5 Dariya News

ਮਹਿਲਾ ਵਿਧਾਇਕਾਂ ਦੇ ਅਪਮਾਨ ਲਈ ਗੁਨਾਹਗਾਰ ਮਾਫ਼ੀ ਮੰਗਣ- ਪ੍ਰੋ. ਬਲਜਿੰਦਰ ਕੌਰ

ਨਾਰੀ ਦਾ ਅਪਮਾਨ ਨਹੀਂ, ਸਨਮਾਨ ਸਿਖਾਉਂਦੀ ਹੈ ਪੰਜਾਬੀਅਤ-ਆਪ ਮਹਿਲਾ ਵਿੰਗ

5 Dariya News

ਚੰਡੀਗੜ੍ਹ 04-Aug-2018

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਆਬਜ਼ਰਵਰ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਸੂਬਾ ਪ੍ਰਧਾਨ ਰਾਜ ਲਾਲੀ ਗਿੱਲ ਅਤੇ ਸਹਿ ਪ੍ਰਧਾਨ ਜੀਵਨ ਜੋਤ ਕੌਰ ਨੇ 'ਆਪ' ਦੀਆਂ ਮਹਿਲਾ ਵਿਧਾਇਕਾਂ ਬਾਰੇ ਸੋਸ਼ਲ ਮੀਡੀਆ ਉੱਤੇ ਅਪਮਾਨਜਨਕ ਟਿੱਪਣੀਆਂ ਅਤੇ ਘਟੀਆ-ਭੱਦੀ ਸ਼ਬਦਾਵਲੀ ਵਰਤਣ ਵਾਲੇ ਅਨਸਰਾਂ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ।ਅੱਜ ਇੱਥੇ ਮਹਿਲਾ ਵਿੰਗ ਦੀਆਂ ਜ਼ੋਨ ਪ੍ਰਧਾਨ ਰਜਿੰਦਰ ਪਾਲ ਕੌਰ ਛੀਨਾ, ਰਾਜਵਿੰਦਰ ਕੌਰ ਅਤੇ ਕੁਲਦੀਪ ਕੌਰ ਦੀ ਮੌਜੂਦਗੀ 'ਚ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਹ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਬਠਿੰਡਾ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਉਨ੍ਹਾਂ ਖ਼ੁਦ ਬਾਰੇ ਫੇਸਬੁਕ ਅਤੇ ਸੋਸ਼ਲ ਮੀਡੀਆ ਉੱਪਰ ਘਟੀਆ ਪੱਧਰ ਦੀ ਯੋਜਨਾਬੱਧ ਮੁਹਿੰਮ ਚਲਾਈ ਹੋਈ। ਜਿਸ ਰਾਹੀਂ 'ਆਪ' ਮਹਿਲਾ ਵਿਧਾਇਕ ਦੀਆਂ ਅਪਮਾਨਜਨਕ ਫ਼ੋਟੋਆਂ ਅਪਲੋਡ ਕੀਤੀਆਂ ਜਾ ਰਹੀਆਂ ਹਨ ਅਤੇ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਜੋ ਨਿੰਦਣਯੋਗ ਹੈ।ਪ੍ਰੋ. ਬਲਜਿੰਦਰ ਕੌਰ, ਰਾਜ ਲਾਲੀ ਗਿੱਲ ਅਤੇ ਜੀਵਨਜੋਤ ਨੇ ਪੱਤਰਕਾਰਾਂ ਵੱਲੋਂ ਸਵਾਲਾਂ ਦੇ ਜਵਾਬ 'ਚ ਸਪਸ਼ਟ ਕਿਹਾ ਕਿ ਸਭ ਤੋਂ ਵੱਡੇ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਹਲਕੀ ਅਤੇ ਘਟੀਆ ਹਰਕਤ ਲਈ ਕੋਈ ਬਿਗਾਨਾ ਨਹੀਂ ਬਲਕਿ ਉਨ੍ਹਾਂ ਦੇ ਆਪਣੇ ਹੀ ਭਰਾ ਜ਼ਿੰਮੇਵਾਰ ਹਨ, ਜੋ ਨਾਅਰਾ ਤਾਂ ਪੰਜਾਬ ਅਤੇ ਪੰਜਾਬੀਅਤ ਦਾ ਲਗਾਉਂਦੇ ਹਨ ਪਰੰਤੂ ਇਹ ਭੁੱਲ ਚੁੱਕੇ ਹਨ ਕਿ ਪੰਜਾਬੀਅਤ ਮਹਿਲਾਵਾਂ ਦਾ ਸਨਮਾਨ ਸਿਖਾਉਂਦੀ ਹੈ ਨਾ ਕਿ ਮਹਿਲਾਵਾਂ ਦਾ ਅਪਮਾਨ।'ਆਪ' ਮਹਿਲਾ ਆਗੂਆਂ ਨੇ ਸਪਸ਼ਟ ਕੀਤਾ ਕਿ ਹੋਰ ਵੀ ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ 'ਚ ਸਾਡੇ ਵੱਡੇ ਵੀਰ ਸੁਖਪਾਲ ਸਿੰਘ ਖਹਿਰਾ ਦੇ ਨਿੱਜੀ ਸਟਾਫ਼ ਮੈਂਬਰ ਵੀ ਸ਼ਾਮਲ ਹਨ, ਜਿਸ ਦਾ ਮਤਲਬ ਇਹ ਨਿਕਲਦਾ ਹੈ ਕਿ ਇਹ ਸਭ ਖ਼ੁਦ ਸੁਖਪਾਲ ਸਿੰਘ ਖਹਿਰਾ ਕਰਵਾ ਰਹੇ ਹਨ। ਇਸ ਲਈ ਖਹਿਰਾ ਸਮੇਤ ਸਾਰੇ ਗੁਨਾਹਗਾਰ ਮੁਆਫ਼ੀ ਮੰਗਣ।ਇਸ ਮੌਕੇ ਜੀਵਨਜੋਤ ਕੌਰ ਨੇ ਕਿਹਾ ਕਿ ਨਿੱਕੀ-ਨਿੱਕੀ ਗੱਲ 'ਤੇ ਮੀਡੀਆ ਅਤੇ ਸੋਸ਼ਲ ਮੀਡੀਆ 'ਚ ਜਾਣ ਵਾਲੇ ਸਾਡੇ ਭਰਾ ਖਹਿਰਾ ਸਾਹਿਬ, ਇਸ ਮੁੱਦੇ 'ਤੇ ਅਜੇ ਤੱਕ ਕਿਉਂ ਚੁੱਪ ਹਨ?'ਆਪ' ਆਗੂਆਂ ਨੇ ਕਿਹਾ ਕਿ ਕੁਰਸੀ ਅਤੇ ਨਿੱਜ ਲਈ ਲੜਾਈ ਨੂੰ ਪੰਥ, ਪੰਜਾਬ ਅਤੇ ਪੰਜਾਬੀਅਤ 'ਚ ਬਦਲਣ ਵਾਲੇ ਬੌਖਲਾਹਟ 'ਚ ਆ ਕੇ ਨਾਰੀ ਵਰਗ ਪ੍ਰਤੀ ਮਾਣ-ਮਰਿਆਦਾ ਨੂੰ ਨਾ ਭੁੱਲਣ ਅਤੇ ਇਸ ਗੁਨਾਹ ਲਈ ਮੁਆਫ਼ੀ ਮੰਗਣ।