5 Dariya News

ਝੋਨੇ/ਬਾਸਮਤੀ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਿਫਾਰਸ਼ਾਂ ਤੋਂ ਵੱਧ ਯੂਰੀਆ ਨਾਂ ਵਰਤੋ : ਡਾ ਅਮਰੀਕ ਸਿੰਘ

“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਇਸਲਾਮਪੁਰ ਵਿੱਚ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ

5 Dariya News

ਪਠਾਨਕੋਟ 19-Aug-2018

ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਦੇ ਪਿੰਡ ਇਸਲਾਮਪੁਰ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ। ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਦੇ ਪ੍ਰਬੰਧਾਂ ਹੇਠ ਲਗਾਏ ਇਸ ਜਾਗਰੁਕਤਾ ਕੈਂਪ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ। ਇਸ ਮੌਕੇ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਸੁਭਾਸ ਚੰਦਰ ਖੇਤੀ ਵਿਸਥਾਰ ਅਫਸਰ, ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਅਮਨਦੀਪ ਸਿੰਘ, ਉੱਤਮ ਚੰਦ, ਬਲਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਇਕੱਤਰ ਕਿਸਾਨਾਂ ਨੂੰ ਸੰਬੋਧਨ  ਸੰਬਧਿਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਿਫਾਰਸ਼ਸ਼ੁਦਾ ਮਿਕਦਾਰ ਤੋਂ ਵਧੇਰੇ ਯੂਰੀਆ ਖਾਦ ਦੀ ਵਰਤੋਂ ਕਰਨ ਨਾਲ ਝੋਨੇ ਦੀ ਫਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵਧਦਾ ਹੈ ਜਿਸ ਨਾਲ ਖੇਤੀ ਲਾਗਤ ਖਰਚੇ ਵਧਣ ਦੇ ਨਾਲ ਨਾਲ ਹਵਾ ਪਾਣੀ ਉਤੇ ਮਿੱਟੀ ਦਾ ਪ੍ਰਦੂਸ਼ਣ ਵਧਦਾ ਹੈ। ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਨੀਮਕੋਟਡ ਯੂਰੀਆ 90 ਕਿਲੋ ਪ੍ਰਤੀ ਏਕੜ ਅਤੇ ਬਾਸਮਤੀ ਨੂੰ 36 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਯੂਰੀਆ ਖਾਦ ਝੋਨੇ ਦੀ ਲਵਾਈ ਤੋਂ 45 ਦਿਨਾਂ ਦੇ ਅੰਦਰ ਅੰਦਰ ਪਾ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜ਼ਿੰਕ ਸਲਫੇਟ ਖਾਦ ਦੀ ਵਰਤੋਂ ਤਾਂ ਹੀ ਕਰੋ, ਜੇਕਰ ਫਸਲ ਵਿੱਚ ਜ਼ਿੰਕ ਸਲਫੇਟ ਦੀ ਘਾਟ ਦਿਖਾਈ ਦਵੇ।ਉਨਾਂ ਕਿਹਾ ਕਿ ਰੇਤਲੀਆਂ ਅਤੇ ਉੱਚੀਆ ਜ਼ਮੀਨਾਂ ਵਿੱਚ ਕਾਸਤ ਕੀਤੇ ਝੋਨੇ ਦੀ ਫਸਲ ਵਿੱਚ ਖੁਰਾਕੀ ਤੱਤ ਲੋਹੇ ਦੀ ਘਾਟ ਆ ਜਾਂਦੀ ਹੈ। 

ਉਨਾਂ ਕਿਹਾ ਕਿ ਜੇਕਰ ਲੋਹੇ ਦੀ ਘਾਟ ਆਵੇ ਤਾਂ ਇੱਕ ਕਿਲੋ ਫੈਰਿਸ ਸਲਫੇਟ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰਨਾ ਚਾਹੀਦਾ।ਉਨਾਂ ਕਿਹਾ ਕਿ ਫਸਲਾਂ ਤੋਂ ਲਾਹੇਵੰਦ ਝਾੜ ਲੈਣ ਲਈ ਖਾਦਾਂ ਦੀ ਸਹੀ ਮਾਤਰਾ ਵਿੱਚ ਉਚਿਤ ਸਮੇਂ ਤੇ ਅਤੇ ਯੋਗ ਢੰਗ ਨਾਲ ਵਰਤੋ ਜਰੂਰੀ ਹੈ।ਉਨਾਂ ਕਿਹਾ ਕਿ ਬਾਸਮਤੀ ਦੀ ਮਿਆਰੀ ਪੈਦਾਵਾਰ ਲੈਣ ਲਈ ਪੰਜ ਕੀਟਨਾਸ਼ਕਾਂ ਟ੍ਰਾਈਸਾਈਕਲਾਜ਼ੋਲ, ਕਾਰਬੈਂਡਾਜ਼ਿਮ, ਐਸੀਫੇਟ, ਥਾਈਮੀਥੌਕਸਮ, ਟ੍ਰਾਈਜ਼ੋਫਾਸ ਦੀ ਵਰਤੋਂ ਬਾਸਮਤੀ ਦੀ ਫਸਲ ਉੱਪਰ ਨਹੀਂ ਕਰਨੀ ਚਾਹੀਦੀ।ਉਨਾਂ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਉੱਪਰ ਕੀਟਨਾਸ਼ਕਾਂ ਦਾ ਪ੍ਰਯੋਗ ਜ਼ਰੂਰਤ ਅਨੁਸਾਰ ਹੀ ਕਰਨਾ ਚਾਹੀਦਾ।ਡਾ. ਮਨਦੀਪ ਕੌਰ ਨੇ ਕਿਹਾ ਕਿ  ਖਾਦਾਂ ਦੀ ਵਰਤੋ ਭੋ ਸਿਹਤ ਕਾਰਡ ਦੇ ਆਧਾਰ ਤੇ ਕਰਨਾ ਉਚਿਤ ਹੈ। ਉਨਾਂ ਕਿਹਾ ਕਿ ਭੌਂ ਪਰਖ ਨਾਲ ਭੂਮੀ ਦੀ ਉਪਜਾਊ ਸ਼ਕਤੀ ਅਤੇ ਸਿਹਤ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਸੰਤੁਲਿਤ ਖਾਦਾਂ ਦੀ ਵਰਤੋਂ ਨਾਲ ਉਪਜ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਭੂਮੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ। ਉਨਾਂ ਕਿਹਾ ਕਿ ਮਿੱਟੀ ਪਰਖ ਕਰਵਾਉਣ ਨਾਲ ਕਲਰਾਠੀਆਂ ਜਮੀਨ ਵਿੱਚ ਸੁਧਾਰ ਕਰਨ ਅਤੇ ਫਸਲਾਂ ਦੀ ਸਹੀ ਚੋਣ ਕਰਨ ਵਿੱਚ ਮਦਦ ਵੀ ਮਿਲਦੀ ਹੈ। ਸ਼੍ਰੀ ਗੁਰਦਿੱਤ ਸਿੰਘ ਨੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦਿੱਤੀ।