5 Dariya News

ਪੰਜਾਬ ਦੇ ਹਰੇਕ ਉਦਯੋਗਿਕ ਯੂਨਿਟ ਵਿੱਚ ਪੌਦੇ ਲਵਾਏ ਜਾਣਗੇ : ਓਮ ਪ੍ਰਕਾਸ਼ ਸੋਨੀ

ਦੋ ਫੈਕਟਰੀਆਂ ਵਿੱਚ ਬੂਟੇ ਲਾ ਕੇ ਮੁਹਿੰਮ ਦੀ ਕੀਤੀ ਸ਼ੁਰੂਆਤ

5 Dariya News

ਚੰਡੀਗੜ੍ਹ 13-Aug-2018

ਪੰਜਾਬ ਨੂੰ ਹਰਿਆ ਭਰਿਆ ਬਣਾਉਣ ਅਤੇ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਮਕਸਦ ਨਾਲ ਪੰਜਾਬ ਵਿੱਚ ਸਥਾਪਤ ਸਾਰੇ ਉਦਯੋਗਿਕ ਯੂਨਿਟਾਂ ਵਿੱਚ ਪੌਦੇ ਲਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਅਧੀਨ ਵਾਤਾਵਰਣ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਪਿੰਡ ਸਾਧੂਗੜ੍ਹ ਸਥਿਤ ਪੈਗਰੋ ਫੂਡਜ਼ ਦੇ ਪ੍ਰੋਸੈਸਿੰਗ ਯੂਨਿਟ ਅਤੇ ਪਟਿਆਲਾ ਜ਼ਿਲ੍ਹੇ ਦੇ ਬਨੂੜ ਨਜ਼ਦੀਕ ਸਥਿਤ ਕੇਜਰੀਵਾਲ ਹਨੀ ਬੀ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਕੀਤਾ ਅਤੇ ਇਥੇ ਬੂਟੇ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।ਉਨ੍ਹਾਂ ਆਪਣੇ ਇਸ ਦੌਰੇ ਦੌਰਾਨ ਇਨ੍ਹਾਂ ਸਨਅਤੀ ਯੂਨਿਟਾਂ ਵੱਲੋਂ ਰਹਿੰਦ ਖੂੰਹਦ ਦੇ ਨਿਬੇੜੇ ਦੀ ਪੂਰੀ ਪ੍ਰੀਕਿਰਿਆ ਨੂੰ ਵਾਚਿਆ ਅਤੇ ਵਰਤੇ ਗਏ ਪਾਣੀ ਨੂੰ ਮੁੜ ਸ਼ੁੱਧ ਕਰਨ ਲਈ ਲਾਏ ਗਏ ਐਫੂਲੈਂਟ ਟਰੀਟਮੈਂਟ ਪਲਾਂਟ (ਈਟੀਪੀ) ਦੇ ਕੰਮਕਾਜ ਨੂੰ ਵੀ ਚੰਗੀ ਤਰ੍ਹਾਂ ਘੋਖਿਆ।ਸ੍ਰੀ ਸੋਨੀ ਨੇ ਕਿਹਾ ਕਿ ਕੈਪਟਨ ਸਰਕਾਰ ਰਾਜ ਵਿੱਚ ਉਦਯੋਗੀਕਰਨ ਨੂੰ ਹੋਰ ਉਤਸ਼ਾਹਤ ਕਰਨ ਅਤੇ ਰਾਜ ਦੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੈਗਰੋ ਫੂਡਜ਼ ਅਤੇ ਕੇਜਰੀਵਾਲ ਹਨੀ ਪ੍ਰੋਸੈਸਿੰਗ ਯੂਨਿਟ ਜਿੱਥੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਹੇ ਹਨ, ਉਥੇ ਨਾਲ ਹੀ ਪੰਜਾਬ ਦੇ ਵਾਤਾਵਰਣ ਨੂੰ ਹੋਰ ਵਧੀਆ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।ਉਨ੍ਹਾਂ ਕਿਹਾ ਕਿ ਵਾਤਾਵਰਣ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਵਾਤਾਵਰਣ ਨੂੰ ਬਚਾਉਣ ਅਤੇ ਬਿਹਤਰ ਬਨਾਉਣ ਦੀ ਦਿਸ਼ਾ ਵਿੱਚ ਹੋਰ ਜ਼ਿਆਦਾ ਤੇਜ਼ੀ ਨਾਲ ਕੰਮ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਪੂਰੇ ਸੂਬੇ ਦੇ ਉਦਯੋਗਿਕ ਯੂਨਿਟਾਂ ਵਿੱਚ ਬੂਟੇ ਲਾਉਣ ਲਈ ਕਿਹਾ ਗਿਆ ਹੈ।