5 Dariya News

ਝੀਂਗਾ ਮੱਛੀ ਪਾਲਣ ਵਿਚ ਸਫਲਤਾ ਦੀ ਨਵੀਂ ਇਬਾਰਤ ਲਿਖ ਰਿਹਾ ਹੈ ਕੋਲਿਆਂ ਵਾਲੀ ਦਾ ਕਿਸਾਨ ਪਰਿਵਾਰ

ਹਰਪਿੰਦਰ ਕੌਰ ਅਤੇ ਫਤਿਹ ਸਿੰਘ ਨੇ ਵਿਖਾਇਆ ਰਾਹ, ਸੇਮ ਦੇ ਖਾਰੇ ਪਾਣੀ ਵਾਲੀ ਜਮੀਨ ਤੋਂ ਹੋਈ ਝੀਂਗਾ ਦੀ ਬੰਪਰ ਪੈਦਾਵਾਰ

5 Dariya News

ਮੁਕਤਸਰ 19-Aug-2018

ਜੇਕਰ ਇਰਾਦੇ ਦ੍ਰਿੜ ਹੋਣ ਤਾਂ ਕੋਈ ਵੀ ਮੁਸਕਿਲ ਮਨੁੱਖ ਦਾ ਰਾਹ ਨਹੀਂ ਰੋਕ ਸਕਦੀ। ਅਜਿਹਾ ਹੀ ਸਿੱਧ ਕੀਤਾ ਹੈ ਪਿੰਡ ਕੋਲਿਆਂ ਵਾਲੀ ਦੇ ਇਕ ਕਿਸਾਨ ਪਰਿਵਾਰ ਨੇ। ਇਸ ਇਲਾਕੇ ਵਿਚ ਕਈ ਸਾਲਾਂ ਤੋਂ ਸੇਮ ਕਾਰਨ ਜਮੀਨਾਂ ਬੇਕਾਰ ਹੋ ਗਈਆਂ ਸਨ। ਧਰਤੀ ਹੇਠਲਾ ਪਾਣੀ ਖਾਰਾ ਹੈ ਅਤੇ ਕੋਈ ਫਸਲਾਂ ਦੀ ਪੈਦਾਵਾਰ ਦੇ ਯੋਗ ਨਹੀਂ ਹੈ। ਪਰ ਕੋਲਿਆਂ ਵਾਲੀ ਦੇ ਫਤਿਹ ਸਿੰਘ ਅਤੇ ਉਸਦੀ ਪਤਨੀ ਹਰਪਿੰਦਰ ਕੌਰ ਨੇ ਹੌਂਸਲਾ ਨਹੀਂ ਹਾਰਿਆ। ਇਸ ਪਰਿਵਾਰ ਨੇ ਪਿੱਛਲੇ ਸਾਲ ਪੰਜਾਬ ਸਰਕਾਰ ਦੀ ਝੀਂਗਾ ਮੱਛੀ ਪਾਲਣ ਲਈ ਦਿੱਤੀ ਜਾ ਰਹੀ ਸਬਸਿਡੀ ਸਕੀਮ ਦਾ ਲਾਭ ਲੈ ਕੇ 3 ਏਕੜ ਵਿਚ ਝੀਂਗਾ ਮੱਛੀ ਪਾਲਣ ਕੀਤਾ ਅਤੇ ਇਸ ਸਫਲਤਾ ਤੋਂ ਬਾਅਦ ਇਸ ਸਾਲ ਇਸ ਕਿਸਾਨ ਪਰਿਵਾਰ ਨੇ 14 ਏਕੜ ਵਿਚ ਝੀਂਗਾ ਪਾਲਣ ਕੀਤਾ ਹੈ। ਫਤਿਹ ਸਿੰਘ ਆਖਦਾ ਹੈ ਕਿ ਪਿੱਛਲੇ ਸਾਲ ਸਰਕਾਰ ਵੱਲੋਂ ਮਿਲੀ ਮਦਦ ਨੇ ਉਸਨੂੰ ਨਵਾਂ ਰਾਹ ਵਿਖਾਇਆ ਅਤੇ ਇਸ ਸਾਲ ਉਸਨੇ ਆਪਨੇ ਦਮ ਤੇ ਜਿਆਦਾ ਰਕਬੇ ਵਿਚ ਝੀਂਗਾ ਪਾਲਿਆ ਹੈ। ਇੱਥੇ ਜਿਕਰਯੋਗ ਹੈ ਕਿ ਸੇਮ ਪ੍ਰਭਾਵਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਝੀਂਗਾ ਮੱਛੀ ਨੇ ਜ਼ਿਲੇ ਦੇ ਕਿਸਾਨਾਂ ਦੀ ਕਿਸਮਤ ਬਦਲਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲੀ ਵਾਰ ਪਿੱਛਲੇ ਸਾਲ ਜ਼ਿਲੇ ਵਿਚ ਪੰਜਾਬ ਸਰਕਾਰ ਦੀ ਸਬਸਿਡੀ ਸਕੀਮ ਤਹਿਤ ਝੀਂਗਾ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਅਤੇ ਇਸ ਸਮੇਂ ਝੀਂਗਾ ਤਾਲਾਬਾਂ ਵਿਚੋਂ ਤਿਆਰ ਝੀਂਗਾ ਮੱਛੀ ਦਾ ਮੰਡੀਕਰਨ ਹੋ ਰਿਹਾ ਹੈ। ਖਰੀਦਦਾਰ ਤਲਾਬਾਂ ਤੋਂ ਹੀ 300 ਤੋਂ 340 ਰੁਪਏ ਕਿਲੋ ਦੇ ਭਾਅ ਮੱਛੀ ਖਰੀਦ ਕੇ ਲੈਜਾ ਰਹੇ ਹਨ।ਫਤਿਹ ਸਿੰਘ ਨੇ ਦੱਸਿਆ ਕਿ ਝੀਂਗਾ ਮੱਛੀ ਦੀ ਕਾਸ਼ਤ ਉਨਾਂ ਖੇਤਰਾਂ ਵਿਚ ਕੀਤੀ ਜਾਂਦੀ ਹੈ ਜਿਥੇ ਪਾਣੀ ਦਾ ਖਾਰਾਪਨ 5 ਪੀਪੀਟੀ ਤੋਂ ਵੱਧ ਹੋਵੇ। 

ਉਨਾਂ ਕਿਹਾ ਕਿ ਪੰਜਾਬ ਦੇ ਦੱਖਣੀ ਪੱਛਮੀ ਜ਼ਿਲਿਆ ਵਿਚ ਸੇਮ ਦਾ ਖਾਰਾ ਪਾਣੀ ਹੈ ਇਸ ਲਈ ਇਨਾਂ ਜ਼ਿਲਿਆ ਵਿਚ ਝੀਂਗਾ ਮੱਛੀ ਪਾਲਣ ਕਿਸਾਨਾਂ ਲਈ ਵੱਡੀ ਆਮਦਨ ਦਾ ਸਾਧਨ ਬਣ ਸਕਦੀ ਹੈ। ਕਿਸਾਨ ਹਰਪਿੰਦਰ ਕੌਰ ਅਤੇ ਫਤਿਹ ਸਿੰਘ ਨੇ ਦੱਸਿਆ ਕਿ ਝੀਂਗਾ ਮੱਛੀ ਪਾਲਣ ਵਿਚ ਪ੍ਰਤੀ ਹੈਕਟੇਅਰ ਲਾਗਤ ਬੇਸੱਕ ਜਿਆਦਾ ਹੈ ਪਰ ਆਮਦਨ ਵੀ ਦੁੱਗਣੀ ਹੈ। ਉਨਾਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਕਾਰ ਸੇਮ ਗ੍ਰਸਤ ਜਮੀਨ ਵਿਚੋਂ ਸਰਕਾਰ ਨੇ ਉਨਾਂ ਨੂੰ ਸੋਨਾ ਪੈਦਾ ਕਰ ਦਿੱਤਾ ਹੈ। ਉਨਾਂ ਨੇ ਕਿਹਾ ਕਿ ਲਗਭਗ 4 ਮਹੀਨੇ ਦੀ ਇਸ ਫਸਲ ਵਿਚ ਬਹੁਤ ਮੁਨਾਫਾ ਹੈ ਅਤੇ ਕਿਸਾਨਾਂ ਦੀ ਤੰਗੀ ਇਹ ਮੱਛੀ ਦੂਰ ਕਰ ਸਕਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਧਰਤੀ ਹੇਠਲੇ ਖਾਰੇ ਪਾਣੀ ਵਾਲੀਆਂ ਬੇਕਾਰ ਜਮੀਨਾਂ ਵਿਚ ਝੀਂਗਾ ਮੱਛੀ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ  ਆਈ.ਏ.ਐਸ. ਨੇ ਦੱਸਿਆ ਕਿ ਸਰਕਾਰ ਵੱਲੋਂ ਝੀਂਗਾ ਮੱਛੀ ਦਾ ਇਹ ਪ੍ਰੋਜੈਕਟ ਪਿੱਛਲੇ ਸਾਲ ਆਰੰਭਿਆ ਗਿਆ ਸੀ ਅਤੇ ਸੇਮ ਦੇ ਖਾਰੇ ਪਾਣੀ ਵਿਚ ਝੀਂਗਾ ਉਤਪਾਦਨ ਸਫਲਤਾ ਨਾਲ ਕੀਤਾ ਜਾ ਸਕਦਾ ਹੈ। ਇਸ ਤੋਂ ਆਮਦਨ ਆਮ ਫਸਲਾਂ ਮੁਕਾਬਲੇ ਕਈ ਗੁਣਾ ਵਧੇਰੇ ਹੈ। ਚਾਰ ਮਹੀਨੇ ਪਹਿਲਾਂ ਤਾਮਿਲਨਾਡੂ ਤੋਂ ਹਵਾਈ ਜਹਾਜ ਰਾਹੀਂ ਲਿਆਦਾ ਗਿਆ ਝੀਂਗਾ ਮੱਛੀ ਦਾ ਪੂੰਗ ਪਾਇਆ ਗਿਆ ਸੀ ਅਤੇ ਹੁਣ ਇਹ ਫਸਲ ਪੂਰੀ ਤਰਾਂ ਨਾਲ ਤਿਆਰ ਹੈ।