5 Dariya News

ਪੰਜਾਬ ਵਿਚ ਵਿਸ਼ਵ ਪੱਧਰੀ ਸਹੁਲਤਾਂ ਵਾਲੇ ਚਾਰ ਖੇਡ ਕੇਂਦਰ ਸਥਾਪਿਤ ਕੀਤੇ ਜਾਣਗੇ-ਸੁਖਬੀਰ ਸਿੰਘ ਬਾਦਲ

ਉਪ ਮੁੱਖ ਮੰਤਰੀ ਨੇ ਕੀਤੀ ਬਾਬਾ ਫਰੀਦ ਆਗਮਨ ਪੁਰਬ ਦੇ ਸਮਾਗਮਾਂ ਵਿਚ ਸ਼ਿਰਕਤ

5 ਦਰਿਆ ਨਿਊਜ਼

ਫਰੀਦਕੋਟ 23-Sep-2013

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅੰਮ੍ਰਿਤਸਰ, ਬਠਿੰਡਾ, ਮੋਹਾਲੀ ਅਤੇ ਜਲੰਧਰ ਵਿਖੇ ਚਾਰ ਵਿਸ਼ਵ ਪੱਧਰੀ ਸਹੁਲਤਾਂ ਨਾਲ ਲੈਸ ਖੇਡ ਕੇਂਦਰ ਸਥਾਪਿਤ ਕਰਨ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ।ਬਾਬਾ ਫਰੀਦ ਦੇ ਆਗਮਨ ਪੁਰਬ ਮੌਕੇ ਸ: ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਅੱਜ ਇੱਥੇ ਬਰਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਵਿਖੇ ਬਾਬਾ ਫਰੀਦ ਮੇਲੇ ਦੌਰਾਨ ਆਯੋਜਿਤ ਹੋਏ 22ਵੇਂ ਆਲ ਇੰਡੀਆ ਬਾਬਾ ਫਰੀਦ ਗੋਲਡ ਹਾਕੀ ਕੱਪ ਦੇ ਫਾਈਨਲ ਮੈਚ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਖੇਡ ਨੀਤੀ ਬਣਾ ਕੇ ਲਾਗੂ ਕੀਤੀ ਹੈ।  ਕੌਮੀ ਖੇਡ ਹਾਕੀ  ਲਈ ਮੈਦਾਨਾਂ ਵਿਚ ਐਸਟ੍ਰੋਟਰਫ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਲਈ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨਾ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਵਿਚ ਸ਼ਾਮਿਲ ਹੈ। ਇਸੇ ਲੜੀ ਵਿਚ ਸਥਾਪਿਤ ਕੀਤੇ ਜਾ ਰਹੇ ਚਾਰ ਵਿਸਵ ਪਧੱਰੀ ਖੇਡ ਕੇਂਦਰਾਂ ਵਿਚ ਖਿਡਾਰੀਆਂ ਨੂੰ ਸਿਖਲਾਈ ਲਈ ਵਿਸਵ ਪੱਧਰੀ ਸਹੁਲਤਾਂ ਅਤੇ ਕੋਚ ਉਪਲਬਧ ਹੋਣਗੇ ਅਤੇ ਇੱਥੇ ਖਿਡਾਰੀਆਂ ਦਾ ਸਾਰਾ ਖਰਚ ਪੰਜਾਬ ਸਰਕਾਰ ਸਹਿਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀੱਚਾ ਹੈ ਕਿ ਅਗਲੀਆਂ ਓਲਪਿੰਕ ਖੇਡਾਂ ਵਿਚ ਭਾਰਤੀ ਟੀਮ ਵਿਚ ਸਭ ਤੋਂ ਵਧ ਖਿਡਾਰੀ ਪੰਜਾਬ ਦੇ ਹੋਣ। 

ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸੇ ਟੀੱਚੇ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਨੇ ਸਾਲ 2013-14 ਦੌਰਾਨ ਸੂਬੇ ਦਾ ਖੇਡ ਬਜਟ 12 ਕਰੋੜ ਤੋਂ ਵਧਾ ਕੇ 142 ਕਰੋੜ ਰੁਪਏ ਕਰ ਦਿੱਤਾ ਹੈ। ਜਿਸ ਵਿਚੋਂ 22 ਕਰੋੜ ਰੁਪਏ 6 ਹਾਕੀ ਸਟੇਡੀਅਮਾਂ ਦੇ ਨਿਰਮਾਣ/ਅਪਗ੍ਰੇਡਸ਼ਨ ਅਤੇ 7 ਬਹੁਮੰਤਵੀ ਸਟੇਡੀਅਮਾਂ ਦੇ ਨਿਰਮਾਣ ਲਈ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 200 ਕਰੋੜ ਰੁਪਏ ਦੀ ਲਾਗਤ ਨਾਲ 13 ਵਿਸਵ ਪੱਧਰੀ ਸਟੇਡੀਅਮ ਅਪਗ੍ਰੇਡ ਕੀਤੇ ਹਨ। ਇਸੇ ਤਰਾਂ 6 ਹਾਕੀ ਸਟੇਡੀਅਮਾਂ ਜਿਨ੍ਹਾਂ ਵਿਚ ਬਰਜਿੰਦਰਾ ਕਾਲਜ ਫਰੀਦਕੋਟ ਵੀ ਸ਼ਾਮਿਲ ਹੈ ਵਿਖੇ ਐਸਟ੍ਰੋਟਰਫ ਲਗਾਈਆਂ ਗਈਆਂ ਹਨ। ਸੰਗਰੂਰ, ਮਾਨਸਾ, ਬਠਿੰਡਾ, ਹੁਸਿਆਰਪੁਰ, ਜਲੰਧਰ, ਗੁਰਦਾਸਪੁਰ, ਅੰ੍ਿਰਮਤਸਰ ਵਿਚ ਬਹੁਮੰਤਵੀ ਸਟੇਡੀਅਮ ਬਣਾਏ ਗਏ ਹਨ। ਬਾਦਲ ਨੇ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਕਬੱਡੀ ਦੇ ਵਿਸਵ ਕੱਪ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਕਬੱਡੀ ਦੀ ਪਹਿਚਾਣ ਵਿਸਵ ਪੱਧਰ ਤੇ ਬਣ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਚੌਥਾ ਵਿਸਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। 

ਫਰੀਦਕੋਟ ਸ਼ਹਿਰ ਦੀ ਗੱਲ ਕਰਦਿਆਂ ਉਪਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਫਰੀਦਕੋਟ ਸ਼ਹਿਰ ਵਿਚ 100 ਫੀਸਦੀ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਸਹੁਲਤਾਂ ਦੇਣ ਲਈ ਪ੍ਰੋਜੈਕਟ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ 2 ਸਾਲਾਂ ਵਿਚ ਰਾਜ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿਚ ਤਰੱਕੀ ਕਰਨ ਲਈ ਵਚਨਬੱਧ ਹੈ।ਇਸ ਮੌਕੇ ਉਨ੍ਹਾਂ ਨੇ ਇੰਡੀਅਨ ਏਅਰ ਫੋਰਸ ਅਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਟੀਮਾਂ ਵਿਚਕਾਰ ਖੇਡੇ ਜਾ ਰਹੇ ਫਾਈਨਲ ਮੈਚ ਦਾ ਆਨੰਦ ਲਿਆ ਅਤੇ ਖਿਡਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਜ਼ਿਲ੍ਹਾ ਹਾਕੀ ਐਸੋਸੀਏਸ਼ਨ ਨੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਜ਼ਿਲ੍ਹੇ ਦੇ ਚੋਣਵੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਹਾਕੀ ਦੇ ਫਾਇਨਲ ਮੈਚ ਵਿਚ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਜੇਤੂ ਰਹੀ ਹੈ। 

ਇਸ ਮੌਕੇ 'ਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਲੋਕ ਸਭਾ, ਸ੍ਰ ਮਨਤਾਰ ਸਿੰਘ ਬਰਾੜ ਮੁੱਖ ਸੰਸਦੀ ਸਕੱਤਰ, ਸ੍ਰੀ ਦੀਪ ਮਲਹੋਤਰਾ ਵਿਧਾਇਕ ਫਰੀਦਕੋਟ, ਸ: ਜਗਮੋਹਨ ਸਿੰਘ ਬਰਾੜ ਸਾਬਕਾ ਵਿਧਾਇਕ, ਕਮਿਸ਼ਨਰ ਸ੍ਰੀ.ਵੀ.ਕੇ. ਸ਼ਰਮਾ, ਸ਼੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਸ: ਗੁਰਮੀਤ ਸਿੰਘ ਰੰਧਾਵਾ, ਐਸ.ਐਸ.ਗਿੱਲ ਵਾਈਸ ਚਾਂਸਲਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ, ਸ਼੍ਰੀ ਪਰਮਬੰਸ ਸਿੰਘ ਬੰਟੀ ਰੋਮਾਣਾ, ਸ: ਤਜਿੰਦਰ ਸਿੰਘ ਮੌੜ ਪ੍ਰਧਾਨ ਜ਼ਿਲ੍ਹਾ ਹਾਕੀ ਐਸੋਸੀਏਸ਼ਨ, ਸ: ਕੁਲਤਾਰ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਮੈਡਮ ਕੁਲਵਿੰਦਰ ਕੌਰ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਖਸ਼ੀਅਤਾਂ ਹਾਜਰ ਸਨ। 

ਤਸਵੀਰਾਂ