5 Dariya News

1 ਕੁਇੰਟਲ 60 ਕਿੱਲੋ ਸ਼ੱਕੀ ਪਨੀਰ ਨਸ਼ਟ ਕਰਵਾਇਆ, ਨਮੂਨੇ ਭਰਕੇ ਜਾਂਚ ਲਈ ਭੇਜੇ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਨੇ ਐਸ.ਡੀ.ਐਮ. ਰਾਜਪੁਰਾ ਦੀ ਅਗਵਾਈ ਹੇਠ ਕੀਤੀ ਕਾਰਵਾਈ

5 Dariya News

ਰਾਜਪੁਰਾ 17-Aug-2018

ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤਾਂ ਮੁਹੱਈਆ ਕਰਵਾਉਣ ਦੇ ਮਿਥੇ ਟੀਚੇ ਨੂੰ ਪੂਰਾ ਕਰਦਿਆਂ ਅੱਜ ਰਾਜਪੁਰਾ ਵਿਖੇ ਇੱਕ ਕਾਰ ਰਾਹੀਂ ਸਪਲਾਈ ਹੋਣ ਆਇਆ ਲਗਪਗ ਇੱਕ ਕੁਇੰਟਲ 60 ਕਿੱਲੋ ਸ਼ੱਕੀ ਪਨੀਰ ਬਰਾਮਦ ਕਰਕੇ ਸਿਹਤ ਵਿਭਾਗ ਦੀ ਟੀਮ ਵਲੋਂ ਨਸ਼ਟ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਰਾਜਪੁਰਾ ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਪਨੀਰ ਦੇ ਸੈਂਪਲ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕ੍ਰਿਸ਼ਨ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਸ੍ਰੀਮਤੀ ਪੁਨੀਤ ਸ਼ਰਮਾ ਦੀ ਟੀਮ ਵੱਲੋਂ ਭਰ ਲਏ ਗਏ ਹਨ ਅਤੇ ਇਨ੍ਹਾਂ ਦੀ ਰਿਪੋਰਟ ਆਉਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਟੀਮ ਦੇ ਨਾਲ ਸ਼ਹਿਰੀ ਪੁਲਿਸ ਥਾਣੇ ਵਧੀਕ ਐਸ.ਐਚ.ਓ. ਕੰਵਰਪਾਲ ਸਿੰਘ ਅਤੇ ਏ.ਐਸ.ਆਈ. ਦਵਿੰਦਰ ਵੀ ਮੌਜੂਦ ਸਨ। ਜ਼ਿਲ੍ਹਾ ਸਿਹਤ ਅਫ਼ਸਰ ਸ੍ਰੀ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋਂ ਲਗਾਤਾਰ ਸੈਂਪਲ ਭਰੇ ਜਾ ਰਹੇ ਹਨ ਅਤੇ ਸ਼ੱਕੀ ਪਾਏ ਜਾਂਦੇ ਸਮਾਨ ਨੂੰ ਨਸ਼ਟ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਰਵਾਣਾ (ਹਰਿਆਣਾ) ਵਿਖੇ ਡੇਅਰੀ ਅਤੇ ਮਿਲਕ ਪ੍ਰੋਡਕਟਸ ਦਾ ਕੰਮ ਕਰਦਾ ਰਾਮ ਮੇਹਰ ਨਾ ਦਾ ਵਿਅਕਤੀ ਰਾਜਪੁਰਾ ਵਿਖੇ ਸਪਲਾਈ ਕਰਨ ਲਈ ਪਨੀਰ ਇੱਕ ਕਾਰ 'ਚ ਲਿਆ ਰਿਹਾ, ਦੀ ਜਾਂਚ ਕਰਨ 'ਤੇ ਜਦੋਂ ਇਸ ਨੂੰ ਸ਼ੱਕੀ ਪਾਇਆ ਗਿਆ ਤਾਂ ਇਸ ਦੇ ਸੈਂਪਲ ਭਰ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ।  ਐਸ.ਡੀ.ਐਮ. ਸ਼ਿਵ ਕੁਮਾਰ ਨੇ ਦੱਸਿਆ ਇਹ ਪਨੀਰ ਲੈ ਕੇ ਆਏ ਵਿਅਕਤੀ ਨੇ ਦੱਸਿਆ ਹੈ ਕਿ ਉਹ ਇਹ ਪਨੀਰ 160 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਦਾ ਹੈ ਅਤੇ ਸਿਹਤ ਵਿਭਾਗ ਦੀ ਟੀਮ ਨੇ ਇਸਦੇ ਨਮੂਨੇ ਲੈਕੇ ਅਗਲੇਰੀ ਜਾਂਚ ਲਈ ਭੇਜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੂੰ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਜਦੋਂ ਤਕ ਇਸ ਦੀ ਜਾਂਚ ਦੀ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਇਸਨੂੰ ਵੇਚਿਆ ਨਹੀਂ ਜਾ ਸਕੇਗਾ, ਇਸ ਲਈ ਇਸ ਦੇ ਖ਼ਰਾਬ ਹੋਣ ਦੇ ਖ਼ਦਸ਼ੇ ਦੇ ਮੱਦੇਨਜਰ ਇਸਨੂੰ ਨਸ਼ਟ ਕਰਵਾ ਦਿੱਤਾ ਗਿਆ।