5 Dariya News

ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਆਈ.ਟੀ.ਆਈਜ. ਦੇ ਤਿੰਨ ਅਧਿਆਪਕਾਂ ਦਾ ਹਰ ਵਰ੍ਹੇ ਹੋਵੇਗਾ ਸਟੇਟ ਐਵਾਰਡ ਨਾਲ ਸਨਮਾਨ- ਚਰਨਜੀਤ ਸਿੰਘ ਚੰਨੀ

ਸਨਅਤਾਂ ਦੀ ਮੰਗ ਮੁਤਾਬਕ ਨਿਪੁੰਨ ਤਕਨੀਕੀ ਮਾਹਰ ਤਿਆਰ ਲਈ ਕਿਤਾਬਾਂ ਤੇ ਔਜ਼ਾਰ ਮੁੜ ਚੁੱਕਣ ਇੰਸਟ੍ਰਕਟਰਜ - ਚਰਨਜੀਤ ਸਿੰਘ ਚੰਨੀ

5 Dariya News

ਪਟਿਆਲਾ 19-Aug-2018

ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੀਆਂ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ (ਆਈ.ਟੀ.ਆਈਜ) ਦੇ ਤਿੰਨ ਅਧਿਆਪਕਾਂ ਨੂੰ ਹਰ ਵਰ੍ਹੇ ਬਿਹਤਰ ਕਾਰਗੁਜ਼ਾਰੀ ਦਿਖਾਉਣ ਬਦਲੇ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਜਾਇਆ ਕਰੇਗਾ। ਚੰਨੀ ਨੇ ਕਿਹਾ ਕਿ ''ਪ੍ਰੰਤੂ ਇਸ ਲਈ ਅਧਿਆਪਕਾਂ ਨੂੰ ਸੂਬੇ ਦੀਆਂ ਆਈ.ਟੀ.ਆਈਜ ਦੇ ਸਿਖਿਆਰਥੀਆਂ ਨੂੰ ਕਾਬਲ, ਹੁਨਰਮੰਦ ਤੇ ਸਮੇਂ ਦੇ ਹਾਣ ਦਾ ਬਨਾਉਣ ਲਈ ਖ਼ੁਦ ਕਿਤਾਬਾਂ ਅਤੇ ਔਜ਼ਾਰ ਚੁੱਕਣੇ ਪੈਣਗੇ ਅਤੇ ਅਜਿਹਾ ਕਰਨ 'ਚ ਸਫ਼ਲ ਹੋਣ ਵਾਲੇ ਇੰਸਟ੍ਰਕਟਰ ਆਪਣੇ ਵਿਭਾਗ ਦੇ ਰਾਜੇ ਹੋਣਗੇ ਤੇ ਆਪਣੀ ਮਨਮਰਜ਼ੀ ਦੀ ਆਈ.ਟੀ.ਆਈ. 'ਚ ਸੇਵਾ ਨਿਭਾ ਸਕਣਗੇ। ਜਦੋਂਕਿ ਨੌਕਰੀ ਲੱਗਣ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਨ ਵਾਲਿਆਂ ਨੂੰ ਵੀ ਮਨਮਰਜੀ ਦੇ ਸਟੇਸ਼ਨ ਮਿਲਣਗੇ।''ਸ. ਚੰਨੀ ਅੱਜ ਇਥੇ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਸੰਪੰਨ ਹੋਈ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਅਧਿਆਪਨ ਅਮਲੇ ਨੂੰ ਸਮੇਂ ਦੇ ਹਾਣ ਦਾ ਬਨਾਉਣ ਹਿੱਤ ਲਗਾਈ ਗਈ ਦੋ ਰੋਜ਼ਾ ਵਰਕਸ਼ਾਪ ਦੇ ਆਖਰੀ ਦਿਨ ਸ਼ਿਰਕਤ ਕਰਨ ਪੁੱਜੇ ਹੋਏ ਸਨ। ਦੱਸਣਯੋਗ ਹੈ ਕਿ ਸ. ਚੰਨੀ ਨੇ ਵਿਸ਼ੇਸ਼ ਪਹਿਲਕਦਮੀ ਕਰਦਿਆਂ ਖ਼ੁਦ ਦੋਵੇਂ ਦਿਨ ਇਸ ਵਰਕਸ਼ਾਪ 'ਚ ਸ਼ਿਰਕਤ ਕੀਤੀ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਪੂਰੇ ਪੰਜਾਬ ਭਰ 'ਚੋਂ ਇੱਥੇ ਪੁੱਜੇ ਮੁਖੀਆਂ ਅਤੇ ਅਧਿਆਪਕਾਂ ਨੂੰ ਮਿਲ ਕੇ ਜਿਥੇ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਣੀਆਂ ਉਥੇ ਹੀ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕਰਨ ਲਈ ਪ੍ਰੇਰਦਿਆਂ ਉਨ੍ਹਾਂ ਦਾ ਮਨੋਬਲ ਵੀ ਉਚਾ ਕੀਤਾ। ਉਨ੍ਹਾਂ ਦੇ ਨਾਲ ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਅਤੇ ਡਾਇਰੈਕਟਰ ਸ੍ਰੀ ਪਰਵੀਨ ਕੁਮਾਰ ਥਿੰਦ ਵੀ ਮੌਜੂਦ ਸਨ।ਇਸ ਮੌਕੇ ਰਾਜ ਭਰ ਦੀਆਂ ਕਰੀਬ 113 ਆਈ.ਟੀ.ਆਈਜ. ਤੋਂ ਪੁੱਜੇ ਤਕਰੀਬਨ ਸਾਰੇ ਹੀ ਮੁਖੀਆਂ ਅਤੇ ਅਧਿਆਪਕਾਂ ਨਾਲ ਨਿਜੀ ਸੰਵਾਂਦ ਰਚਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਸੰਬੋਧਨ ਕਰਦਿਆਂ ਸ. ਚੰਨੀ ਨੇ ਕਿਹਾ ਕਿ ''ਪੰਜਾਬ ਦੇ ਬੱਚਿਆਂ ਦਾ ਭਵਿੱਖ ਤੁਹਾਡੇ ਹੱਥ ਹੈ, ਇਸ ਲਈ ਇਨ੍ਹਾਂ ਦੀ ਸ਼ਖ਼ਸੀਅਤ ਦੀ ਬਹੁਪੱਖੀ ਉਸਾਰੀ ਕਰਕੇ ਇਨ੍ਹਾਂ ਨੂੰ ਮੌਜੂਦਾ ਮੁਕਾਬਲੇ ਦੇ ਯੁੱਗ ਦੇ ਮੁਤਾਬਕ ਨੌਕਰੀਆਂ ਦੇ ਯੋਗ ਬਣਾਇਆ ਜਾਵੇ। ਇਸ ਲਈ ਤੁਸੀਂ ਪ੍ਰਣ ਕਰੋ ਕਿ ਪੰਜਾਬ ਦੀਆਂ ਆਈ.ਟੀ.ਆਈਜ ਨੂੰ ਦੇਸ਼ ਦੀਆਂ ਨੰਬਰ ਦੀਆਂ ਸੰਸਥਾਵਾਂ ਬਨਾਉਣਾ ਹੈ।''ਸ. ਚੰਨੀ ਨੇ ਇਨ੍ਹਾਂ ਅਧਿਆਪਕਾਂ ਨੂੰ ਇਸ ਗੱਲੋਂ ਵਧਾਈ ਵੀ ਦਿਤੀ ਕਿ ਉਨ੍ਹਾਂ ਨੇ ਅਜੇ ਤਕ ਲੋਕਾਂ ਦਾ ਸਰਕਾਰੀ ਆਈ.ਟੀ.ਆਈਜ 'ਤੇ ਵਿਸ਼ਵਾਸ਼ ਬਹਾਲ ਰੱਖਿਆ ਹੈ। ਉਨ੍ਹਾਂ ਨੇ ਸਰਕਾਰੀ ਸੰਸਥਾਵਾਂ ਸਮੇਤ ਨਿਜੀ ਆਈ.ਟੀ.ਆਈਜ 'ਚ ਵੀ ਸਿਖਿਆਰਥੀਆਂ ਤੇ ਇੰਸਟ੍ਰਕਟਰਾਂ ਦੀ ਹਾਜਰੀ ਬਾਇਉਮੀਟ੍ਰਿਕ ਕਰਨ ਦੇ ਫੈਸਲੇ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ 'ਚ ਨਕਲ ਦੇ ਕੋਹੜ ਨੂੰ ਜੜੋਂ ਵੱਢਣ ਦਾ ਤਹੱਈਆ ਕੀਤਾ ਹੈ।

ਚਰਨਜੀਤ ਸਿੰਘ ਚੰਨੀ ਨੇ ਸਿਖਿਆਰਥੀਆਂ ਦੀ ਪ੍ਰੈਕਟੀਕਲ ਸਿੱਖਿਆ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਤਕਨੀਕੀ ਯੂਨੀਵਰਸਿਟੀ 'ਚ ਖੋਜ਼ ਤੇ ਡਿਜ਼ਾਇਨ ਦਾ ਸੈਲ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਸਨਅਤਾਂ ਦੀ ਮੰਗ ਦੇ ਮੁਤਾਬਕ ਕੋਰਸ ਤੇ ਸਿਲੇਬਸ ਤਿਆਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵਿਭਾਗ ਦੇ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਆਈ.ਟੀ.ਆਈਜ 'ਚ ਬੱਡੀ ਪ੍ਰੋਗਰਾਮ ਲਾਗੂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ 'ਤੇ ਜੋਰ ਦਿੰਦਿਆਂ ਸਿਖਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਸਮੇਤ ਇਨ੍ਹਾਂ ਨੂੰ ਇੰਟਰਵਿਯੂਜ ਲਈ ਤਿਆਰ ਕਰਨ ਸੰਬੰਧੀਂ ਨੁਕਤੇ ਸਾਂਝੇ ਕੀਤੇ। ਜਦੋਂਕਿ ਵਿਭਾਗ ਦੇ ਡਾਇਰੈਕਟਰ ਸ੍ਰੀ ਪਰਵੀਨ ਕੁਮਾਰ ਥਿੰਦ ਨੇ ਇਸ ਵਰਕਸ਼ਾਪ ਦੇ ਉਦੇਸ਼ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਭਵਿੱਖ 'ਚ ਵੀ ਹੋਣਗੀਆਂ।ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਅਦਾਰਿਆਂ ਦੇ ਕੋਰਸ ਤੇ ਸਿਲੇਬਸ ਨੂੰ ਬਿਹਤਰ ਤੇ ਸਮੇਂ ਦੇ ਹਾਣ ਦਾ ਬਨਾਉਣ ਲਈ ਗੰਭੀਰ ਸੁਝਾਓ ਦਿੱਤੇ ਤਾਂ ਕਿ ਸਰਕਾਰ ਦੇ ਘਰ-ਘਰ ਰੋਜ਼ਗਾਰ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਪੁੱਜੇ ਸੀ.ਆਈ.ਆਈ. ਪੰਜਾਬ ਦੇ ਚੇਅਰਮੈਨ ਤੇ ਮੈਨੇਜਿੰਗ ਪਾਰਟਨਰ ਭੋਗ ਸੇਲਜ ਕਾਰਪੋਰੇਸ਼ਨ ਸ੍ਰੀ ਐਸ.ਐਸ. ਭੋਗਲ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਭਵਿੱਖ ਲਈ ਹੁਨਰਮੰਦ ਕਿਰਤੀ ਤਿਆਰ ਕਰਨ ਤਾਂ ਜੋ ਪੰਜਾਬ, ਜਿਥੇ ਜਮੀਨ ਦੀ ਕਮੀ ਹੈ, ਵਿਖੇ ਸਥਾਪਤ ਉਦਯੋਗਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਚੈਂਬਰ ਵੱਲੋਂ ਦਸੰਬਰ ਮਹੀਨੇ ਆਪਣੀ ਪ੍ਰਦਰਸ਼ਨੀ ਦੌਰਾਨ ਆਈ.ਟੀ.ਆਈਜ. ਦੇ ਸਿਖਿਆਰਥੀਆਂ ਨੂੰ ਆਪਣੇ ਪ੍ਰਾਜੈਕਟ ਦਿਖਾਉਣ ਲਈ ਮੰਚ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਡਿਜੀਟਲਾਈਜੇਸ਼ਨ ਦੇ ਪ੍ਰਭਾਵਾਂ ਤੋਂ ਸੁਚੇਤ ਕੀਤਾ ਅਤੇ ਦੱਸਿਆ ਕਿ ਭਵਿੱਖ 'ਚ ਯੂ.ਪੀ. ਤੇ ਹੋਰਨਾਂ ਰਾਜਾਂ 'ਚ ਉਦਯੋਗ ਵਧ ਰਹੇ ਹਨ ਜਿਸ ਲਈ ਪੰਜਾਬ 'ਚ ਕਿਰਤੀਆਂ ਦੀ ਕਮੀ ਪੈਦਾ ਹੋਣ ਵਾਲੀ ਹੈ, ਜਿਸ ਲਈ ਉਦਯੋਗਾਂ ਦੀ ਮੰਗ ਮੁਤਾਬਕ ਹੁਨਰਮੰਦ ਕਾਮੇ ਤਿਆਰ ਕੀਤੇ ਜਾਣ।ਇਸ ਵਰਕਸ਼ਾਪ ਦੀ ਸਮਾਪਤੀ ਮੌਕੇ ਪੰਜਾਬ ਰਾਜ ਤਕਨੀਕੀ ਸਿਖਿਆ ਬੋਰਡ ਦੇ ਸਕੱਤਰ ਸ੍ਰੀ ਚੰਦਰ ਗੈਂਦ ਨੇ ਧੰਨਵਾਦ ਕੀਤਾ ਜਦੋਂ ਕਿ ਨੈਸ਼ਨਲ ਸਕਿਲ ਟ੍ਰੇਨਿੰਗ ਇੰਸਟੀਚਿਊਟ ਲੁਧਿਆਣਾ ਦੇ ਡਾਇਰੈਕਟਰ ਸ੍ਰੀਮਤੀ ਸੰਧਿਆ ਸਲਵਾਨ ਨੇ ਹੁਨਰ ਵਿਕਾਸ ਬਾਰੇ ਜਾਣਕਾਰੀ ਸਾਂਝੀ ਕੀਤੀ।ઠਇਸ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਦਲਜੀਤ ਕੌਰ ਸਿੱਧੂ ਨੇ ਸਵਾਗਤ ਕੀਤਾ ਤੇ ਮੰਚ ਸੰਚਾਲਨ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੇ ਲੈਕਚਰਾਰ ਸ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕੀਤਾ। ਵਰਕਸ਼ਾਪ ਦੌਰਾਨ ਅਧਿਆਪਕ ਵਰਗ ਨੂੰ ਦਰਪੇਸ਼ ਸਮੱਸਿਆਵਾਂ, ਚੁਣੌਤੀਆਂ ਤੇ ਵਿਦਿਅਕ ਖੇਤਰ 'ਚ ਆ ਰਹੀਆਂ ਰੁਕਾਵਟਾਂ ਸਬੰਧੀ ਉਨ੍ਹਾਂ ਦੇ ਵਿਚਾਰ ਜਾਣੇ ਅਤੇ ਵਿਸ਼ਾ ਮਾਹਿਰਾਂ ਨੇ ਉਦਯੋਗਿਕ ਸਿਖਲਾਈ ਸੰਸਥਾਵਾਂ 'ਚ ਹੋਰ ਨਿਖਾਰ ਲਿਆਉਣ ਲਈ ਸੁਝਾਓ ਦਿਤੇ।