5 Dariya News

ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਕੇਰਲਾ ਰਾਜ ਲਈ ਤੁਰੰਤ 10 ਕਰੋੜ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ

ਪੰਜ ਕਰੋੜ ਰੁਪਏ ਮੁੱਖ ਮੰਤਰੀ ਕੇਰਲਾ ਰਾਹਤ ਕੋਸ਼ ਵਿੱਚ ਭੇਜੇ ਜਾ ਰਹੇ ਹਨ ਤੇ ਬਾਕੀ ਰਾਸ਼ੀ ਖਾਧ ਸਮੱਗਰੀ ਅਤੇ ਹੋਰ ਲੋੜੀਂਦੀਆਂ ਵਸਤਾਂ ਦੇ ਰੂਪ ਵਿੱਚ ਭੇਜੀ ਜਾਵੇਗੀ

5 Dariya News

ਚੰਡੀਗੜ੍ਹ 17-Aug-2018

ਮੁੱਖ ਮੰਤਰੀ  ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਨਾਲ ਜੂਝ ਰਹੇ ਕੇਰਲਾ ਰਾਜ ਨੂੰ ਤੁਰੰਤ 10 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪਜਾਬ ਰਾਹਤ ਕੋਸ਼ ਵਿੱਚੋਂ 5 ਕਰੋੜ ਰੁਪਏ ਦੀ ਰਾਸ਼ੀ ਕੇਰਲਾ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਭੇਜੇ ਜਾ ਰਹੇ ਹਨ ਅਤੇ ਬਕਾਇਆ 5 ਕਰੋੜ ਰੁਪਏ ਦਾ ਖਾਣ ਲਈ ਤਿਆਰ ਵਸਤਾਂ ਅਤੇ ਹੋਰ ਵਸਤਾਂ ਦੇ ਰੂਪ ਵਿੱਚ ਭਾਰਤੀ ਰੱਖਿਆ ਮੰਤਰਾਲੇ ਰਾਹੀਂ ਭੇਜੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕੇਰਲਾ ਰਾਜ ਨੂੰ ਦਿੱਤੀ ਗਈ ਇਸ ਮਦਦ ਦੀ ਪਹਿਲੀ ਖੇਪ ਜੋ ਕਿ 30 ਟਨ ਦੀ ਹੈ ਜਿਸ ਵਿੱਚ ਖਾਣ ਲਈ ਤਿਆਰ ਭੋਜਨ, ਬਿਸਕੁਟ, ਰਸ, ਬੋਤਲ ਬੰਦ ਪਾਣੀ ਅਤੇ ਸੁੱਕਾ ਦੁੱਧ ਸ਼ਾਮਲ ਹੈ। ਇਸ ਤੋਂ ਇਲਾਵਾ ਇਕ ਲੱਖ ਫੂਡ ਪੈਕੇਟ ਦੀ ਪਹਿਲੀ ਖੇਪ ਵਿੱਚ ਭੇਜੇ ਜਾ ਰਹੇ ਹਨ।  ਭਾਰਤੀ ਹਵਾਈ ਫੌਜ ਰਾਹੀਂ ਭੇਜੀ ਜਾ ਰਹੀ ਇਹ ਸਮਗਰੀ ਕਲ ਤੱਕ ਚਲੀ ਜਾਵੇਗੀ ਅਤੇ ਬਾਕੀ ਸਮਾਨ ਕੇਰਲਾ ਸਰਕਾਰ ਦੀ ਮੰਗ ਅਨੁਸਾਰ ਭੇਜ ਦਿੱਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਕੇਰਲਾ ਰਾਜ ਨੂੰ ਸਮੇਂ ਸਿਰ ਮਦਦ ਪੁੱਜਦੀ ਕਰਨ ਲਈ ਹਰੇਕ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸੇ ਅਧੀਨ 30-30 ਟਨ ਖਾਧ ਵਸਤਾਂ ਲੈ ਕੇ ਚਾਰ ਹਵਾਈ ਜਹਾਜ਼ ਕੇਰਲਾ ਜਾਣਗੇ। 

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਤ ਕਮਿਸ਼ਨਰ ਮਾਲ ਵੱਲੋਂ ਆਪਣੇ ਕੇਰਲਾ ਦੇ ਹਮਰੁਤਬਾ ਨਾਲ ਗੱਲਬਾਤ ਕਰ ਕੇ ਸਥਿਤੀ ਜਾ ਜਇਜ਼ਾ ਲਿਆ ਗਿਆ ਅਤੇ ਹੜ੍ਹਾਂ ਨਾਲ ਪੈਦਾ ਹੋਈ ਇਸ ਅਣਕਿਆਸੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਮਦਦ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਰੱਖਿਆ ਮੰਤਰਾਲੇ ਤੋਂ ਰਾਹਤ ਸਮਗਰੀ ਕੇਰਲਾ ਭੇਜਣ ਲਈ ਮਦਦ ਦੀ ਮੰਗ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਪੰਜਾਬ ਦੀ ਅਪੀਲ 'ਤੇ ਪੰਜਾਬ ਆਈ.ਏ.ਐਸ. ਆਫੀਸਰਜ਼ ਐਸੋਸਿਏਸ਼ਨ ਦੇ ਮੈਂਬਰਜ਼ ਨੇ ਆਪਣੀ ਇਕ-ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਕੋਸ਼ ਨੂੰ ਦਾਨ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਕੇਰਲਾ ਦੀ ਮਦਦ ਕੀਤੀ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਬਾਕੀ ਕਰਮਚਾਰੀਆਂ ਨੂੰ ਵੀ ਇਸ ਤਰ੍ਹਾਂ ਦੀ ਹੀ ਮਦਦ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਰਾਜ ਦੀਆਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਪਰਉਪਕਾਰੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਰਲਾ ਦੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਉਣ ਕਿਉਂਕਿ ਇਸ ਵਿਲੱਖਣ ਕਿਸਮ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਲੱਖਣ ਕਿਸਮ ਦੇ ਉਪਾਅ ਦੀ ਲੋੜ ਹੈ। ਉਨ੍ਹਾਂ ਪੂਰੇ ਦੇਸ਼ ਨੂੰ ਇਸ ਮੁਸ਼ਕਲ ਘੜੀ ਵਿੱਚ ਕੇਰਲਾ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਵੀ ਅਪੀਲ ਕੀਤੀ।