5 Dariya News

ਐਸ.ਸੀ. ਵਜੀਫਿਆਂ ਦੀ ਰਕਮ ਜਾਰੀ ਨਾ ਕਰਕੇ ਮੋਦੀ ਸਰਕਾਰ ਨੇ ਆਪਣਾ ਦਲਿਤ ਵਿਰੋਧੀ ਰੂਪ ਪ੍ਰਗਟ ਕੀਤਾ- ਸੁਨੀਲ ਜਾਖੜ

ਕਿਹਾ, ਭਾਜਪਾ ਸਰਕਾਰ ਨਹੀਂ ਚਾਹੁੰਦੀ ਕਿ ਐਸ.ਸੀ. ਸ੍ਰੇਣੀਆਂ ਦੇ ਬੱਚੇ ਉੱਚ ਸਿੱਖਿਆ ਪ੍ਰਾਪਤ ਕਰ ਸਕਨ

5 Dariya News

ਨਵੀਂ ਦਿੱਲੀ 02-Aug-2018

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਐਸ.ਸੀ. ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜੀਫਾ ਸਕੀਮ ਤਹਿਤ ਪੰਜਾਬ ਦੇ ਹਿੱਸੇ ਦੀ ਪਿੱਛਲੇ 2 ਸਾਲਾਂ ਦੀ 1287 ਕਰੋੜ ਰੁਪਏ ਦੀ ਰਕਮ ਜਾਰੀ ਨਾ ਕਰਕੇ ਮੋਦੀ ਸਰਕਾਰ ਨੇ ਆਪਣਾ ਦੱਲਿਤ ਵਿਰੋਧੀ ਰੂਪ ਇਕ ਵਾਰ ਫਿਰ ਪ੍ਰਗਟ ਕਰ ਦਿੱਤਾ ਹੈ। ਸ੍ਰੀ ਜਾਖੜ ਅੱਜ ਸੰਸਦ ਭਵਨ ਦੇ ਬਾਹਰ ਕਾਂਗਰਸ ਪਾਰਟੀ ਦੇ ਸਾਂਸਦਾਂ ਸਮੇਤ ਕੇਂਦਰ ਸਰਕਾਰ ਖਿਲਾਫ ਰੋਸ਼ ਵਿਖਾਵੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਸ੍ਰੀਮਤੀ ਅਬਿੰਕਾ ਸੋਨੀ, ਸ: ਪ੍ਰਤਾਪ ਸਿੰਘ ਬਾਜਵਾ, ਸ੍ਰੀ ਸੰਤੋਖ ਚੌਧਰੀ, ਸ: ਗੁਰਜੀਤ ਸਿੰਘ ਔਜਲਾ ਅਤੇ ਸ: ਰਵਨੀਤ ਸਿੰਘ ਬਿੱਟੂ ਵੀ ਹਾਜਰ ਸਨ।ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਐਸ.ਸੀ. ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜੀਫਾ ਸਕੀਮ ਮਨਮੋਹਨ ਸਿੰਘ ਸਰਕਾਰ ਨੇ ਪ੍ਰਮੁੱਖਤਾ ਨਾਲ ਸ਼ੁਰੂ ਕੀਤੀ ਸੀ ਅਤੇ ਇਸ ਤਹਿਤ ਐਸ.ਸੀ. ਸ਼੍ਰੇਣੀਆਂ  ਜਿੰਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਘੱਟ ਹੋਵੇ ਦੇ ਬੱਚਿਆਂ ਨੂੰ 10ਵੀਂ ਤੋਂ ਅੱਗੇ ਪੜਾਈ ਲਈ ਵਜੀਫਾ ਮਿਲਦਾ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਇਹ ਸਕੀਮ ਇਸ ਉਦੇਸ਼ ਨਾਲ ਸ਼ੁਰੂ ਕੀਤੀ ਕਿ ਹਰ ਇਕ ਗਰੀਬ ਦਾ ਬੱਚਾ ਉਚੇਰੀ ਪੜਾਈ ਕਰਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਦੇ ਯੋਗ ਬਣ ਸਕੇ।  ਪਰ 2014 ਤੋਂ ਕੇਂਦਰ ਵਿਚ ਬਣੀ ਮੋਦੀ ਸਰਕਾਰ ਲਗਾਤਾਰ ਪੰਜਾਬ ਨਾਲ ਇਸ ਸਕੀਮ ਤਹਿਤ ਵਜੀਫੇ ਦੀ ਰਕਮ ਜਾਰੀ ਕਰਨ ਵਿਚ ਦੇਰੀ ਕਰਦੀ ਆ ਰਹੀ ਹੈ ਅਤੇ ਹੁਣ ਤਾਂ ਬਕਾਇਆ 1287.02 ਕਰੋੜ ਵਿਚੋਂ 780 ਕਰੋੜ ਰੁਪਏ ਦਾ ਬੋਝ ਕਮਿਊਟਿਡ ਲਾਈਬਿਲਟੀ ਦੇ ਨਾਂਅ ਤੇ ਕੇਂਦਰ ਸਰਕਾਰ ਪੰਜਾਬ ਸਿਰ ਪਾਉਣਾ ਚਾਹੁੰਦੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਜਿਸ ਤਰਾਂ ਮਨਮੋਹਨ ਸਿੰਘ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕੀਤਾ ਸੀ ਇਹ ਸਕੀਮ ਉਸੇ ਤਰਜ ਤੇ ਚੱਲਣੀ ਚਾਹੀਦੀ ਹੈ ਕਿਉਂਕਿ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਨੁਕਸਾਦਾਰ ਜੀਐਸਟੀ ਪ੍ਰਣਾਲੀ ਤੋਂ ਬਾਅਦ ਸੂਬਿਆਂ ਦੇ ਆਪਣੇ ਆਰਥਿਕ ਵਸੀਲੇ ਅਸਿੱਧੇ ਤੌਰ ਤੇ ਕੇਂਦਰ ਸਰਕਾਰ ਕੋਲ ਆ ਗਏ ਹਨ।  

ਉਨ੍ਹਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇਸ ਯੋਜਨਾ ਵਿਚ ਕੇਂਦਰ-ਰਾਜ ਹਿੱਸੇਦਾਰੀ ਦੇ ਅਨੁਪਾਤ ਵਿਚ ਕੋਈ ਬਦਲਾਅ ਕੀਤਾ ਤਾਂ ਇਹ ਭਾਜਪਾ ਸਰਕਾਰ ਦਾ ਇਕ ਹੋਰ ਐਸ.ਸੀ. ਵਿਰੋਧੀ ਕਦਮ ਹੀ ਹੋਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਵਿਚ ਗਰੀਬਾਂ ਦੀ ਸਿੱਖਿਆ ਤੇ ਜੋਰ ਦਿੰਦੇ ਨਹੀਂ ਥੱਕਦੇ ਦੂਜੇ ਪਾਸੇ ਕਮਜੋਰ ਵਰਗਾਂ ਲਈ ਵਜੀਫੇ ਰੋਕ ਕੇ ਉਨ੍ਹਾਂ ਦੀ ਸਰਕਾਰ ਗਰੀਬਾਂ ਦੇ ਬੱਚਿਆਂ ਤੋਂ ਪੜਾਈ ਦਾ ਹੱਕ ਵੀ ਖੋਹਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਐਨਾ ਹੀ ਨਹੀਂ ਕੇਂਦਰ ਸਰਕਾਰ ਨੇ ਇਸ ਯੋਜਨਾ ਵਿਚ ਇਸ ਵਾਰ ਹੋਰ ਘਾਤਕ ਬਦਲਾਅ ਕੀਤਾ ਹੈ ਜਿਸ ਤਹਿਤ ਵਿਦਿਆਰਥੀ ਨੇ ਦਾਖਲੇ ਸਮੇਂ ਟਿਊਸ਼ਨ ਫੀਸ ਭਰਨੀ ਹੈ ਅਤੇ ਬਾਅਦ ਵਿਚ ਜਦ ਕੇਂਦਰ ਸਰਕਾਰ ਰਕਮ ਜਾਰੀ ਕਰੇਗੀ ਤਾਂ ਵਿਦਿਆਰਥੀ ਨੂੰ ਵਜੀਫਾ ਮਿਲੇਗਾ। ਜਦ ਕਿ ਪਹਿਲਾਂ ਵਿਦਿਆਰਥੀ ਨੂੰ ਬਿਨ੍ਹਾਂ ਟਿਊਸਿਨ ਫੀਸ ਦੇ ਦਾਖਲਾ ਮਿਲਦਾ ਸੀ ਅਤੇ ਵਜੀਫੇ ਦੀ ਅਦਾਇਗੀ ਕਾਲਜ ਨੂੰ ਹੁੰਦੀ ਸੀ। ਉਨ੍ਹਾਂ ਕਿਹਾ ਕਿ ਗਰੀਬ ਬੱਚਿਆਂ ਕੋਲ ਦਾਖਲੇ ਲੈਣ ਲਈ ਪੈਸੇ ਨਹੀਂ ਹਨ ਅਤੇ ਇਸ ਕਾਰਨ ਇਹ ਵਿਦਿਆਰਥੀ ਆਪਣੀ ਪੜਾਈ ਅੱਧ ਵਿਚ ਹੀ ਛੱਡਣ ਲਈ ਮਜਬੂਰ ਹੋ ਰਹੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਸੋਚੀ ਸਮਝੀ ਯੋਜਨਾ ਤਹਿਤ ਐਸ.ਸੀ. ਸ਼੍ਰੇਣੀਆਂ ਦੇ ਬੱਚਿਆਂ ਦੀ ਪੜਾਈ ਵਿਚ ਰੁਕਾਵਟ ਪਾ ਰਹੀ ਹੈ ਕਿਉਂਕਿ ਭਾਜਪਾ ਦੀ ਸੋਚ ਹੀ ਪਿੱਛੜੇ ਵਰਗਾਂ ਦੇ ਵਿਰੋਧੀ ਰਹੀ ਹੈ ਅਤੇ ਇਸੇ ਕਾਰਨ ਇਹ ਸਰਕਾਰ ਨਹੀਂ ਚਾਹੁੰਦੀ ਕਿ ਗਰੀਬਾਂ ਦੇ ਬੱਚੇ ਪੜ੍ਹਨ। ਉਨ੍ਹਾਂ ਨੇ ਇਸ ਮੌਕੇ ਮੋਦੀ ਸਰਕਾਰ ਤੋਂ ਜੋਰਦਾਰ ਤਰੀਕੇ ਨਾਲ ਮੰਗ ਕੀਤੀ ਕਿ ਪੰਜਾਬ ਦੇ ਪਿੱਛਲੇ ਦੋ ਸਾਲਾਂ ਦੇ ਬਕਾਇਆ 1287 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਜਾਣ।