5 Dariya News

ਬੱਸਾਂ ਦੇ ਡਰਾਈਵਰ ਕੰਡਕਟਰ ਸਵਾਰੀਆਂ ਨੂੰ ਬੱਸਾਂ ਦੀਆਂ ਛੱਤਾਂ ਤੇ ਬਿਠਾ ਕੇ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਉਡਾ ਰਹੇ ਹਨ ਧੱਜੀਆਂ

ਨੈਣਾਂ ਦੇਵੀ ਜਾਣ ਵਾਲੇ ਯਾਤਰੁਆਂ ਦੀਆਂ ਜਾਨਾਂ ਨਾਲ ਕਰ ਰਹੇ ਹਨ ਖਿਲਵਾੜ

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਅਨੰਦਪੁਰ ਸਾਹਿਬ 06-Aug-2018

ਸਥਾਨਕ ਬੱਸ ਅੱਡੇ ਤੋਂ ਮੰਦਿਰ ਸ੍ਰੀ ਨੈਣਾਂ ਦੇਵੀ ਨੂੰ ਚੱਲਣ ਵਾਲੀਆਂ ਬੱਸਾਂ ਦੇ ਡਰਾਈਵਰ ਕੰਡਕਟਰ ਸਵਾਰੀਆਂ ਨੂੰ ਬੱਸਾਂ ਦੀਆਂ ਛੱਤਾਂ ਤੇ ਬਿਠਾ ਕੇ ਜਿੱਥੇ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਉੱਥੇ ਯਾਤਰੀਆਂ ਦੀਆਂ ਜਾਨਾਂ ਨਾਲ ਵੀ ਖਿਲਵਾੜ ਕਰ ਰਹੇ ਹਨ ਪ੍ਰੰਤੂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੀ ਟ੍ਰੈਫਿਕ ਪੁਲਿਸ ਸੱਭ ਕੁਝ ਦੇਖ ਕੇ ਵੀ ਚੁੱਪ ਹੈ ਅਤੇ ਕੋਈ ਹਾਦਸਾ ਹੋਣ ਦਾ ਇੰਤਜਾਰ ਕਰ ਰਹੀ ਜਾਪਦੀ ਹੈ। ਜਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਬੱਸ ਅੱਡੇ ਤੋਂ ਮੰਦਿਰ ਸ੍ਰੀ ਨੈਣਾਂ ਦੇਵੀ ਜਾਣ ਵਾਲੀਆਂ ਵੱਡੀ ਗਿਣਤੀ ਬੱਸਾਂ ਵਾਲੇ ਆਪਣੀਆਂ ਬੱਸਾਂ ਦੇ ਅੰਦਰ ਸਵਾਰੀਆਂ ਭਰਨ ਉਪਰੰਤ ਕੁਝ ਕੁ ਰੁਪਈਆਂ ਦੀ ਖਾਤਿਰ ਸਵਾਰੀਆਂ ਨੂੰ ਬੱਸਾਂ ਦੀਆਂ ਛੱਤਾਂ ਤੇ ਬਿਠਾ ਕੇ ਖਤਰਨਾਕ ਪਹਾੜੀ ਰਸਤਿਆਂ ਤੋਂ ਹੁੰਦੀਆਂ ਹੋਈਆਂ ਮੰਦਿਰ ਸ੍ਰੀ ਨੈਣਾਂ ਦੇਵੀ ਪਹੁੰਚਦੀਆਂ ਹਨ, ਟੇਡੇ ਮੇਢੇ ਰਸਤੇ ਹੋਣ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੜ੍ਹਕ ਤੇ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ , ਜਿਨ੍ਹਾਂ ਵਿੱਚ ਕਈ ਮਨੁੱਖੀ ਜਾਨਾਂ ਵੀ ਜਾ ਚੁੱਕੀਆਂ ਹਨ ਪ੍ਰੰਤੂ ਫਿਰ ਵੀ ਪ੍ਰਸ਼ਾਸ਼ਨ ਵਲੋਂ ਕੋਈ ਕਾਰਾਗਰ ਕਦਮ ਨਹੀਂ ਚੁੱਕੇ ਜਾ ਰਹੇ , ਜਿਸ ਕਾਰਨ ਇਹ ਬੱਸਾਂ ਵਾਲੇ ਪ੍ਰਸ਼ਾਸ਼ਨ ਅਤੇ ਟ੍ਰੈਫਿਕ ਪੁਲਿਸ ਦੀ ਨੱਕ ਹੇਠ ਸਵਾਰੀਆਂ ਦੀਆਂ ਜਾਨਾਂ ਨਾਲ ਖੇਡਦੇ ਹੋਏ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਕੇ ਆਪਣੀਆਂ ਜੇਬਾਂ ਭਰਨ ਲੱਗੇ ਹੋਏ ਹਨ । ਸਥਾਨਕ ਸ਼ਹਿਰ ਵਾਸੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ, ਇਸਤਰੀ ਸਤਸੰਗ ਸਭਾ ਦੀ ਪ੍ਰਧਾਨ ਬੀਬੀ ਗੁਰਚਰਨ ਕੋਰ, ਜੱਥੇਦਾਰ ਸੰਤੋਖ ਸਿੰਘ, ਤਰਲੋਚਨ ਸਿੰਘ ਚੱਠਾ, ਸਾਬਕਾ ਕੋਂਸਲਰ ਇੰਦਰਜੀਤ ਸਿੰਘ ਬੇਦੀ, ਯੂਥ ਆਗੂ ਪਰਮਜੀਤ ਸਿੰਘ ਪੰਮਾ, ਮਨਜਿੰਦਰ ਸਿੰਘ ਬਰਾੜ, ਠੇਕੇਦਾਰ ਜਗਜੀਤ ਸਿੰਘ ਜੱਗੀ, ਜਸਵੀਰ ਸਿੰਘ ਜੱਸੂ, ਜਸਵਿੰਦਰ ਸਿੰਘ ਸੋਨੂੰ, ਬੰਟੀ ਤਲਵਾੜ ਆਦਿ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਿਆਂ ਅਣਦੇਖੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।

                                                         

ਕੀ ਕਹਿਣਾ ਹੈ ਜਿਲ੍ਹਾਂ ਟ੍ਰੈਫਿਕ ਇੰਚਾਰਜ ਦਾ -

ਜਦੋਂ ਇਸ ਸਬੰਧੀ ਜਿਲ੍ਹਾਂ ਟ੍ਰੈਫਿਕ ਇੰਚਾਰਜ ਕੁਲਬੀਰ ਸਿੰਘ ਕੰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਸ ਦੀ ਛੱਤ ਤੇ ਸਵਾਰੀਆਂ ਬਿਠਾਉਣਾ ਗੈਰ ਕਾਨੂੰਨੀ ਹੈ ਤੇ ਜੇਕਰ ਕੋਈ ਬੱਸ ਵਾਲਾ ਇਸ ਤਰ੍ਹਾਂ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।