5 Dariya News

ਰਾਫੇਲ ਮੁੱਦੇ ਬਾਰੇ ਅਮਿਤ ਸ਼ਾਹ ਦਾ ਬਿਆਨ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਦਾ ਪ੍ਰਗਟਾਵਾ - ਸੁਨੀਲ ਜਾਖੜ

'ਭਾਜਪਾ ਨੂੰ ਦੇਸ਼ ਦੀ ਸੁਰੱਖਿਆ ਦੀ ਕੋਈ ਚਿੰਤਾ ਨਹੀਂ', ਭਿ੍ਸ਼ਟਾਚਰ ਤੇ ਭਾਈ-ਭਤੀਜਾਵਾਦ ਨਾਲ ਲਿਪਤ ਰਾਫੇਲ ਸੌਦੇ ਬਾਰੇ ਜੇ ਪੀ ਸੀ ਦੀ ਜਾਂਚ ਦੀ ਮੰਗ

5 Dariya News

ਚੰਡੀਗੜ੍ਹ 11-Aug-2018

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਫੇਲ ਸੌਦੇ ਬਾਰੇ ਭਾਰਤੀ ਜਨਤਾ ਪਾਰਟੀ  ਦੇ ਪ੍ਰਧਾਨ ਅਮਿਤ ਸ਼ਾਹ ਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਦਾ ਇਹ ਬਿਆਨ ਉਨ੍ਹਾਂ ਦੀ ਪਾਰਟੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦੇਸ਼ ਦੀ ਸੁਰੱਖਿਆ ਦੀ ਕੋਈ ਵੀ ਚਿੰਤਾ ਨਹੀ ਹੈ ਅਤੇ ਇਸ ਦਾ ਸਬੰਧ ਸਿਰਫ ਸੌਦੇਬਾਜ਼ੀ ਨਾਲ ਹੀ ਹੈ | ਕਾਂਗਰਸ ਦੇ ਸੂਬਾ ਪ੍ਰਧਾਨ ਨੇ ਰਾਫੇਲ ਸੌਦੇ ਦੀ ਜਾਂਚ ਬਾਰੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਬਣਾਏ ਜਾਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਸੌਦਾ ਭਾਈ-ਭਤੀਜਾਵਾਦ ਅਤੇ ਭਿ੍ਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਲਿਪਤਿਆ ਹੋਇਆ  ਹੈ | ਅੱਜ ਇਥੇ ਜਾਰੀ ਇਕ ਬਿਆਨ ਵਿੱਚ ਸ੍ਰੀ ਜਾਖੜ ਨੇ ਕਿਹਾ ਕਿ ਰਾਫੇਲ ਦੀ ਖਰੀਦ ਭਾਜਪਾ ਲਈ ਸਿਰਫ ਇਕ ਸੌਦਾ ਹੈ ਪਰ ਕਾਂਗਰਸ ਲਈ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ | ਇਸ ਸੌਦੇ ਦੇ ਨਾਲ ਰਾਸ਼ਟਰੀ ਸੁਰੱਖਿਆ ਨੂੰ ਦਰਪੇਸ਼ ਉਲਝਨਾਂ ਦੀ ਜਾਣਕਾਰੀ ਦਿੰਦੇ ਹੋਏ ਪੀ.ਪੀ.ਸੀ.ਸੀ. ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਇਨ੍ਹਾਂ ਨੂੰ ਅਣਗੌਲਿਆ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਇਸ ਵਿਵਾਦਪੁਰਨ ਸਮਝੌਤੇ ਬਾਰੇ ਜਾਣਨ ਦਾ ਹਰੇਕ ਦੇਸ਼ਵਾਸੀ ਨੂੰ ਅਧਿਕਾਰ ਹੈ| ਸ੍ਰੀ ਜਾਖੜ ਨੇ ਕਿਹਾ ਕਿ ਅਰੁਣ ਸ਼ੋਰੀ ਅਤੇ ਜਸਵੰਤ ਸਿਨਹਾ ਵਲੋਂ ਦਿੱਤੇ ਗਏ ਬਿਆਨਾਂ ਨੂੰ ਸ਼ਾਹ ਘਟਾ ਕੇ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਦੋਵੇਂ ਵਾਜਪਾਈ ਸਰਕਾਰ ਵਿੱਚ ਮੰਤਰੀ ਸਨ ਅਤੇ ਉਨ੍ਹਾਂ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਇਸ ਸਮਝੌਤੇ ਵਿੱਚ ਕੁਝ ਤਾਂ ਗੁੱਝਾ ਹੈ ਜਿਸ ਨੂੰ ਸੱਤਾਧਾਰੀ ਪਾਰਟੀ ਲੋਕਾਂ ਦੇ ਸਾਹਮਣੇ ਨਹੀਂ ਰੱਖਣਾ ਚਾਹੁੰਦੀ | ਸ੍ਰੀ ਸ਼ੋਰੀ ਅਤੇ ਸ੍ਰੀ ਸਿਨਹਾ ਵਲੋਂ ਦਿੱਤੇ ਗਏ ਬਿਆਨਾਂ ਨੂੰ ਸ੍ਰੀ ਜਾਖੜ ਨੇ ਰੱਦ ਕਰਨ ਤੋਂ ਇਨਕਾਰ ਕੀਤਾ | ਸ਼ਾਹ ਨੇ ਕਿਹਾ ਸੀ ਕਿ ਸਰਕਾਰ ਵਿੱਚ ''ਨੌਕਰੀ'' ਨਾ ਮਿਲਣ ਕਾਰਨ ਇਨ੍ਹਾਂ ਦੋਵਾਂ ਵਲੋਂ ਬਿਨਾ ਗੱਲ ਤੋਂ ਰੌਲਾ ਪਾਇਆ ਜਾ ਰਿਹਾ ਹੈ | ਸ੍ਰੀ ਜਾਖੜ ਨੇ ਕਿਹਾ ਕਿ ਇਨ੍ਹਾਂ ਦੋਵਾਂ ਸਾਬਕਾ ਮੰਤਰੀਆਂ ਦੇ ਬਿਆਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਅਤੇ ਸ਼ਾਹ ਨੇ ਇਹ ਬਿਆਨ ਦੇ ਕੇ ਭਾਜਪਾ ਦੀ ਤੰਗਦਿਲੀ ਦਾ ਪ੍ਰਗਟਾਵਾ ਕੀਤਾ ਹੈ | 

ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਸੰਸਦ ਵਿੱਚ ਇਸ ਸੌਦੇ ਨਾਲ ਸਬੰਧਤ ਮੁੱਦੇ ਨੂੰ ਉਠਾ ਕੇ ਦੇਸ਼ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਲੜਾਕੇ ਜਹਾਜਾਂ ਦੀ ਖਰੀਦ ਇਹ ਇਕ ਗੰਭੀਰ ਸੌਦਾ ਹੈ ਅਤੇ ਇਹ ਕੋਈ ਬੱਚਿਆ ਦੀ ਖੇਡ ਨਹੀਂ ਹੈ | ਉਨ੍ਹਾਂ ਕਿਹਾ ਕਿ ਅਨਿਲ ਅੰਬਾਨੀ ਦੀ ਕੰਪਨੀ ਨੂੰ ਇਸ ਅਹਿਮ ਤੇ ਸੰਵੇਦਨਸ਼ੀਲ ਮੁੱਦੇ ਬਾਰੇ ਕੋਈ ਤਜ਼ਰਬਾ ਨਹੀਂ ਹੈ ਜਿਸ ਨੂੰ ਇਸ ਸਮਝੌਤੇ ਲਈ ਚੁਣਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਮਨਸ਼ਾ ਨੰਗੀ ਹੋ ਗਈ ਹੈ ਜਿਸ ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਦੇ ਹਿੱਤਾ ਦੀ ਰਖਵਾਲੀ ਕਰਨਾ ਨਹੀਂ ਹੈ | ਸ੍ਰੀ ਜਾਖੜ ਨੇ ਕਿਹਾ ਕਿ ਅੰਬਾਨੀ ਦੀ ਕੰਪਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਫਰਾਂਸ ਤੋਂ ਜੈਟ ਖਰੀਦਣ ਦੇ ਫੈਸਲੇ ਬਾਰੇ ਸਰਕਾਰ ਵਲੋਂ ਕੀਤੇ ਗਏ ਐਲਾਨ ਤੋਂ ਕੇਵਲ 10 ਦਿਨ ਪਹਿਲਾਂ ਹੀ ਰਜਿਸਟਰਡ ਹੋਈ ਹੈ | ਇਹ ਰਜਿਸਰਟਰੇਸ਼ਨ ਵਿਦੇਸ਼ ਸਕੱਤਰ ਜੈ ਸ਼ੰਕਰ ਅਤੇ ਰਾਫੇਲ ਦੇ ਸੀ.ਈ.ਓ ਵਲੋਂ ਇਹ ਪ੍ਰਗਟਾਵਾ ਕਰਨ ਕਿ ਇਸ ਸੌਦੇ ਬਾਰੇ ਉਨ੍ਹਾਂ ਵਿਚਕਾਰ ਵਿਚਾਰ ਵਟਾਂਦਰਾ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ ਤੋਂ ਸਿਰਫ ਦੋ ਦਿਨ ਪਹਿਲਾਂ ਹੋਈ ਹੈ | ਇਸ ਸਮੁੱਚੇ ਸੌਦੇ ਨੂੰ ਅਮਲ ਵਿੱਚ ਲਿਆਉਣ ਦੇ ਢੰਗ ਤਰੀਕਿਆਂ ਦੀ ਆਲੋਚਨਾ ਕਰਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਇਸ ਤੋਂ ਇਹ ਸਬੂਤ ਮਿਲਦੇ ਹਨ ਕਿ ਅਨਿਲ ਅੰਬਾਨੀ ਨੂੰ ਇਸ ਸਮਝੌਤੇ 'ਤੇ ਹਸਤਾਖਰ ਹੋਣ ਤੋਂ ਪਹਿਲਾ ਬਹੁਤ ਕੁਝ ਪਤਾ ਸੀ | ਸ੍ਰੀ ਜਾਖੜ ਨੇ ਕਿਹਾ ਕਿ ਰਾਫੇਲ ਸੌਦੇ ਤੋਂ ਸਿਰਫ 2 ਦਿਨ ਪਹਿਲਾਂ ਅੰਬਾਨੀ ਵਲੋਂ ਆਪਣੀ ਕੰਪਨੀ ਰਜਿਸਰਡ ਕਰਾਉਣ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਉਸ ਨੂੰ ਇਸ ਲਾਹੇਵੰਦ ਸੌਦੇ ਦੇ ਹੋਣ ਬਾਰੇ ਪਤਾ ਸੀ |ਸ੍ਰੀ ਜਾਖੜ ਨੇ ਕਿਹਾ ਕਿ ਇਹ ਸਰਕਾਰੀ ਗੁਪਤਤਾ ਐਕਟ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਲਾਜ਼ਮੀ ਤੌਰ 'ਤੇ ਜੇ.ਪੀ.ਸੀ ਦਾ ਗਠਨ ਹੋਣਾ ਚਾਹੀਦਾ ਹੈ ਤਾਂ ਜੋ ਇਸ ਦੀ ਸਚਾਈ ਦਾ ਪਤਾ ਲਗ ਸਕੇ | ਇਸ ਨੂੰ ਜਾਨਣ ਦਾ ਹਰੇਕ ਭਾਰਤੀ ਨੂੰ ਅਧਿਕਾਰ ਹੈ | ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਾਡੇ ਦੇਸ਼ ਦੀ ਸੁਰੱਖਿਆ ਦਾਅ 'ਤੇ ਲੱਗੀ ਹੈ | ਇਹ ਕੋਈ ਕੁਝ ਕਰੋੜਾਂ ਦਾ ਮਾਮਲਾ ਨਹੀਂ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮਾਮਲੇ 'ਤੇ ਕਿਸੇ ਵੀ ਕੀਮਤ 'ਤੇ ਕਿਸੇ ਨੂੰ ਵੀ ਕੋਈ ਵੀ ਸਮਝੌਤਾ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ|