5 Dariya News

ਵਿਧਾਇਕ ਜੋਗਿੰਦਰ ਪਾਲ ਨੇ ਦਰਿਆ ਤੋਂ ਪਾਰ ਖੇਤਰ ਵਿੱਚ ਕਰੀਬ ਇੱਕ ਕਰੋੜ ਦੇ ਕਾਰਜਾਂ ਦਾ ਕੀਤਾ ਸੁਭ ਅਰੰਭ

ਬਾਰਡਰ ਖੇਤਰ ਦੇ ਲੋਕਾਂ ਦੀ ਸੁਣੀਆਂ ਸਮੱਸਿਆਵਾਂ ਅਤੇ ਹੱਲ ਕਰਨ ਦਾ ਦਿੱਤਾ ਭਰੋਸਾ, ਪਿੰਡ ਬਮਿਆਲ ਦੀ ਫਿਰਨੀ ਨੂੰ ਪੱਕਿਆਂ ਕਰਨ ਲਈ ਕੰਮ ਦਾ ਕੀਤਾ ਸੁਭ ਅਰੰਭ

5 Dariya News

ਪਠਾਨਕੋਟ 19-Aug-2018

ਜੋਗਿੰਦਰ ਪਾਲ ਵਿਧਾਇਕ ਵਿਧਾਨ ਸਭਾ ਹਲਕਾ ਭੋਆ ਨੇ ਅੱਜ ਉਜ ਦਰਿਆ ਤੋਂ ਪਾਰ ਲੋਕਾਂ ਵਿੱਚ ਪਹੁੰਚ ਕੇ ਕਰੀਬ ਇੱਕ ਕਰੋੜ ਨਾਲ ਕਰਵਾਏ ਜਾਣ ਵਾਲੇ ਕੰਮਾਂ ਦੀ ਸੁਰੂਆਤ ਕੀਤੀ। ਇਸ ਮੋਕੇ ਤੇ ਉਨ੍ਹਾਂ ਦਰਿਆ ਪਾਰ ਦੇ ਪਿੰਡਾਂ ਦਾ ਦੋਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੋਕੇ ਤੇ ਉਨ੍ਹਾਂ ਪਿੰਡ ਬਮਿਆਲ ਦੀ ਫਿਰਨੀ ਨੂੰ ਪੱਕਿਆਂ ਕਰਨ ਲਈ ਕੰਮ ਦਾ ਸੁਭ ਅਰੰਭ ਕੀਤਾ। ਇਸ ਤੋਂ ਇਲਾਵਾ ਪਿੰਡ ਟੀਂਡਾਂ ਤੋਂ ਕੋਟਲੀ ਜਵਾਹਰ ਤੱਕ ਸੜਕ ਨੂੰ ਬਣਾਏ ਜਾਣ ਦੇ ਕਾਰਜ ਦਾ ਅਰੰਭ ਕੀਤਾ। ਜਿਕਰਯੋਗ ਹੈ ਕਿ ਪਿੰਡ ਟੀਂਡਾ ਤੋਂ ਕੋਟਲੀ ਜਵਾਹਰ ਤੱਕ ਦੀ ਸੜਕ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਸੀ ਅਤੇ ਲੋਕਾਂ ਨੇ ਇਸ ਮਾਰਗ ਦੀ ਖਰਾਬ ਹਾਲਤ ਦੇ ਚਲਦਿਆਂ ਇਸ ਰੋਡ ਤੋਂ ਆਉਂਣਾ ਜਾਣਾ ਵੀ ਬੰਦ ਕਰ ਦਿੱਤਾ ਸੀ। ਇਸ ਲਈ ਪਿੰਡ ਵਾਸੀਆਂ ਨੂੰ ਕੋਟਲੀ ਜਵਾਹਰ ਜਾਣ ਦੇ ਲਈ ਕਰੀਬ 2 ਤੋਂ 3 ਕਿਲੋਮੀਟਰ ਜਿਆਦਾ ਸਫਰ ਕਰਨਾ ਪੈਂਦਾ ਸੀ। ਇਸ ਸੜਕ ਦੇ ਨਿਰਮਾਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।ਇਸ ਮੋਕੇ ਤੇ ਉਨ੍ਹਾਂ ਪਿੰਡ ਪਲਾਹ ਤੋਂ ਡੇਰਾ ਕੁੰਨਣ ਸਿੰਘ ਤੱਕ ਪੱਕੀ ਸੜਕ ਦਾ ਵੀ ਸੁਭਅਰੰਭ ਕੀਤਾ। ਇਸ ਮੋਕੇ ਤੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੇਸ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੋਕੇ ਤੇ ਸੰਬੋਧਨ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਭੋਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦਾ ਇਕ ਹੀ ਉਪਰਾਲਾ ਹੈ ਕਿ ਜਿਨ੍ਹਾਂ ਲੋਕਾਂ ਤੱਕ ਪਿਛਲੇ ਦਸ ਸਾਲਾਂ ਦੋਰਾਨ ਕੋਈ ਸੁਵਿਧਾ ਨਹੀਂ ਪਹੁੰਚੀ ਉਨ੍ਹਾਂ ਲੋਕਾਂ ਤੱਕ ਸੁਵਿਧਾਵਾਂ ਪਹੁੰਚਾਈਆਂ ਜਾਣ। ਉਨ੍ਹਾਂ ਕਿਹਾ ਕਿ ਗਠਬੰਧਨ ਦੀ ਸਰਕਾਰ ਦੇ ਚਲਦਿਆਂ ਪਿਛਲੇ 10 ਸਾਲਾਂ ਦੋਰਾਨ ਇੰਨ੍ਹਾਂ ਲੋਕਾਂ ਤੱਕ ਕੋਈ ਵੀ ਸੁਵਿਧਾ ਨਹੀਂ ਪਹੁੰਚੀ ਅਤੇ ਇਹ ਲੋਕ ਅਪਣੀਆਂ ਸਮੱਸਿਆਵਾਂ ਨਾਲ ਜਿੰਦਗੀ ਕੱਟ ਰਹੇ ਸਨ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀ ਹਰੇਕ ਯੌਜਨਾਂ ਉਨ੍ਹਾਂ ਤੱਕ ਪਹੁੰਚਾਈ ਜਾਵੇਗੀ ਅਤੇ ਬਾਡਰ ਏਰੀਆ ਦੇ ਲੋਕਾਂ ਨੂੰ ਵੀ ਬਾਕੀ ਖੇਤਰਾਂ ਦੀ ਤਰ੍ਹਾਂ ਹਰੇਕ ਪ੍ਰਕਾਰ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਸਿਹਤ ਸੁਵਿਧਾਵਾਂ, ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।