5 Dariya News

ਪਾਲੀਵੁੱਡ ਦੀ ਡਾਟਾ ਟੈਲੀਫ਼ੋਨ ਡਾਇਰੈਕਟਰੀ ਸਤਿੰਦਰ ਸਰਤਾਜ ਨੇ ਕੀਤੀ ਰਿਲੀਜ਼

ਇਸ ਚੌਥੇ ਅਡੀਸ਼ਨ 'ਚ ਸੁਮੱਚੀਆਂ ਪੰਜਾਬੀ ਫ਼ਿਲਮਾਂ ਦੀ ਜਾਣਕਾਰੀ ਵੀ ਮਿਲੇਗੀ, 7 ਹਜ਼ਾਰ ਤੋਂ ਵੱਧ ਲੋਕਾਂ ਦੀ ਸੰਪਰਕ ਡੀਟੇਲ ਹੈ ਸ਼ਾਮਲ

5 Dariya News

ਚੰਡੀਗੜ੍ਹ 11-Aug-2018

ਪੰਜਾਬੀ ਮਨੋਰੰਜਨ ਜਗਤ ਦੀ ਚਰਚਾ ਇਸ ਵੇਲੇ ਸੁਮੱਚੀ ਦੁਨੀਆਂ 'ਚ ਹੈ। ਪੰਜਾਬੀ ਮਿਊਜ਼ਿਕ ਤੋਂ ਬਾਅਦ ਹੁਣ ਪੰਜਾਬੀ ਫ਼ਿਲਮਾਂ ਲਗਭਗ ਦੁਨੀਆਂ ਦੇ ਹਰ ਕੋਨੇ 'ਚ ਰਿਲੀਜ਼ ਹੋਣ ਲੱਗੀਆਂ ਹਨ।  ਬਾਲੀਵੁੱਡ ਸਮੇਤ ਹੋਰ ਖੇਤਰੀ ਫ਼ਿਲਮ ਇੰਡਸਟਰੀ ਨਾਲ ਜੁਣੇ ਲੋਕਾਂ ਦੀ ਦਿਲਚਸਪੀ ਲਗਾਤਾਰ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੱਧ ਰਹੀ ਹੈ। ਇਸ ਆਲਮ 'ਚ ਪਾਲੀਵੁੱਡ ਦੀ ਅਹਿਮ ਜ਼ਰੂਰਤ ਸਮਝੀ ਜਾ ਰਹੀ ਟੈਲੀਫ਼ੋਨ ਡਾਇਰੈਕਟਰੀ ਦੀ ਘਾਟ ਵੀ ਹੁਣ ਪੂਰੀ ਹੋ ਗਈ। ਪੰਜਾਬੀ ਸਿਨੇਮੇ ਨਾਲ ਜੁੜੇ 'ਫ਼ਾਈਵਵੁੱਡ ਮੀਡੀਆ' ਦੇ ਮੁਖੀ ਸਪਨ ਮਨਚੰਦਾ ਵੱਲੋਂ ਇਸ ਘਾਟ ਨੂੰ ਪੂਰੀ ਕਰਦਿਆਂ ਇਕ ਅਜਿਹੀ ਟੈਲੀਫ਼ੋਨ ਡਾਟਾ ਡਾਇਰੈਕਟਰੀ ਤਿਆਰ ਕੀਤੀ ਗਈ ਹੈ, ਜਿਸ 'ਚ ਨਾ ਸਿਰਫ਼ ਇਸ ਖੇਤਰ ਨਾਲ ਜੁੜੇ 7 ਹਜ਼ਾਰ ਦੇ ਕਰੀਬ ਲੋਕਾਂ ਦੀ ਸੰਪਰਕ ਡੀਟੇਲ ਉਨ੍ਹਾਂ ਦੀ ਤਸਵੀਰ ਸਮੇਤ ਪ੍ਰਕਾਸ਼ਿਤ ਕੀਤੀ ਗਈ ਹੈ, ਬਲਕਿ ਹੁਣ ਤੱਕ ਰਿਲੀਜ਼ ਹੋਈਆਂ ਪੰਜਾਬੀ ਫ਼ਿਲਮਾਂ ਦੀ ਜਾਣਕਾਰੀ ਅਤੇ ਇਸ ਇੰਡਸਟਰੀ ਨਾਲ ਜੁੜੇ ਕਈ ਅਹਿਮ ਪਹਿਲੂ ਵੀ ਇਸ 'ਚ ਸ਼ਾਮਲ ਕੀਤੇ ਗਏ ਹਨ। ਇਸ ਰੰਗੀਨ ਵਰਲਡ ਪਾਲੀਵੁੱਡ ਡਾਇਰੈਕਟਰੀ ਨੂੰ ਅੱਜ ਇਥੇ ਨਾਮਵਰ ਸੂਫ਼ੀ ਗਾਇਕੀ ਗਾਇਕ, ਸ਼ਾਇਰ, ਕੰਪੋਜਰ ਅਤੇ ਅਦਾਕਾਰ ਡਾ ਸਤਿੰਦਰ ਸਰਤਾਜ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬੀ ਸਿਨੇਮੇ ਨਾਲ ਜੁੜੇ ਵੱਖ ਵੱਖ ਚਿਹਰਿਆਂ ਤੋਂ ਇਲਾਵਾ ਨਾਮਵਰ ਵੀਡੀਓ ਨਿਰਦੇਸ਼ਕ ਸੰਦੀਪ ਸ਼ਰਮਾ, ਫ਼ਿਲਮ ਲੇਖਕ ਅਤੇ ਨਾਮਵਰ ਨਾਟਕਕਾਰ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ, ਫ਼ਿਲਮ ਨਿਰਦੇਸ਼ਕ ਨਵਤੇਜ ਸੰਧੂ, ਹੋਟਲ ਰਮਾਡਾ ਪਲਾਜਾ ਤੋਂ ਮੁਨੀਸ਼ ਜੀ, ਗੁਪਤਾ ਬਿਲਡਰ ਦੇ ਸੰਚਾਲਕ  ਰਮਨ ਗੁਪਤਾ ਅਤੇ ਡਾਇਰੈਕਟਰੀ ਦੀ ਟੀਮ 'ਚ ਸ਼ਾਮਲ ਰੂਬਲ ਭਾਂਖਰਪੁਰ ਅਤੇ ਸੁਖਬੀਰ ਠਾਕਰ ਹਾਜ਼ਰ ਸਨ। ਇਸ ਮੌਕੇ ਡਾਇਰੈਕਟਰੀ ਨੂੰ ਲੋਕ ਅਰਪਿਤ ਕਰਦਿਆਂ ਸਤਿੰਦਰ ਸਰਤਾਜ ਨੇ ਇਸ ਨੂੰ ਸਪਨ ਮਨਚੰਦਾ ਦਾ ਸ਼ਾਨਦਾਰ ਉਪਰਾਲਾ ਦੱਸਿਆ। ਉਨ੍ਹਾਂ ਕਿਹਾ ਕਿ ਇੰਡਸਟਰੀ ਚਾਹੇ ਕੋਈ ਹੋਵੇ, ਬਿਨਾਂ ਇੰਨਫਰਮੇਸ਼ਨ ਤੋਂ ਉਸ ਦਾ ਸਫ਼ਲ ਹੋਣ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਡਾਇਰੈਕਟਰੀ ਜਿਥੇ ਪੰਜਾਬੀ ਇੰਡਸਟਰੀ ਦਾ ਕੰਮ ਆਸਾਨ ਕਰੇਗੀ, ਉਥੇ ਨਾਲ ਹੀ ਨਵੇਂ ਕਲਾਕਾਰਾਂ ਦਾ ਸੰਘਰਸ਼ ਵੀ ਘਟਾਏਗੀ। ਇਸ ਨਾਲ ਹੁਣ ਕਲਾਕਾਰਾਂ ਦਾ ਇਕ ਦੂਜੇ ਨਾਲ ਰਾਬਤਾ ਕਾਇਮ ਕਰਨਾ ਵੀ ਆਸਾਨ ਹੋਵੇਗਾ। ਹਰ ਇੰਡਸਟਰੀ ਦੀ ਡਾਇਰੈਕਟਰੀ ਜ਼ਰੂਰ ਬਣਦੀ ਹੈ। ਪੰਜਾਬੀ ਇੰਡਸਟਰੀ ਦੀ ਇਹ ਘਾਟ ਸਪਨ ਮਨਚੰਦਾ ਨੇ ਪੂਰੀ ਕਰਕੇ ਨਾਮਣਾ ਖੱਟਿਆ ਹੈ। 

ਇਸ ਮੌਕੇ ਸਪਨ ਮਨਚੰਦਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਸਾਲਾਂ ਬਾਅਦ ਤਿਆਰ ਕੀਤੀ ਜਾਂਦੀ ਡਾਇਰੈਕਟਰੀ ਦਾ ਇਹ ਚੌਥਾ ਅਡੀਸ਼ਨ ਹੈ, ਜੋ ਕਰੀਬ 7 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਰਿਲੀਜ਼ ਲਈ ਤਿਆਰ ਹੋਇਆ ਹੈ।  396 ਪੰਨਿਆਂ ਦੀ ਇਸ ਡਾਇਰੈਕਟਰੀ ਨੂੰ ਵੱਖ ਵੱਖ 46 ਕੈਟਾਗਿਰੀਜ਼ 'ਚ ਵੰਡਿਆ ਗਿਆ ਹੈ, ਜਿਸ 'ਚ ਅਦਾਕਾਰ, ਨਿਰਦੇਸ਼ਕ, ਨਿਰਮਾਤਾ, ਕਲਾ ਨਿਰਦੇਸ਼ਕ,  ਗਾਇਕ, ਗੀਤਕਾਰ, ਸੰਗੀਤਕਾਰ, ਮਾਡਲ, ਪਿੱਠਵਰਤੀ ਗੀਤਕਾਰ, ਫ਼ਿਲਮ ਲੇਖਕ, ਟੀਵੀ ਅਤੇ ਥੀਏਟਰ ਅਦਾਕਾਰ,  ਲਾਈਫ਼ ਸਟਾਈਲ ਜਰਨਲਿਸਟ, ਫ਼ੈਸ਼ਨ ਫ਼ੋਟੋਗ੍ਰਾਫਰ, ਕੈਮਰਾਮੈਨ, ਡ੍ਰੈਸ ਡਿਜਾਈਨਰ ਅਤੇ ਮੰਚ ਸੰਚਾਲਕ ਸਮੇਤ ਪੰਜਾਬੀ ਫ਼ਿਲਮ, ਸੰਗੀਤ, ਥੀਏਟਰ ਅਤੇ ਫ਼ੈਸ਼ਨ ਇੰਡਸਟਰੀ ਨਾਲ ਸਬੰਧਿਤ ਵੱਖ ਵੱਖ ਖੇਤਰਾਂ ਨੂੰ ਇਸ 'ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਲ 1935 ਤੋਂ ਲੈ ਕੇ ਹੁਣ ਤੱਕ ਰਿਲੀਜ਼ ਹੋਈਆਂ ਪੰਜਾਬੀ ਫ਼ਿਲਮਾਂ ਦੀ ਵਿਸ਼ੇਸ਼ ਸੂਚੀ ਵੀ ਇਸ 'ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਹੀ ਨਹੀਂ ਪੰਜਾਬੀ ਸਿਨੇਮੇ, ਸੰਗੀਤ ਅਤੇ ਰੰਗਮੰਚ ਨਾਲ ਜੁੜੀ ਅਹਿਮ ਜਾਣਕਾਰੀ ਵੀ ਡਾਇਰੈਕਟਰੀ ਦੇ ਹਰ ਪੰਨੇ ਥੱਲੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ 'ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਹੁਣ ਤੱਕ ਦੀਆਂ ਨੈਸ਼ਨਲ ਐਵਾਰਡ ਜੇਤੂ ਫ਼ਿਲਮਾਂ ਦੀ ਜਾਣਕਾਰੀ ਅਤੇ ਪੰਜਾਬੀ ਸਿਨੇਮੇ ਦੇ ਘਰੇਲੂ ਐਵਾਰਡ ਸ਼ੋਅਜ਼ 'ਚ ਜੇਤੂ ਫ਼ਿਲਮਾਂ, ਨਿਰਦੇਸ਼ਕਾਂ ਅਤੇ ਕਲਾਕਾਰਾਂ ਦੀ ਸੂਚੀ ਵੀ ਇਸ ਡਾਇਰੈਕਟਰੀ ਦਾ ਅਹਿਮ ਹਿੱਸਾ ਹੈ।  ਸਪਨ ਮਨਚੰਦਾ ਮੁੰਬਈ 'ਚ ਬੈਠੇ ਫ਼ਿਲਮ ਇੰਡਸਟਰੀ 'ਚ ਬੈਠੇ ਲੋਕਾਂ ਲਈ ਇਹ ਡਾਇਰੈਕਟਰੀ ਕਾਰਗਰ ਸਾਬਤ ਹੋ ਰਹੀ ਹੈ। ਇਸ ਨਾਲ ਜਿਥੇ ਨਵੇਂ ਕਲਾਕਾਰਾਂ ਨੂੰ ਫ਼ਿਲਮ ਪ੍ਰੋਡਕਸ਼ਨ ਕੰਪਨੀਆਂ ਤੱਕ ਪਹੁੰਚ ਕਾਰਨ 'ਚ ਅਸਾਨੀ ਹੋ ਰਹੀ ਹੈ, ਉਥੇ ਪ੍ਰੋਡਕਸ਼ਨ ਕੰਪਨੀਆਂ ਦਾ ਕੰਮ ਵੀ ਆਸਾਨ ਹੋਇਆ ਹੈ। ਸਪਨ ਮੁਤਾਬਕ ਉਹ ਇਸ ਡਾਇਰੈਕਟਰੀ ਤੋਂ ਬਾਅਦ ਛੇਤੀ ਹੀ ਫ਼ਿਲਮਸਾਜ਼ੀ ਨਾਲ ਸਬੰਧਿਤ ਇਕ ਕਿਤਾਬ ਵੀ ਰਿਲੀਜ਼ ਕਰਨਗੇ, ਜਿਸ 'ਚ ਫ਼ਿਲਮ ਦੀ ਸ਼ੁਰੂਆਤ ਤੋਂ ਰਿਲੀਜ਼ ਤੱਕ ਦਾ ਸਫ਼ਰ ਦਰਸਾਇਆ ਜਾਵੇਗਾ। ਪੰਜਾਬੀ 'ਚ ਲਿਖੀ ਜਾ ਰਹੀ ਇਹ ਕਿਤਾਬ ਸਿਨੇਮੇ ਦੇ ਵਿਦਿਆਰਥੀ ਨੂੰ ਧਿਆਨ 'ਚ ਰੱਖ ਕੇ ਲਿਖੀ ਗਈ ਹੈ।