5 Dariya News

ਆਪਣੀਆਂ ਜੜ੍ਹਾਂ ਨਾਲ ਜੁੜੋ-ਇੰਗਲੈਂਡ ਤੋਂ ਆਏ ਨੌਜਵਾਨਾਂ ਵੱਲੋਂ ਪੰਜਾਬ ਵਿਧਾਨ ਸਭਾ ਤੇ ਸੁਖਨਾ ਝੀਲ ਦਾ ਦੌਰਾ

ਵਿਸ਼ਵ ਭਰ ਵਿੱਚ ਵਸਦੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀਆਂ ਜੜ੍ਹਾਂ ਨਾਲ ਜੋੜਨ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਿਵੇਕਲੇ ਉਪਰਾਲੇ ਦੀ ਸ਼ਲਾਘਾ

5 Dariya News

ਚੰਡੀਗੜ੍ਹ 08-Aug-2018

'ਆਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 14 ਨੌਜਵਾਨਾਂ ਨੇ ਅੱਜ ਇੱਥੇ ਪੰਜਾਬ ਵਿਧਾਨ ਸਭਾ ਅਤੇ ਸੁਖਨਾ ਝੀਲ ਦਾ ਦੌਰਾਨ ਕੀਤਾ। ਇਹ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਨੌਜਵਾਨ ਪੰਜਾਬ ਵਿਧਾਨ ਸਭਾ ਦੇ ਸਦਨ ਅਤੇ ਲਾਇਬਰੇਰੀ ਵਿਖੇ ਗਏ ਜਿੱਥੇ ਵਿਧਾਨ ਸਭਾ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵਿਸਥਾਰ ਵਿੱਚ ਸਮੁੱਚੀ ਪ੍ਰਕ੍ਰਿਆ ਬਾਰੇ ਜਾਣੂੰ ਕਰਵਾਇਆ। ਬੁਲਾਰੇ ਨੇ ਦੱਸਿਆ ਕਿ ਗਰੁੱਪ ਨੇ ਵਿਧਾਨ ਸਭਾ ਦੇ ਮੁਲਾਜ਼ਮਾਂ ਪਾਸੋਂ ਸਦਨ ਦੇ ਵਿਧਾਨਕ ਕੰਮਕਾਜ ਅਤੇ ਮਰਿਆਦਾ ਦੇ ਨਿਯਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਜੋ ਕੈਪੀਟੌਲ ਕੰਪਲੈਕਸ ਦਾ ਹਿੱਸਾ ਹੈ, ਦਰਮਿਆਨ ਖੁੱਲ੍ਹੇ ਮੈਦਾਨ ਦਾ ਵੀ ਦੌਰਾ ਕੀਤਾ। ਇਸ ਤੋਂ ਬਾਅਦ ਸੁਖਨਾ ਝੀਲ ਦਾ ਦੌਰਾ ਕਰਕੇ ਕਰੂਜ਼ ਦੀ ਸਵਾਰੀ ਦਾ ਆਨੰਦ ਮਾਣਿਆ।  ਪੰਜਾਬ ਟੂਰ ਦੇ ਹਿੱਸੇ ਵਜੋਂ ਚੰਡੀਗੜ੍ਹ ਦੌਰੇ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਗਰੁੱਪ ਦੇ ਮੈਂਬਰ ਗੁਰਜੋਤ ਸਿੰਘ ਤਨੇਜਾ ਨੇ ਦੱਸਿਆ ਕਿ ਇਹ ਦੌਰਾ ਉਨ੍ਹਾਂ ਨੂੰ ਲਈ ਬਹੁਤ ਉਤਸੁਕਤਾ ਭਰਿਆ ਹੈ ਖਾਸ ਕਰਕੇ ਪੰਜਾਬ ਵਿਧਾਨ ਸਭਾ ਦਾ ਦੌਰਾ ਕਰਨਾ ਜਿੱਥੇ ਉਨ੍ਹਾਂ ਨੂੰ ਵਿਧਾਨ ਕੰਮਕਾਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਗਰੁੱਪ ਦੇ ਮੈਂਬਰਾਂ ਨੇ ਦੱਸਿਆ,''ਵਿਸ਼ਵ ਪੱਧਰ 'ਤੇ ਪ੍ਰਸਿੱਧ ਫਰਾਂਸ ਦੇ ਆਰਕੀਟੈਕਟ ਲੀ ਕਾਰਬੁਜ਼ੀਅਰ ਦੀ ਰੂਪ-ਰੇਖਾ ਮੁਤਾਬਕ ਵਿਕਸਤ ਕੀਤੇ ਖੂਬਸੂਰਤ ਸ਼ਹਿਰ ਦੇ ਖਾਕੇ ਤੇ ਨਮੂਨੇ ਨੂੰ ਦੇਖਣ ਦੀ ਸਾਡੀ ਤੀਬਰ ਇੱਛਾ ਸੀ।''ਇਨ੍ਹਾਂ ਨੌਜਵਾਨਾਂ ਨੇ 'ਆਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਵਿਸ਼ਵ ਭਰ ਵਿੱਚ ਵਸਦੇ ਪੰਜਾਬੀ ਨੌਜਵਾਨਾਂ ਖਾਸ ਕਰਕੇ ਹੁਣ ਤੱਕ ਪੰਜਾਬ ਨਾ ਆਉਣ ਵਾਲੇ ਨੌਜਵਾਨਾਂ ਨੂੰ ਸੂਬੇ ਵਿੱਚ ਆਉਣ ਦਾ ਸੱਦਾ ਦਿੱਤਾ ਹੈ।

ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਲੋਕਾਂ ਨੂੰ ਮਿਲਣ ਅਤੇ ਉਥੋਂ ਦੇ ਅਮੀਰ ਸੱਭਿਆਚਾਰ ਅਤੇ ਇਤਿਹਾਸਕ ਵਿਰਸੇ ਬਾਰੇ ਜਾਣਨ ਲਈ ਉਨ੍ਹਾਂ ਦੇ ਮਨ ਵਿੱਚ ਬਹੁਤ ਚਾਅ ਹੈ। ਇਸ ਗਰੁੱਪ ਨੇ ਮੰਗਲਵਾਰ ਨੂੰ ਪੀ.ਏ.ਪੀ. 82 ਬਟਾਲੀਅਨ ਵਿਖੇ ਰਾਤਰੀ ਭੋਜਨ ਦੌਰਾਨ ਸਿਵਲ ਤੇ ਪੁਲੀਸ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਨੌਜਵਾਨਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਨੌਜਵਾਨਾਂ ਨੇ 'ਆਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਦੇ ਉਦੇਸ਼ ਬਾਰੇ ਵਿਚਾਰ-ਚਰਚਾ ਕੀਤੀ ਜਿਸ ਤਹਿਤ ਉਨ੍ਹਾਂ ਨੂੰ ਸੂਬੇ ਦੇ ਸ਼ਾਨਾਮੱਤੀ ਸੱਭਿਆਚਾਰਕ ਵਿਰਾਸਤ ਬਾਰੇ ਜਾਣਨ ਤੋਂ ਇਲਾਵਾ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਦੇ ਜੱਦੀ ਸਥਾਨਾਂ ਦਾ ਦੌਰਾ ਕਰਕੇ ਸਾਕ-ਸਬੰਧੀਆਂ ਨਾਲ ਮੇਲ-ਜੋਲ ਕਰਨ ਦਾ ਵਿਲੱਖਣ ਮੌਕਾ ਹਾਸਲ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਐਨ.ਆਰ.ਆਈ. ਮਾਮਲੇ ਐਸ.ਆਰ. ਲੱਧੜ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਗਿਰੀਸ਼ ਦਯਾਲਨ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਮੁੱਖ ਮੰਤਰੀ ਦੇ ਓ.ਐਸ.ਡੀ. ਜਗਦੀਪ ਸਿੰਘ ਸਿੱਧੂ ਅਤੇ ਡਾਇਰੈਕਟਰ ਸੈਰ ਸਪਾਟਾ ਐਮ.ਐਸ. ਜੱਗੀ ਹਾਜ਼ਰ ਸਨ। ਇਸ ਦੌਰਾਨ 'ਆਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਦੇ ਕੋਆਰਡੀਨੇਟਰ ਵਰਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਨੌਜਵਾਨਾਂ ਦਾ ਗਰੁੱਪ ਭਲਕੇ ਪਟਿਆਲਾ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਰਾਜੀਵ ਗਾਂਧੀ ਯੂਨੀਵਰਸਿਟੀ ਆਫ ਲਾਅ, ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ, ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਜਾਵੇਗਾ।