ਉਸਾਰੀ ਕਿਰਤੀ, ਕਿਰਤੀ ਵਰਗ ਲਈ ਬਣਾਏ ਪੰਜਾਬ ਬਿਲਡਿੰਗ ਅਤੇ ਅਦਰ ਕੰਸਟਰਕਸ਼ਨ ਵਰਕਰਜ਼ ਬੋਰਡ ਨਾਲ ਜੁੜ ਕੇ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ – ਬਲਬੀਰ ਸਿੰਘ ਸਿੱਧੂ
ਬਰਨਾਲਾ ਜ਼ਿਲ੍ਹੇ ਦੇ 5423 ਉਸਾਰੀ ਕਿਰਤੀਆਂ ਨੂੰ ਸਾਲ 2017-18 ਦੌਰਾਨ ਦਿੱਤਾ ਗਿਆ 8.40 ਕਰੋੜ ਦਾ ਲਾਭ – ਬਲਬੀਰ ਸਿੰਘ ਸਿੱਧੂ
5 Dariya News
ਤਪਾ (ਬਰਨਾਲਾ) 18-Aug-2018
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਕਿਰਤੀ ਨੂੰ ਨਿਯਮਾਂ ਮੁਤਾਬਕ ਬਿਨਾ ਕਿਸੇ ਭੇਦਭਾਵ ਦੇ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤਪਾ ਦੀ ਅੱਗਰਵਾਲ ਧਰਮਸ਼ਾਲਾ ਵਿਖੇ ਉਸਾਰੀ ਕਿਰਤੀਆਂ ਦੇ ਖਾਤਿਆਂ 'ਚ ਡੀ.ਬੀ.ਟੀ ਸਕੀਮ ਅਧੀਨ ਪਾਏ ਗਏ ਪੈਸਿਆਂ ਦੀ ਜਾਣਕਾਰੀ ਦੇਣ ਵਾਲੇ ਪੱਤਰਾਂ ਦੀ ਵੰਡ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸਿੱਧੂ ਵੱਲੋਂ ਉਸਾਰੀ ਕਿਰਤੀਆਂ ਦੇ ਪਰਵਾਰਾਂ ਨੂੰ ਉਨ੍ਹਾਂ ਦੇ ਖਾਤਿਆਂ 'ਚ ਕਿਰਤ ਵਿਭਾਗ ਵੱਲੋਂ ਟਰਾਂਸਫ਼ਰ ਕੀਤੀ ਰਾਸ਼ੀ ਦੇ ਜਾਣਕਾਰੀ ਪੱਤਰ ਵੰਡੇ ਗਏ। ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਸਾਰੀ ਕਾਰਜਾਂ ਨਾਲ ਜੁੜੇ ਕਿਰਤੀ ਵਰਗ ਦੀ ਭਲਾਈ ਲਈ ਬਣਾਏ ਗਏ ਪੰਜਾਬ ਬਿਲਡਿੰਗ ਅਤੇ ਅਦਰ ਕੰਸਟਰਕਸ਼ਨ ਵਰਕਰਜ਼ ਬੋਰਡ ਨਾਲ ਜੁੜ ਕੇ ਉਸਾਰੀ ਕਿਰਤੀਆਂ ਨੂੰ ਬੋਰਡ ਦੀ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਾਲ 2017-18 ਦੌਰਾਨ ਕਿਰਤ ਵਿਭਾਗ ਵੱਲੋਂ ਹੁੱਣ ਤੱਕ ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 5423 ਲਾਭਪਾਤਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਭਲਾਈ ਸਕੀਮਾਂ ਅਧੀਨ ਕੁੱਲ 8,40,68,92/- ਰੁਪਏ ਦਾ ਲਾਭ ਦਿੱਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਕਿਰਤੀ ਵਰਗ ਬੋਰਡ ਦੇ ਮੈਂਬਰ ਬਣਨ ਲਈ ਜ਼ਿਲ੍ਹੇ ਦੇ ਸੇਵਾ ਕੇਂਦਰ ਵਿੱਚ 25/- ਰੁਪਏ ਰਜਿਸਟ੍ਰੇਸ਼ਨ ਅਤੇ ਘੱਟੋ-ਘੱਟ ਸਾਲ ਦੀ ਅੰਸ਼ਦਾਨ ਰਕਮ 360/- ਅਤੇ ਕੁੱਲ 385/- ਰੁਪਏ ਦੇ ਕੇ ਲਾਭਪਾਤਰੀ ਬਣੀਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਬੋਰਡ ਵੱਲੋਂ ਐਕਸਗ੍ਰੇਸ਼ੀਆਂ ਸਕੀਮ ਤਹਿਤ ਰਜਿਸਟਰਡ ਉਸਾਰੀ ਕਿਰਤੀ ਦੀ ਮੌਤ ਹੋਣ ਦੀ ਸੂਰਤ ਵਿੱਚ 4 ਲੱਖ ਰੁਪਏ ਅਤੇ ਕੁਦਰਤੀ ਮੌਤ 'ਤੇ ਲੱਖ ਰੁਪਏ ਪਰਿਵਾਰ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਲੜਕੀਆਂ ਦੇ ਵਿਆਹ ਤੇ 31000/- ਰੁਪਏ ਸ਼ਗਨ ਸਕੀਮ ਵਜੋ ਅਤੇ 2000/- ਰੁਪਏ ਐਲ.ਟੀ.ਸੀ. ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। ਸਿੱਧੂ ਨੇ ਆਖਿਆ ਕਿ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਜੋ ਵਾਅਦਾ ਕੀਤਾ ਹੈ, ਉਹ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਡੇਅਰੀ ਅਤੇ ਪਸ਼ੂ ਪਾਲਣ ਅਜਿਹੇ ਧੰਦੇ ਹਨ, ਜਿਨ੍ਹਾਂ ਵਿੱਚ ਰੁਜ਼ਗਾਰ ਦੇ ਅਥਾਹ ਮੌਕੇ ਮੌਜੁਦ ਹਨ ਤੇ ਸੂਬੇ ਵਿੱਚ ਇਨ੍ਹਾਂ ਦੋਵਾਂ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਜਿਨ੍ਹਾਂ ਨੂੰ ਛੇਤੀ ਹੀ ਅਮਲੀ ਰੂਪ ਦਿੱਤਾ ਜਾਵੇਗਾ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਨੌਜਵਾਨਾਂ ਦੀ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ ਤੇ ਇਸ ਲਈ ਉਹ ਆਪੋ-ਆਪਣੇ ਇਲਾਕੇ 'ਚ ਅਜਿਹੇ ਨੌਜਵਾਨਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਮੁਫ਼ਤ ਸਿਖਲਾਈ ਪ੍ਰੋਗਰਾਮਾਂ 'ਚ ਸ਼ਾਮਲ ਕਰਨ। ਇਸ ਮੌਕੇ ਹੋਰਨਾ ਤੋਂ ਇਲਾਵਾ ਸਹਾਇਕ ਕਿਰਤ ਕਮਿਸ਼ਨਰ ਐਸ.ਐਸ. ਸਿੱਧੂ, ਹਰਕੇਸ਼ ਚੰਦ ਸ਼ਰਮਾ, ਏ.ਡੀ.ਐਫ. ਨਰਿੰਦਰਪਾਲ ਸਿੰਘ ਅਤੇ ਇਨਫੋਰਸਮੈਂਟ ਅਫ਼ਸਰ ਮੈਡਮ ਗੁਰਪਿੰਦਰ ਕੌਰ ਹਾਜ਼ਰ ਸਨ।