5 Dariya News

ਨੌਜਵਾਨ ਪੀੜ੍ਹੀ ਮਦਨ ਲਾਲ ਢੀਂਗਰਾ ਦੇ ਜੀਵਨ ਤੋਂ ਪ੍ਰੇਰਨਾ ਲਵੇ- ਨਵਜੋਤ ਸਿੰਘ ਸਿੱਧੂ

ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ 'ਤੇ ਸਮਾਗਮ

5 Dariya News

ਅੰਮ੍ਰਿਤਸਰ 17-Aug-2018

ਪੰਜਾਬ ਸਰਕਾਰ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹੀਦੀ ਸਬੰਧੀ ਰਾਜ ਪੱਧਰੀ ਸਮਾਗਮ ਜੋ ਕਿ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਵਿਖੇ ਮਨਾਇਆ ਜਾਣਾ ਸੀ, ਉਹ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਅਚਾਨਕ ਸਵਰਗਵਾਸ ਹੋ ਜਾਣ ਕਰਨ ਜਿਲ੍ਹਾ ਪ੍ਰਸਾਸਨ ਵੱਲੋਂ ਰੱਦ ਕਰ ਦੇਣ ਕਾਰਨ ਜਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਟਾਊਨ ਹਾਲ ਵਿਖੇ ਸਥਾਪਤ ਸ਼ਹੀਦ ਮਦਨ ਲਾਲ ਢੀਂਗਰਾ ਦੇ ਬੁੱਤ ਵਿਖੇ ਸੰਖੇਪ ਸਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਥੇ  ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਪੁਸ਼ਪਾਂਜਲੀ ਅਰਪਿਤ ਕਰਕੇ ਸ਼ਹੀਦ ਨੂੰ ਯਾਦ ਕੀਤਾ। ਇਸ ਮੌਕੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਸਿੱਧੂ ਨੇ ਕਿਹਾ ਕਿ ਸ਼ਹੀਦ ਸਾਰੇ ਦੇਸ਼ ਦਾ ਅਨਮੋਲ ਵਿਰਸਾ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਲੱਖਾਂ ਹੀ ਦੇਸ਼ ਭਗਤਾਂ, ਸ਼ੂਰਬੀਰ ਯੋਧਿਆਂ ਨੇ ਕੁਰਬਾਨੀ ਦਿੱਤੀ ਹੈ, ਜਿੰਨਾਂ ਦੀ ਬਦੌਲਤ ਅਸੀਂ ਅੱਜ ਆਜ਼ਾਦ ਫਿਜਾਂ ਵਿੱਚ ਘੁੰਮ ਰਹੇ ਹਾਂ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਸ਼ਹੀਦਾਂ ਵੱਲੋਂ ਦਰਸਾਏ ਗਏ ਰਸਤੇ ਤੋਂ ਸੇਧ ਲੈਣੀ ਚਾਹੀਦੀ ਹੈ।

ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਵਾਰ ਦੀ ਤਰਾਂ ਇਸ ਵਾਰ ਵੀ ਰਾਜ ਪੱਧਰੀ ਸਮਾਗਮ ਅੰਮ੍ਰਿਤਸਰ ਵਿਖੇ ਰੱਖਿਆ ਗਿਆ ਸੀ, ਜੋ ਕਿ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਸਕੂਲ ਵਿਚ ਕਰਵਾਉਣ ਦੀਆਂ ਸਾਰੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਸਨ, ਪਰ ਸ਼ਾਮ ਨੂੰ ਵਾਜਪਾਈ ਦੇ ਅਕਾਲ ਚਲਾਣੇ ਕਾਰਨ ਸਰਕਾਰ ਵੱਲੋਂ ਸ਼ੋਕ ਐਲਾਨ ਦੇਣ ਕਾਰਨ ਸਮਾਗਮ ਰੱਦ ਕਰਨਾ ਪਿਆ ਸੀ, ਪਰ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਹ ਸਥਾਨ, ਜੋ ਕਿ ਉਨਾਂ ਦੇ ਜਨਮ ਸਥਾਨ ਦੇ ਨੇੜੇ ਹੈ, ਦੀ ਚੋਣ ਕੀਤੀ ਗਈ।  ਇਸ ਮੌਕੇ ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ ਅੰਮ੍ਰਿਤਸਰ, ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਐਸ:ਸ੍ਰੀਵਾਸਤਵਾ ਪੁਲਿਸ ਕਮਿਸ਼ਨਰ, ਸ਼ਿਵਰਾਜ ਸਿੰਘ ਬੱਲ ਸਹਾਇਕ ਕਮਿਸ਼ਨਰ ਜਨਰਲ, ਰਾਜੇਸ਼ ਸ਼ਰਮਾ ਐਸ:ਡੀ:ਐਮ ਅਮਿੰਤਸਰ-2, ਏ ਡੀ ਸੀ ਪੀ ਜਗਜੀਤ ਸਿੰਘ ਵਾਲੀਆ ਅਤੇ ਹੋਰ ਸਖਸ਼ੀਅਤਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।