5 Dariya News

ਜੰਗਲਾਤ ਵਿਭਾਗ ਦੀ ਆਈ ਹਰਿਆਲੀ ਐਪ ਨੂੰ ਭਰਵਾਂ ਹੁੰਗਾਰਾ

ਐਸ.ਏ.ਐਸ. ਨਗਰ ਦੀਆਂ ਵੱਖ ਵੱਖ ਸੁਸਾਇਟੀਆਂ ਵਿੱਚ ਲਾਏ ਗਏ ਆਈ-ਹਰ‌ਿਆਲੀ ਐਪ ਜ਼ਰੀਏ ਬੁੱਕ ਕੀਤੇ ਬੂਟੇ

5 Dariya News

ਐਸ.ਏ.ਐਸ. ਨਗਰ (ਮੁਹਾਲੀ) 19-Aug-2018

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਗਈ ਘਰ-ਘਰ ਹਰਿਆਲੀ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਵੱਡੀ ਗਿਣਤੀ ਲੋਕ ਜੰਗਲਾਤ ਵਿਭਾਗ ਵੱਲੋਂ ਮੁਫਤ ਦਿੱਤੇ ਜਾ ਰਹੇ ਬੂਟੇ ਹਾਸਿਲ ਕਰ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਵਣ ਮੰਡਲ ਅਫਸਰ ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿੱਥੇ ਇਸ ਪੂਰੀ ਮੁਹਿੰਮ ਨੂੰ ਵੱਡੀ ਗਿਣਤੀ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਉਥੇ ਮੁਫਤ ਬੂਟੇ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ 'ਆਈ ਹਰਿਆਲੀ ਐਪ' ਦੀ ਵਰਤੋਂ ਵੀ ਵੱਡੀ ਗਿਣਤੀ ਲੋਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਐਸ.ਏ.ਐਸ. ਨਗਰ ਦੀਆਂ ਵੱਖ ਵੱਖ ਸੁਸਾਇਟੀਆਂ ਵਿੱਚ ਬੂਟੇ ਲਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਮੁੱਲਾਂਪੁਰ ਸਥਿਤ ਵਿਭਾਗ ਦੀ ਨਰਸਰੀ ਤੋਂ ਸਪਲਾਈ ਕੀਤੇ ਬੂਟੇ ਸੈਕਟਰ-71 ਸਥਿਤ ਸਿਲੀਕੌਨ ਸੁਸਾਇਟੀ ਵਿਖੇ ਸੁਰਿੰਦਰ ਸਿੰਘ ਡਾਇਰੈਕਟਰ ਐਸ.ਸੀ.ਐਲ., ਐਸ. ਕੇ. ਅੰਬਰਦਾਰ , ਸ੍ਰੀ ਸੰਜੈ ਜੈਨ ਅਤੇ ਵਿਭਾਗੀ ਅਧਿਕਾਰੀਆਂ ਦੀ ਅਗਵਾਈ ਵਿੱਚ ਬੂਟੇ ਲਾਏ ਗਏ।  ਇਸ ਮੌਕੇ ਸੁਸਾਇਟੀ ਵਾਸੀਆਂ ਨੇ ਵਿਭਾਗ ਦੇ ਉਪਰਾਲੇ ਦੀ ਸਲਾਘਾ ਕੀਤੀ। ਉਹਨਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਮੁੜ ਹਰਿਆ ਭਰਿਆ ਅਤੇ ਅੱਵਲ ਦਰਜੇ ਦਾ ਸੂਬਾ ਬਣਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਬੂਟੇ ਲਾਉਣ ਲਈ ਜਾਗਰੂਕ ਕੀਤਾ ਜਾਵੇਗਾ।ਇਸ ਸਬੰਧੀ ਗੱਲਬਾਤ ਕਰਦਿਆਂ ਵਣ ਮੰਡਲ ਅਫਸਰ, ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਵਿਭਾਗ ਵਲੋਂ ਆਈ  ਹਰਿਆਲੀ ਐਪ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਐਪ ਨੂੰ ਡਾਊਨਲੋਡ ਕਰਨਾ ਤੇ ਵਰਤਣਾ ਬਹੁਤ ਹੀ ਸਰਲ ਹੈ ਤੇ ਇਸ ਸਦਕਾ ਘਰ ਬੈਠੇ ਹੀ ਬੂਟੇ ਬੁੱਕ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਇਸ ਐਪ ਨੂੰ ਵੱਡੇ ਪੱਧਰ 'ਤੇ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਸੋਸ਼ਲ ਮੀਡੀਆ ਜ਼ਰੀਏ ਹੀ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਵੀ ਕਰ ਰਹੇ ਹਨ।ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਰਵਾਇਤੀ ਬੂਟੇ ਹੀ ਵੰਡੇ ਜਾ ਰਹੇ ਹਨ ਜੋ ਕਿ ਪੰਜਾਬ ਦੇ ਵਾਤਾਵਰਨ ਵਿੱਚ ਚੰਗੀ ਤਰ੍ਹਾਂ ਵਧਦੇ ਫੁਲਦੇ ਹਨ ਅਤੇ ਵਾਤਾਵਰਨ ਦੀ ਬਿਹਤਰੀ ਵਿੱਚ ਭਰਵਾਂ ਯੋਗਦਾਨ ਪਾਉਂਦੇ ਹਨ। ਸੁਸਾਇਟੀ ਵਾਸੀਆਂ ਨੇ ਅਹਿਦ ਕੀਤਾ ਕਿ ਉਹ ਵੱਧ ਤੋਂ ਵੱਧ ਬੂਟੇ ਲਾਉਣ ਦੇ ਨਾਲ-ਨਾਲ ਇਹਨਾਂ ਦੀ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦੇਣਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਨ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।