5 Dariya News

ਜੇਲ੍ਹ ਵਿਭਾਗ ਦੀਆਂ 500 ਆਸਾਮੀਆਂ ਜਲਦ ਭਰੀਆਂ ਜਾਣਗੀਆਂ-ਸੁਖਜਿੰਦਰ ਸਿੰਘ ਰੰਧਾਵਾ

ਭਰਤੀ ਪ੍ਰਕਿਰਿਆ ਜਲਦ ਹੋਵੇਗੀ ਸ਼ੁਰੂ-ਸੁਖਜਿੰਦਰ ਸਿੰਘ ਰੰਧਾਵਾ, ਲੁਧਿਆਣਾ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਵਸ ਸਮਾਗਮ ਵਿੱਚ ਸ਼ਿਰਕਤ

5 Dariya News

ਲੁਧਿਆਣਾ 18-Aug-2018

ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜੇਲ੍ਹ ਵਿਭਾਗ ਦੀਆਂ 500 ਆਸਾਮੀਆਂ ਜਲਦ ਹੀ ਭਰੀਆਂ ਜਾ ਰਹੀਆਂ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਬਣਦੀ ਮਨਜੂਰੀ ਮਿਲ ਗਈ ਹੈ ਅਤੇ ਭਰਤੀ ਪ੍ਰਕਿਰਿਆ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ।ਅੱਜ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੇ ਜਨਮ ਦਿਵਸ ਸੰਬੰਧੀ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸ੍ਰ. ਰੰਧਾਵਾ ਨੇ ਕਿਹਾ ਕਿ ਜੇਲ੍ਹ ਵਿਭਾਗ ਵਿੱਚ ਸਟਾਫ਼ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਪਿੱਛੇ ਜਿਹੇ ਹੀ 650 ਆਸਾਮੀਆਂ ਭਰੀਆਂ ਗਈਆਂ ਸਨ। ਵਿਭਾਗ ਵਿੱਚ ਹਾਲੇ ਵੀ 600 ਦੇ ਕਰੀਬ ਆਸਾਮੀਆਂ ਖਾਲੀ ਹਨ, ਜਿਨ੍ਹਾਂ ਨੂੰ ਭਰਨ ਲਈ ਸਰਕਾਰ ਨੂੰ ਲਿਖਿਆ ਗਿਆ ਸੀ, ਜਿਸ ਵਿੱਚੋਂ 500 ਆਸਾਮੀਆਂ ਭਰਨ ਨੂੰ ਹਰੀ ਝੰਡੀ ਮਿਲ ਚੁੱਕੀ ਹੈ। ਜਦੋਂ ਇਹ ਸਟਾਫ਼ ਭਰਤੀ ਕਰ ਲਿਆ ਜਾਵੇਗਾ ਤਾਂ ਇਨ੍ਹਾਂ ਨੂੰ ਡਿਊਟੀ ਜੁਆਇੰਨ ਕਰਾਉਣ ਤੋਂ ਪਹਿਲਾਂ ਪੰਜਾਬ ਪੁਲਿਸ ਤੋਂ ਸਿਖ਼ਲਾਈ ਦਿਵਾਈ ਜਾਵੇਗੀ। ਇਹ ਸਮਾਗਮ ਸੀਨੀਅਰ ਕਾਂਗਰਸੀ ਆਗੂ ਸ੍ਰੀ ਕੇ. ਕੇ. ਬਾਵਾ ਵੱਲੋਂ ਆਯੋਜਿਤ ਕਰਵਾਇਆ ਗਿਆ ਸੀ, ਜਿਸ ਵਿੱਚ ਹੋਰਨਾਂ ਤੋਂ ਇਲਾਵਾ ਮੈਂਬਰ ਲੋਕ ਸਭਾ ਸ੍ਰ. ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਸ੍ਰੀ ਸੁਰਿੰਦਰ ਡਾਬਰ, ਸ੍ਰ. ਗੁਰਕੀਰਤ ਸਿੰਘ ਕੋਟਲੀ, ਸ੍ਰ. ਲਖਬੀਰ ਸਿੰਘ ਲੱਖਾ (ਸਾਰੇ ਵਿਧਾਇਕ), ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ ਅਤੇ ਹੋਰ ਹਾਜ਼ਰ ਸਨ।ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਵਿੱਚ ਅਨੁਸਾਸ਼ਨ ਦਾ ਪਾਲਣਾ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਜੇਲ੍ਹ ਵਿੱਚੋਂ ਵੀ ਕੈਦੀਆਂ ਕੋਲੋਂ ਮੋਬਾਈਲ ਜਾਂ ਨਸ਼ਾ ਆਦਿ ਫੜ੍ਹਿਆ ਜਾਵੇਗਾ, ਉਸ ਅਧਿਕਾਰੀ ਦੀ ਤੁਰੰਤ ਮੁਅੱਤਲੀ ਕੀਤੀ ਜਾਵੇਗੀ ਅਤੇ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਲੋਕ ਹਿੱਤ ਵਿੱਚ ਕੀਤੇ ਕਾਰਜਾਂ ਦੀ ਵੀ ਪ੍ਰਸੰਸ਼ਾ ਕੀਤੀ।ਇਸ ਮੌਕੇ ਪਹਿਲਾ ਰਾਜੀ ਗਾਂਧੀ ਯਾਦਗਾਰੀ ਪੁਰਸਕਾਰ ਸਾਮ ਪਿਤਰੋਦਾ ਨੂੰ ਦਿੱਤਾ ਗਿਆ ਜੋ ਕਿ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਐੱਸ. ਏ. ਚੈਪਟਰ ਦੇ ਪ੍ਰਧਾਨ ਸ੍ਰ. ਗੁਰਮੀਤ ਸਿੰਘ ਗਿੱਲ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਵਰਗੀ ਬੇਅੰਤ ਸਿੰਘ ਯਾਦਗਾਰੀ ਪੁਰਸਕਾਰ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ, ਰਾਧੇ ਸ਼ਿਆਮ ਮਲਹੋਤਰਾ ਯਾਦਗਾਰੀ ਪੁਰਸਕਾਰ ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ ਨੂੰ, ਡਾ. ਕਾਲੀਚਰਨ ਯਾਦਗਾਰੀ ਪੁਰਸਕਾਰ ਉਨ੍ਹਾਂ ਦੇ ਪੁੱਤਰ ਸ੍ਰੀ ਸੁਖਾਨੰਦਨ ਨੂੰ, ਆਤਮਾ ਰਾਮ ਆਰੀਆ ਯਾਦਗਾਰੀ ਪੁਰਸਕਾਰ ਸ੍ਰੀ ਅਰੁਣ ਬੈਕਟਰ ਅਤੇ ਭਗਤ ਰਾਮ ਯਾਦਗਾਰੀ ਪੁਰਸਕਾਰ ਉਸਦੀ ਪੁੱਤਰੀ ਸ੍ਰੀਮਤੀ ਧਰਮਾ ਦੇਵੀ ਨੂੰ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਗੁਰਪ੍ਰੀਤ ਗੋਗੀ ਅਤੇ ਸ੍ਰ. ਗੁਰਦੇਵ ਸਿੰਘ ਲਾਪਰਾਂ ਅਤੇ ਹੋਰ ਹਾਜ਼ਰ ਸਨ।