5 Dariya News

ਸਰਕਾਰੀ ਪ੍ਰਾਇਮਰੀ ਸਕੂਲ ਮੁਰਗੀ ਮੁਹੱਲਾ ਦੀ ਅਧਿਆਪਕਾ ਮਨਦੀਪ ਕੌਰ ਨੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ

ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਪੜ੍ਹਾਈ ਦੇ ਪੱਖ ਤੋਂ ਨਿੱਜੀ ਸਕੂਲਾਂ ਦੇ ਬੱਚਿਆਂ ਨੂੰ ਪਛਾੜਿਆ, ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਆਪਕਾ ਮਨਦੀਪ ਕੌਰ ਨੂੰ ਵਿਸ਼ੇਸ਼ ਤੌਰ 'ਤੇ ਕੀਤਾ ਸਨਮਾਨਤ

5 Dariya News

ਬਟਾਲਾ 13-Aug-2018

ਸਰਕਾਰੀ ਪ੍ਰਾਇਮਰੀ ਸਕੂਲ ਮੁਰਗੀ ਮਹੱਲਾ ਬ੍ਰਾਂਚ-4 ਬਟਾਲਾ ਦੀ ਅਧਿਆਪਕਾ ਮਨਦੀਪ ਕੌਰ ਨੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਅਧਿਆਪਕਾ ਮਨਦੀਪ ਕੌਰ ਦੀਆਂ ਸਿੱਖਿਆ ਦੇ ਖੇਤਰ ਵਿੱਚ ਨਿਰਸਵਾਰਥ ਕੋਸ਼ਿਸ਼ਾਂ ਸਦਕਾ ਜਿਥੇ ਬੱਚੇ ਪੜ੍ਹਾਈ ਪੱਖੋਂ ਅੱਗੇ ਹਨ ਉਥੇ ਉਨ੍ਹਾਂ ਨੂੰ ਆਪਣੀਆਂ ਛੁਪੀਆਂ ਹੋਈਆਂ ਪ੍ਰਤਿਭਾਵਾਂ ਨਿਖਾਰਨ ਦਾ ਮੌਕਾ ਮਿਲਿਆ ਹੈ। ਮਨਦੀਪ ਕੌਰ ਦੀ ਇਸ ਘਾਲਣਾ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਸਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾ ਚੁੱਕਾ ਹੈ।  ਅਧਿਆਪਕਾ ਮਨਦੀਪ ਕੌਰ ਜਿਨ੍ਹਾਂ ਦੀ ਪੜ੍ਹਾਈ ਐੱਮ.ਏ. ਰਾਜਨੀਤੀ ਸ਼ਾਸ਼ਤਰ ਅਤੇ ਬੀ.ਐੱਡ. ਹੈ ਅਤੇ ਉਹ ਸਾਲ 2008 ਵਿੱਚ ਸਿੱਖਿਆ ਵਿਭਾਗ ਵਿੱਚ ਬਤੌਰ ਪ੍ਰਾਇਮਰੀ ਅਧਿਆਪਕਾ ਭਰਤੀ ਹੋਏ ਸਨ। ਮਨਦੀਪ ਕੌਰ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਇਨੀ ਮਿਹਨਤ ਤੇ ਲਗਨ ਨਾਲ ਪੜ੍ਹਾਉਂਦੇ ਹਨ ਕਿ ਉਨ੍ਹਾਂ ਦੇ ਸਕੂਲ ਦੇ ਬੱਚੇ ਪੜ੍ਹਾਈ ਪੱਖੋਂ ਕਿਸੇ ਵੀ ਨਿੱਜੀ ਸਕੂਲ ਦੇ ਬੱਚਿਆਂ ਨਾਲੋਂ ਘੱਟ ਨਹੀਂ ਹਨ। ਮਨਦੀਪ ਕੌਰ ਬੱਚਿਆਂ ਨੂੰ ਜਿਥੇ ਸਿਲੇਬਸ ਪੜ੍ਹਾ ਰਹੇ ਹਨ ਉਥੇ ਬੱਚਿਆਂ ਦੀ ਲਿਖਾਈ ਸੁਧਾਰਨ, ਕੋਮਲ ਕਲਾਵਾਂ ਨੂੰ ਉਤਸ਼ਾਹਤ ਕਰਨ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਮੁਹਾਰਤ ਦੇਣ ਲਈ ਵਿਸ਼ੇਸ਼ ਯਤਨ ਕਰਦੇ ਹਨ। ਉਹ ਵਰਣਮਾਲਾ ਨੂੰ ਗੀਤਾਂ ਦੇ ਰੂਪ ਵਿੱਚ ਬੱਚਿਆਂ ਨੂੰ ਸੁਣਾਉਂਦੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪੜ੍ਹੇ ਬੱਚੇ ਹਰ ਪੱਖ ਤੋਂ ਅੱਗੇ ਹਨ।

ਬਟਾਲਾ ਸ਼ਹਿਰ ਦੀ ਸੰਘਣੀ ਅਬਾਦੀ ਮੁਰਗੀ ਮੁਹੱਲਾ ਵਿੱਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵੱਡੀ ਗਿਣਤੀ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਅਤੇ ਅਧਿਆਪਕਾ ਮਨਦੀਪ ਕੌਰ ਜਿਥੇ ਬੱਚਿਆਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀ ਸਹੂਲਤਾਂ ਮੁਹੱਈਆ ਕਰਾਉਂਦੇ ਹਨ, ਉਥੇ ਉਹ ਖੁਦ ਵੀ ਲੋੜਵੰਦ ਬੱਚਿਆਂ ਦੀ ਹਰ ਪੱਖ ਤੋਂ ਮਦਦ ਕਰਦੇ ਹਨ। ਬੱਚੇ ਅਧਿਆਪਕਾ ਮਨਦੀਪ ਕੌਰ ਦੇ ਪੜ੍ਹਾਉਣ ਦੇ ਤਰੀਕੇ ਤੋਂ ਬੇਹੱਦ ਪ੍ਰਭਾਵਤ ਹਨ ਅਤੇ ਇਸ ਸਕੂਲ ਦੇ ਬੱਚੇ ਹਰ ਖੇਤਰ ਵਿੱਚ ਹਮੇਸ਼ਾਂ ਮੋਹਰੀ ਰਹਿੰਦੇ ਹਨ। ਅਧਿਆਪਕਾ ਮਨਦੀਪ ਕੌਰ ਦਾ ਕਹਿਣਾ ਹੈ ਕਿ ਪੜ੍ਹਾਉਣ ਉਸਦਾ ਪੇਸ਼ਾ ਹੀ ਨਹੀਂ ਬਲਕਿ ਉਸਦਾ ਧਰਮ ਹੈ ਅਤੇ ਉਹ ਆਪਣੀ ਇਸ ਜਿੰਮੇਵਾਰੀ ਨੂੰ ਹਮੇਸ਼ਾਂ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਯਤਨ ਕਰਦੀ ਹੈ। ਉਸਨੇ ਕਿਹਾ ਕਿ ਸਕੂਲ ਪੜ੍ਹਦੇ ਬੱਚੇ ਉਸਦੇ ਆਪਣੇ ਬੱਚੇ ਹਨ ਅਤੇ ਇਨ੍ਹਾਂ ਬੱਚਿਆਂ ਦਾ ਭਵਿੱਖ ਰੁਸ਼ਨਾਉਣਾ ਉਸਦੀ ਜਿੰਮੇਵਾਰੀ ਹੈ। ਉਸਨੇ ਕਿਹਾ ਕਿ ਸਾਰੇ ਬੱਚੇ ਬਹੁਤ ਲਾਇਕ ਹਨ ਅਤੇ ਪੜ੍ਹਾਈ ਵਿੱਚ ਪੂਰੀ ਰੁਚੀ ਲੈਂਦੇ ਹਨ। ਅਧਿਆਪਕਾ ਮਨਦੀਪ ਕੌਰ ਦੀ ਮਿਹਨਤ, ਲਗਨ ਅਤੇ ਸਮਰਪਣ ਭਾਵਨਾ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਸਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕਰ ਚੁੱਕੇ ਹਨ। ਸਕੂਲ ਦੇ ਮਿਹਨਤੀ ਸਟਾਫ਼ ਕਾਰਨ ਇਸ ਸਕੂਲ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਨੂੰ ਤਰਹੀਹ ਦਿੰਦੇ ਹਨ ਅਤੇ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਦੂਜੇ ਸਕੂਲਾਂ ਦੇ ਮੁਕਾਬਲੇ ਵੱਧ ਹੈ।