5 Dariya News

ਫੂਡ ਸੇਫਟੀ ਟੀਮਾਂ ਵੱਲੋਂ ਵੱਡੀ ਕਾਮਯਾਬੀ ਹਾਸਲ, ਪਟਿਆਲਾ ਤੇ ਮੋਗਾ ਵਿੱਚ ਵੱਡੀ ਮਾਤਰਾ ਵਿੱਚ ਨਕਲੀ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਕੀਤੀਆਂ ਜ਼ਬਤ

ਲੋਕਾਂ ਵੱਲੋਂ ਦਿੱਤੀ ਮਹੱਤਵਪੂਰਨ ਜਾਣਕਾਰੀ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ ਛਾਪੇਮਾਰੀ : ਕੇ.ਐਸ ਪੰਨੂ

5 Dariya News

ਪਟਿਆਲਾ/ਮੋਗਾ 16-Aug-2018

ਅੱਜ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਦੇ ਫੂਡ ਅਤੇ ਡਰੱਗ ਪ੍ਰਸ਼ਾਸਨ ਨੇ ਪਟਿਆਲਾ ਤੇ ਮੋਗਾ ਤੋ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੇ ਉਤਪਾਦਾਂ ਦਾ ਬਹੁਤ ਵੱਡਾ ਜ਼ਖੀਰਾ ਜ਼ਬਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਣਕਾਰੀ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਦੇ ਕਮਿਸ਼ਨਰ ਕੇ.ਐਸ ਪੰਨੂ ਵਲੋਂ ਦਿੱਤੀ ਗਈ। ਇਸ ਮੁਹਿਮ ਦੀ ਅਗਵਾਈ ਕਰ ਰਹੇ  ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ  ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਹੀ ਫੂਡ ਸੇਫਟੀ ਦੀ ਟੀਮਾਂ ਅਤੇ ਪੁਲਿਸ ਕਰਮੀਆਂ ਵੱਲੋਂ ਸਾਂਝੇ ਤੌਰ ਤੇ ਸਿੰਗਲਾ ਮਿਲਕ ਚਿਲਿੰਗ ਸੈਂਟਰ ਨੇੜੇ ਦੇਵੀਗੜ੍ਹ, ਪਟਿਆਲਾ 'ਤੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਵੱਡੀ ਮਾਤਰਾ ਵਿੱਚ ਨਕਲੀ ਦੁੱਧ, ਪਨੀਰ ਅਤੇ ਦੇਸੀ ਘੀ ਬਰਾਮਦ ਕੀਤਾ ਗਿਆ ਹੈ। ਜਾਂਚ ਦੌਰਾਨ 53 ਬੋਰੀਆਂ ਦੁੱਧ ਬਨਾਉਣ ਵਾਲਾ ਪਾਊਡਰ, 250 ਲਿਟਰ ਸਲਫਿਉਰਿਕ ਐਸਿਡ, 1530 ਲਿਟਰ ਕੈਮੀਕਲ, 750 ਲਿਟਰ ਸਿਰਕਾ, 10 ਕਵਿੰਟਲ ਚਿੱਟਾ ਪਾਉਡਰ, 9 ਕਿੱਲੋ ਸਰਫ਼, 7000 ਲਿਟਰ ਦੁੱਧ, 3 ਟੈਂਕਰ, 20 ਕਵਿੰਟਲ ਪਨੀਰ ਅਤੇ 45 ਕਿੱਲੋ ਮੱਖਣ ਮੌਕੇ ਤੋਂ ਹੀ ਜ਼ਬਤ ਕੀਤਾ ਗਿਆ।ਇਸੇ ਤਰ੍ਹਾਂ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਸਿਹਤ ਵਿਭਾਗ ਦੇ ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਜ਼ਿਲ੍ਹਾ ਮੋਗਾ ਦੇ ਵਿਸ਼ਨੂ ਮਿਲਕ ਸੈਂਟਰ ਬਾਘਾਪੁਰਾਣਾ 'ਤੇ ਕੀਤੀ ਛਾਪੇਮਾਰੀ ਦੌਰਾਨ 1ਕਵਿੰਟਲ ਸੁੱਕਾ ਦੁੱਧ ਪਾਉਡਰ, 15 ਕਿੱਲੋ ਡਿਟਰਜੈਂਟ ਪਾਉਡਰ, 28 ਕਵਿੰਟਲ ਨਕਲੀ ਦੇਸੀ ਘੀ,300 ਲਿਟਰ ਸ਼ੱਕੀ ਦਹੀਂ, 300 ਕਿੱਲੋ ਪਨੀਰ ਮੌਕੇ ਤੋਂ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਲਈ ਭਰੇ ਗਏ ਸੈਂਪਲਾਂ ਨੂੰ ਸਟੇਟ ਲੈਬ ਖਰੜ ਵਿਖੇ ਭੇਜਿਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਨਤੀਜਿਆਂ ਦੇ ਆਧਾਰ 'ਤੇ ਸਬੰਧਤਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।” ਬੀਤੇ ਹਫਤੇ ਵੀ ਇਸੇ ਤਰਾਂ ਦੇ 1000 ਦੇ ਕਰੀਬ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ ਗਏ ਸਨ, ਜਿੰਨਾਂ ਵਿੱਚ ਚਿਲਿੰਗ ਸੈਂਟਰਜ਼, ਹਲਵਾਈਆਂ, ਡੇਅਰੀਆਂ , ਦੂਰ-ਦਰਾਡੇ ਦੇ ਇਲਾਕਿਆਂ ਵਿੱਚ ਸਥਿਤ ਦੁੱਧ ਤੋਂ ਵਸਤਾਂ ਤਿਆਰ ਕਰਨ ਵਾਲੀਆਂ ਸਨਅਤਾਂ , ਵਿਸ਼ੇਸ਼ ਨਾਕਿਆਂ ਅਤੇ ਟੋਲ ਬੈਰੀਅਰਾਂ ਉੱਤੇ ਕੀਤੀ ਗਈ  ਦੁੱਧ ਢੋਣ ਵਾਲੇ ਟੈਂਕਰਾਂ ਦੀ ਜਾਂਚ ਰਾਹੀਂ ਵੱਡੇ ਪੱਧਰ 'ਤੇ ਗ਼ੈਰ-ਮਿਆਰੀ , ਤੇਜਾਬੀ ਰਸਾਇਣ ਅਤੇ ਰੰਗਾਂ ਰਾਹੀਂ ਤਿਆਰ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਫੜੀਆਂ ਗਈਆਂ ਹਨ। ਜੋ ਕਿ ਐਫਐਸਐਸਏ ਦੇ ਅਧੀਨ ਵਰਜਿਤ ਹਨ।ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਸ਼ਟ੍ਰੇਸ਼ਨ ਨੇ ਕਿਹਾ ਕਿ ਨਮੂਨੇ ਭਰਨ ਦਾ ਕੰਮ ਖ਼ੁਰਾਕ ਪਦਾਰਥਾਂ ਦੀ  ਸ਼ੁੱਧਤਾ  ਸਬੰਧੀ ਤੈਅ ਪੈਮਾਨਿਆਂ ਨੂੰ ਹਾਸਲ ਕਰਨ ਤੱਕ ਜੰਗੀ ਪੱਧਰ 'ਤੇ ਜਾਰੀ ਰਹੇਗਾ। ਉਨਾਂ  ਿਕਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਇਸ ਮੁਹਿਮ ਵਿੱਚ ਰਾਜ ਦੇ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਜਾ ਰਿਹਾ ਹੈ ,ਜਿਸ ਨਾਲ ਸਾਨੂੰ ਛਾਪੇਮਾਰੀ ਵਿੱਚ ਮਦਦ ਮਿਲਦੀ ਹੈ।