5 Dariya News

ਸਮਾਜ ਤੇ ਦੇਸ਼ ਦੀ ਤਰੱਕੀ ਲਈ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣੀ ਲਾਜ਼ਮੀ : ਵਿਜੈ ਸਾਂਪਲਾ

ਕੇਂਦਰੀ ਵਿਦਿਆਲਿਆ ਦੀ ਨਵੀਂ ਬਣੀ ਇਮਾਰਤ ਦਾ ਕੀਤਾ ਉਦਘਾਟਨ, ਉਦਘਾਟਨੀ ਸਮਾਗਮ ਵਿਚ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਵਿਸ਼ੇਸ਼ ਤੌਰ 'ਤੇ ਕੀਤੀ ਸ਼ਿਰਕਤ

5 Dariya News

ਐਸ.ਏ.ਐਸ. ਨਗਰ (ਮੁਹਾਲੀ) 14-Aug-2018

ਸਮਾਜ ਤੇ ਦੇਸ਼ ਦੀ ਤਰੱਕੀ ਲਈ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦਿੱਤੇ ਜਾਣ ਦੀ ਲੋੜ ਹੈ ਜਿਹੜੀ ਨੈਤਿਕਤਾ 'ਤੇ ਆਧਾਰਿਤ ਹੋਵੇ ਅਤੇ ਸਮਾਜ ਨੂੰ ਤੋੜਨ ਦੀ ਥਾਂ ਜੋੜਨ ਦਾ ਕੰਮ ਕਰੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਵਲੋਂ ਇਥੇ ਸੈਕਟਰ-80 ਵਿਖੇ ਨਵੀਂ ਬਣੀ ਕੇਂਦਰੀ ਵਿਦਿਆਲਿਆ ਦੀ ਇਮਾਰਤ  ਦੇ ਉਦਘਾਟਨ ਲਈ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਗੁਰਪ੍ਰੀਤ ਕੌਰ ਸਪਰਾ ਦੀ ਹਾਜ਼ਰੀ ਵਿਚ ਕਰਵਾਏ ਸਮਾਗਮ ਦੌਰਾਨ ਕੀਤਾ। ਇਸ ਮੌਕੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਾਂਪਲਾ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਕ ਛੋਟੀ ਜਿਹੀ ਇਮਾਰਤ ਵਿਚ ਸ਼ੁਰੂ ਹੋਇਆ ਇਹ ਸਕੂਲ ਅੱਜ ਮਿਹਨਤ ਅਤੇ ਲਗਨ ਸਦਕਾ ਬੁਲੰਦੀਆ 'ਤੇ ਪੁਜਿਆ ਹੈ। ਉਹਨਾਂ ਕਿਹਾ ਕਿ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਇਹ ਜ਼ਰੂਰੀ ਹੈ ਕਿ ਨੈਤਿਕ ਕਦਰਾਂ ਕੀਮਤਾਂ ਨੂੰ ਸਿਖਿਆ ਦਾ ਆਧਾਰ ਬਣਾਉਂਦਿਆਂ ਇਹ ਯਕੀਨੀ ਬਣਾਇਆ ਜਾਵੇ ਕਿ ਸਿਖਿਆ ਹਾਸਲ ਕਰਨ ਵਾਲੇ ਹੋਰ ਗਿਆਨ ਦੇ ਨਾਲ ਨਾਲ ਇਨਸਾਨੀਅਤ ਅਤੇ ਰਿਸ਼ਤਿਆਂ ਦੀ ਕਦਰ ਕਰਨੀ ਸਿੱਖਣ।  ਸਮਾਜ ਦੀ ਮਜਬੂਤੀ ਲਈ ਪਰਿਵਾਰਾਂ ਅਤੇ ਪਰਿਵਾਰਿਕ ਰਿਸ਼ਤਿਆਂ ਦਾ ਮਜਬੂਤ ਹੋਣਾ ਲਾਜ਼ਮੀ ਹੈ। ਜੇ ਸਮਾਜ ਮਜਬੂਤ ਹੋਵੇਗਾ ਤਾਂ ਹੀ ਦੇਸ਼ ਮਜਬੂਤ ਹੋਵੇਗਾ ਅਤੇ ਤਰੱਕੀ ਕਰੇਗਾ। ਉਹਨਾਂ ਕਿਹਾ ਕਿ ਕਿਸੇ ਵੀ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਦਾ ਸਹਿਯੋਗ ਲਾਜ਼ਮੀ ਹੁੰਦਾ ਹੈ ਤੇ ਸਮਾਜ ਨੂੰ ਮਜਬੂਤ ਕਰਨ ਲਈ ਸਾਨੂੰ ਸਭ ਨੂੰ ਰਲ਼-ਮਿਲ ਕੇ ਕੰਮ ਕਰਨਾ ਪਵੇਗਾ। 

ਉਹਨਾਂ ਇਸ ਗੱਲ ਤੇ ਚਿੰਤਾ ਵੀ ਪ੍ਰਗਟਾਈ ਕਿ ਉਚ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਵੀ ਵਿਦਿਆਰਥੀ ਹੁਨਰਮੰਦ ਨਹੀਂ ਬਣਦੇ। ਇਸ ਲਈ ਲੋੜ ਹੈ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਹੁਨਰਮੰਦ ਬਣਾਇਆ ਜਾਵੇ ਅਤੇ ਨਾਲ ਹੀ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਵੀ ਪੂਰੀ ਜਾਣਕਾਰੀ ਹੋਵੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰੀ ਵਿਦਿਆਲਿਆ ਨੇ ਆਪਣੇ ਸ਼ਾਨਦਾਰ ਨਤੀਜਿਆਂ ਸਦਕਾ ਦੇਸ਼ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਚੋਂ ਮਾਪੇ ਆਪਣੇ ਬੱਚਿਆਂ ਨੂੰ ਕੇਂਦਰੀ ਵਿਦਿਆਲਿਆਂ ਵਿਚ ਪੜ੍ਹਾਉਣ ਨੂੰ ਪਹਿਲ ਦਿੰਦੇ ਹਨ।  ਇਹ ਸਕੂਲ ਭਾਰਤ ਵਾਂਗ ਅਨੇਕਤਾ ਵਿਚ ਏਕਤਾ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਉਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਸਭਿਆਚਾਰ ਦੀ ਸੰਭਾਲ ਵਿਚ ਸਿਖਿਆ ਖੇਤਰ ਦਾ ਸਭ ਤੋਂ ਅਹਿਮ ਰੋਲ ਹੁੰਦਾ ਹੈ ਕਿਉਂਕਿ ਅਧਿਆਪਕ ਜਿਵੇਂ ਚਾਹੁਣ ਉਵੇਂ ਵਿਦਿਆਰਥੀਆਂ ਨੂੰ ਢਾਲ ਸਕਦੇ ਹਨ। ਜੇ ਵਿਦਿਆਰਥੀਆਂ ਅੰਦਰ ਇਹ ਗੱਲ ਪਾਈ  ਜਾਵੇ ਕਿ ਉਹਨਾਂ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣਾ ਹੈ ਤੇ ਸਭਿਆਚਾਰ ਦੀ ਸੰਭਾਲ ਕਰਨੀ ਹੈ ਤਾਂ ਉਹ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਉਪਰੰਤ ਵੀ ਜਦੋਂ ਜਿੰਦਗੀ ਵਿਚ ਵਿਚਰਨਗੇ ਤਾਂ ਵੀ ਇਹਨਾਂ ਗੱਲਾਂ ਦਾ ਖਿਆਲ ਰੱਖਣਗੇ।  ਇਸ ਮੌਕੇ ਐਸ.ਡੀ.ਐਮ ਮੋਹਾਲੀ ਜਗਦੀਪ ਸਹਿਗਲ, ਕੇ.ਵੀ.ਐਸ ਖੇਤਰੀ ਦਫਤਰ ਚੰਡੀਗੜ੍ਹ ਦੇ ਡੀ.ਸੀ. ਰਣਵੀਰ ਸਿੰਘ, ਕੇ.ਵੀ.ਐਸ ਖੇਤਰੀ ਦਫਤਰ ਚੰਡੀਗੜ੍ਹ ਦੇ ਸਹਾਇਕ ਡੀ.ਸੀ. ਸ੍ਰੀਮਤੀ ਟੀ. ਰੁਕਮਣੀ ਅਤੇ ਐਸ.ਕੇ ਭਾਟੀਆ, ਸਕੂਲ ਦੇ ਪ੍ਰਿੰਸੀਪਲ ਏ.ਕੇ. ਮੌਰੀਆ ਸਮੇਤ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ।