5 Dariya News

ਉਸਾਰੀ ਕਿਰਤੀਆਂ ਲਈ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਸੂਬਾ ਸਰਕਾਰ ਦੇਵੇਗੀ 2 ਲੱਖ ਤੱਕ ਦੀ ਵਿੱਤੀ ਮਦਦ - ਫਤਹਿਜੰਗ ਸਿੰਘ ਬਾਜਵਾ

ਉਸਾਰੀ ਕਿਰਤੀਆਂ ਦੀਆਂ ਧੀਆਂ ਨੂੰ ਵਿਆਹ ਸਮੇਂ ਮਿਲਣਗੇ ਸ਼ਗਨ ਸਕੀਮ ਦੇ 51 ਹਜ਼ਾਰ ਰੁਪਏ

5 Dariya News

ਬਟਾਲਾ 02-Aug-2018

ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਨਾਲ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਕੈਂਸਰ ਵਰਗੀਆਂ ਗੰਭੀਰ ਤੇ ਮਾਰੂ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਇੱਕ ਲੱਖ ਰੁਪਏ ਤੋਂ ਵਧਾ ਕੇ ਦੋ ਲੱਖ ਰੁਪਏ ਤੱਕ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਉਸਾਰੀ ਕਿਰਤੀਆਂ ਦੀ ਭਲਾਈ ਲਈ ਯਤਨਸ਼ੀਲ ਹੈ ਅਤੇ ਇਸ ਖੇਤਰ ਵਿੱਚ ਸਰਕਾਰ ਵਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਸ. ਬਾਜਵਾ ਨੇ ਦੱਸਿਆ ਕਿ ਸਰਕਾਰ ਨੇ ਇਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਉਸਾਰੀ ਕਿਰਤੀਆਂ ਦੀਆਂ ਬੱਚੀਆਂ ਦੇ ਵਿਆਹ ’ਤੇ ਦਿੱਤੀ ਜਾਣ ਵਾਲੀ ਸ਼ਗਨ ਰਾਸ਼ੀ  31 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਤੱਕ ਕਰਨ ਨੂੰ ਵੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਉਸਾਰੀ ਕਿਰਤੀਆਂ ਦੇ ਬੱਚੇ ਜੋ ਕਿ ਜ਼ਿਲਾ, ਰਾਜ ਜਾਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਦੇ ਹਨ ਉਨਾਂ ਲਈ ਨਗਦ ਵਿੱਤੀ ਇਮਦਾਦ ਬੋਰਡ ਵੱਲੋਂ ਦਿੱਤੀ ਜਾਇਆ ਕਰੇਗੀ। ਇਸ ਦੇ ਨਾਲ ਹੀ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦਿੱਤੀ ਜਾਣ ਵਾਲੀ ਵਜ਼ੀਫ਼ਾ ਸਕੀਮ ਵਿਚ ਸੋਧ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ, ਜਿਸ ਅਧੀਨ ਹੁਣ 85 ਫੀਸਦੀ ਦੀ ਬਜਾਇ 75 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮ ਅਧੀਨ 11 ਹਜਾਰ ਰੁਪਏ ਸਿੱਧੇ ਤੌਰ ’ਤੇ ਦਿੱਤੇ ਜਾਣਗੇ। ਸ. ਬਾਜਵਾ ਨੇ ਅੱਗੇ ਦੱਸਿਆ ਕਿ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈੱਲਫੇਅਰ ਬੋਰਡ ਵੱਲੋਂ ਪੰਜਾਬ ਵਿੱਚ ਚਾਰ ਸਕਿੱਲ ਡਿਵੈਲਪਮੈਂਟ ਸੈਂਟਰ ਉਸਾਰੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਸੈਂਟਰਾਂ ਵਿੱਚ ਉਸਾਰੀ ਕਿਰਤੀਆਂ ਤੇ ਉਨਾਂ ਦੇ ਬੱਚਿਆਂ ਲਈ ਲੁਹਾਰਾ, ਪਲੰਬਰ, ਵੈਲਡਰ ਤੇ ਇਲੈਕਟ੍ਰਾਨਿਕ ਆਦਿ ਟਰੇਡਾਂ ਲਈ ਸਿੱਖਿਆ ਦਿੱਤੀ ਜਾਵੇਗੀ। ਸ. ਬਾਜਵਾ ਨੇ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਉਠਾਉਣ ਲਈ ਆਪਣਾ ਨਾਮ ਕਿਰਤ ਵਿਭਾਗ ਵਿੱਚ ਰਜਿਸਟਰਡ ਕਰਾਉਣ।