਿੱਚੋਂ 5 ਮਜਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ 6 ਮਜਦੂਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਮੌਕੇ 'ਤੇ ਪਹੁੰਚੇ ਖਮਾਣੋਂ ਦੇ ਐਸ.ਐਮ.ਓ. ਡਾ. ਨਰੇਸ਼ ਕੁਮਾਰ, ਉਨ੍ਹਾਂ ਦੀ ਟੀਮ ਅਤੇ ਐਸ.ਐਚ.ਓ. ਖਮਾਣੋਂ ਨਵਦੀਪ ਸਿੰਘ ਨੇ ਮਲਵੇ ਵਿੱਚ ਦਬੇ ਮਜਦੂਰਾਂ ਨੂੰ ਕੱਢਿਆ ਅਤੇ ਜਖ਼ਮੀ ਹੋਏ ਮਜਦੂਰਾਂ ਨੂੰ ਮੁਢਲੀ ਸਹਾਇਤਾ ਦੇ ਕੇ ਇਲਾਜ ਲਈ ਚੰਡੀਗੜ੍ਹ ਸਥਿਤ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ। 

ਜਦੋਂ ਕਿ ਇੱਕ ਮਜਦੂਰ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ। ਇਸ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਤੇ 5 ਮਜਦੂਰ ਚੰਡੀਗੜ੍ਹ ਦੇ ਸੈਕਟਰ 32 ਵਿਖੇ ਸਥਿਤ ਸਰਕਾਰੀ ਹਸਪਤਾਲ ਵਿੱਚ ਜੇਰਏਇਲਾਜ ਹਨ। ਇਥੇ ਵਰਨਣਯੋਗ ਹੈ ਕਿ ਕੰਮ ਕਰ ਰਹੇ 16 ਮਜਦੂਰਾਂ ਵਿੱਚੋਂ 5 ਮਜਦੂਰਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।ਵਰਨਣਯੋਗ ਹੈ ਕਿ ਪਿੰਡ ਲਖਣਪੁਰ ਵਿਖੇ ਬਣ ਰਹੇ ਸ਼ੈਲਰ ਦੀ ਦੀਵਾਰ ਡਿੱਗਣ ਨਾਲ ਜਗਜੀਤ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਲਖਣਪੁਰ, ਮਨਜੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਲਖਣਪੁਰ, ਰਮੇਸ਼ਵਰ ਮੁਖੀਆ ਪੁੱਤਰ ਰਾਜ ਕੁਮਾਰ ਮੁਖੀਆ (ਪ੍ਰਵਾਸੀ ਮਜਦੂਰ) ਜੋ ਕਿ ਕਾਫੀ ਸਮੇਂ ਤੋਂ ਪਿੰਡ ਫਰੋਰ ਵਿਖੇ ਰਹਿੰਦਾ ਸੀ,ਰਣਬੀਰ ਸਿੰਘ ਵਾਸੀ ਧੂਰੀ, ਹਰਪ੍ਰੀਤ ਸਿੰਘ ਵਾਸੀ ਮਾਨਾਵਾਲਾ (ਧੂਰੀ) ਅਤੇ ਰਘਬੀਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਫਰੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਰਘਵੀਰ ਸਿੰਘ ਪੁੱਤਰ ਮੇਵਾ ਸਿੰਘ ਦੀ ਹਸਪਤਾਲ ਜਾਂਦੇ ਹੋਏ ਰਸਤੇ ਵਿੱਚ ਹੀ ਮੌਤ ਹੋ ਗਈ।ਜਖ਼ਮੀਆਂ ਵਿੱਚ ਜਸਵੀਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਫਰੋਰ, ਹਰਭਜਨ ਸਿੰਘ ਪੁੱਤਰ ਅਮਰ ਸਿੰਘ ਵਾਸੀ ਫਰੋਰ, ਲਖਵੀਰ ਸਿੰਘ ਪੁੱਤਰ ਬਹਾਦਰ ਸਿੰਘ ਧੂਰੀ, ਮੱਖਣ ਸਿੰਘ ਪੁੱਤਰ ਭੋਲਾ ਸਿੰਘ ਗਗੜਪੁਰ ਅਤੇ ਕੁਲਵੰਤ ਸਿੰਘ ਪੁੱਤਰ ਪਹਿਲਵਾਨ ਸਿੰਘ ਧੂਰੀ ਦੇ ਨਾਮ ਸ਼ਾਮਲ ਹਨ।ਇਸ ਮੌਕੇ ਐਸ.ਡੀ.ਐਮ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ। ਇਸ ਮੌਕੇ ਐਸ.ਪੀ. (ਜਾਂਚ) ਸ. ਹਰਪਾਲ ਸਿੰਘ, ਏ.ਐਸ.ਪੀ. ਸ. ਨਵਨੀਤ ਬੈਂਸ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। !