ਜੇਕਰ ਖ਼ਜ਼ਾਨਾ ਠੀਕ ਹੈ ਤਾਂ ਸਰਕਾਰ ਮੁਲਾਜ਼ਮਾਂ ਨੂੰ ਡੀ.ਏ. ਦੀਆਂ ਕਿਸ਼ਤਾਂ ਕਿਉਂ ਨਹੀਂ ਦਿੰਦੀ : ਬਿੱਟੂ, ਸਿੱਧੂ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 24-Sep-2013
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਆਪਣੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ 8 ਫੀਸਦੀ ਅਤੇ 10 ਫੀਸਦੀ ਕਿਸ਼ਤਾਂ ਤੁਰੰਤ ਜਾਰੀ ਕਰੇ। ਨਜ਼ਦੀਕੀ ਪਿੰਡ ਲਾਂਡਰਾਂ ਵਿਖੇ ਗਲੀਆਂ ਨਾਲੀਆਂ ਦੀ ਉਸਾਰੀ ਲਈ 3 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਭੇਂਟ ਕਰਨ ਮਗਰੋਂ ਲੋਕਾਂ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬਿੱਟੂ ਅਤੇ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਮੁਤਾਬਿਕ ਪੰਜਾਬ ਦੇ ਖ਼ਜ਼ਾਨਾ ਦੀ ਹਾਲਤ ਦਰੁਸਤ ਹੈ ਤਾਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵਲੋਂ ਨਿੱਤ ਦਿਨ ਹੀ ਆਪਣੀਆਂ ਤਨਖਾਹਾਂ ਸਮੇਂ ਸਿਰ ਨਾ ਮਿਲਣ ਦਾ ਰੋਣਾ ਕਿਉਂ ਰੋਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਇਨ੍ਹਾਂ ਮੁਲਾਜ਼ਮਾਂ ਦੇ ਤਨਖਾਹਾਂ ਤੇ ਭੱਤੇ ਕਿਉਂ ਅਦਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਰਕਾਰੀ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀਆਂ ਵਲੋਂ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਪੰਜਾਬ ਸਰਕਾਰ ਵਲੋਂ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਵਿਧਾਨ ਸਭਾ ਚੋਣਾਂ ਮਗਰੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਰਿਵਾਰ ਦਾ ਹੀ ਵਿਕਾਸ ਕੀਤਾ ਹੈ ਅਤੇ ਹੁਣੇ ਜਿਹੇ ਹੋਈਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਮਗਰੋਂ ਵੀ ਅਕਾਲੀਆਂ ਮੰਤਰੀਆਂ ਅਤੇ ਵਿਧਾਇਕਾਂ ਦੇ ਪੁੱਤਰਾਂ, ਜਵਾਈਆਂ ਅਤੇ ਧੀਆਂ ਨੂੰ ਹੀ ਚੇਅਰਮੈਨ ਅਤੇ ਚੇਅਰਪਰਸਨ ਲਗਾ ਕੇ ਆਮ ਅਕਾਲੀਆਂ ਵਰਕਰਾਂ ਦਾ ਗਲਾ ਘੋਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵਿਚ ਪਰਿਵਾਰਵਾਦ ਸ਼ਿਖਰਾਂ 'ਤੇ ਹੈ ਅਤੇ ਆਮ ਲੋਕਾਂ ਦੀ ਕਿਧਰੇ ਕੋਈ ਸੁਣਵਾਈ ਨਾ ਹੋਣ ਕਾਰਨ ਲੋਕ ਬਹੁਤ ਹੀ ਦੁਖੀ ਹਨ। ਸੂਬੇ ਵਿਚ ਅੱਜ ਭ੍ਰਿਸ਼ਟਾਚਾਰ ਦਾ ਪੂਰੀ ਤਰ੍ਹਾਂ ਬੋਲਬਾਲਾ ਹੋ ਚੁਕਾ ਹੈ ਅਤੇ ਅਕਾਲੀਆਂ ਵਲੋਂ ਇਸ ਵਿਚ ਆਪਣੇ ਖੂਬ ਹੱਥ ਰੰਗੇ ਜਾ ਰਹੇ ਹਨ। ਅੱਜ ਰੇਤੇ, ਬਜਰੀ, ਟਰਾਂਸਪੋਰਟ ਅਤੇ ਕੇਬਲ ਟੀ.ਵੀ. 'ਤੇ ਅਕਾਲੀਆਂ ਨੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ, ਜਿਸ ਦਾ ਖਮਿਆਜ਼ਾ ਸੂਬੇ ਦੀ ਭੋਲੀ ਭਾਲੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਲੋਕ ਅਕਾਲੀਆਂ ਸਰਕਾਰ ਦੀਆਂ ਵਧੀਕੀਆਂ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਤੋਂ ਪਹਿਲਾਂ ਪਿੰਡ ਪਹੁੰਚਣ 'ਤੇ ਨਗਰ ਨਿਵਾਸੀਆਂ ਨੇ ਸ੍ਰ. ਬਿੱਟੂ ਅਤੇ ਸ੍ਰ. ਸਿੱਧੂ ਦਾ ਜ਼ੋਰਦਾਰ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਜਨਰਲ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਹਰਚਰਨ ਸਿੰਘ ਗਿੱਲ ਸਾਬਕਾ ਸਰਪੰਚ, ਗੁਰਮੁਖ ਸਿੰਘ ਸਰਪੰਚ ਨਿਊ ਲਾਂਡਰਾ, ਦਿਲਬਾਗ ਸਿੰਘ ਨੰਬਰਦਾਰ, ਗਿਆਨੀ ਭੁਪਿੰਦਰ ਸਿੰਘ, ਜਗਦੀਸ਼ ਸਿੰਘ, ਸੁਰਜੀਤ ਕੌਰ ਪੰਚ, ਸਤਵੰਤ ਕੌਰ ਪੰਚ, ਰਘਬੀਰ ਸਿੰਘ ਸਾਬਕਾ ਪੰਚ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ ਨੰਬਰਦਾਰ, ਜੈਲਦਾਰ ਅਮਰਜੀਤ ਸਿੰਘ, ਰਜਿੰਦਰ ਸਿੰਘ ਪੰਚ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਸੁਦੇਸ਼ ਕੁਮਾਰ ਗੋਗਾ, ਕਰਮਜੀਤ ਸਿੰਘ ਭਾਗੋ ਮਾਜਰਾ, ਚੌ. ਰਿਸ਼ੀਪਾਲ ਸਨੇਟਾ, ਚੌ. ਦੀਪ ਚੰਦ ਗੋਬਿੰਦਗੜ੍ਹ, ਰਾਕੇਸ਼ ਕੁਮਾਰ ਮਿੰਟੂ ਸਰਪੰਚ ਰਾਏਪੁਰ ਕਲਾਂ, ਚੌਧਰੀ ਰਿਸ਼ੀਪਾਲ ਮੱਛਲੀ ਕਲਾਂ, ਸੰਜੇ ਕੁਮਾਰ ਭਾਗੋ ਮਾਜਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ।