5 Dariya News

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਨੇ ਸਰਕਾਰੀ ਸਕੂਲਾਂ ਨੂੰ ਵਿਲੱਖਣ ਪਹਿਚਾਣ ਦਿੱਤੀ- ਡੀ.ਈ.ਓ ਗੁਰਦਰਸ਼ਨ ਸਿੰਘ ਬਰਾੜ

ਜ਼ਿਲ੍ਹੇ 'ਚ ਇਸ ਸਾਲ 26 ਸਮਾਰਟ ਸਕੂਲਾਂ ਤੋ ਵਧਾ ਕੇ 100 ਬਣਾਏ ਜਾਣ ਦਾ ਟੀਚਾ- ਸੁਖਦੇਵ ਸਿੰਘ ਅਰੋੜਾ

5 Dariya News

ਮੋਗਾ 01-Aug-2018

ਸਿੱਖਿਆ ਵਿਭਾਗ ਪੰਜਾਬ ਦੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸਕੂਲਾਂ ਦੇ ਸਮੂਹ ਅਧਿਆਪਕ ਆਪੋ-ਆਪਣੇ ਸਕੂਲ ਦੀ ਨੁਹਾਰ ਨਿਰਸਵਾਰਥ ਢੰਗ ਨਾਲ ਮਿਹਨਤ, ਲਗਨ ਅਤੇ ਜੋਸ਼ ਨਾਲ ਬਦਲ ਰਹੇ ਹਨ। ਇਹ ਸ਼ਬਦ ਸਕੂਲ ਸਿੱਖਿਆ ਸਕੱਤਰ ਮਾਨਯੋਗ ਕ੍ਰਿਸ਼ਨ ਕੁਮਾਰ ਨੇ ਵਧੀਆ ਕਾਰਗੁਜ਼ਾਰੀ ਵਾਲੇ ਸਕੂਲ਼ ਅਧਿਆਪਕਾਂ ਦੀ ਮੀਟਿੰਗ ਵਿੱਚ ਕਹੇ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਨੇ ਦੱਸਿਆ ਕਿ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਨੇ ਸਰਕਾਰੀ ਸਕੂਲਾਂ ਨੂੰ ਵਿਲੱਖਣ ਪਹਿਚਾਣ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿਖੇ ਸਿੱਖਿਆ ਸਕੱਤਰ ਦੀ ਰਹਿਨੁਮਾਈ ਹੇਠ ਇਸ ਪ੍ਰੋਜੈਕਟ ਤਹਿਤ ਹੋਈ ਮੀਟਿੰਗ ਵਿੱਚ ਮੋਗਾ ਜ਼ਿਲ੍ਹੇ ਦੇ ਤਕਰੀਬਨ 26 ਸਕੂਲਾਂ ਨੂੰ ਬਿਹਤਰੀਨ ਸੇਵਾਵਾਂ ਨਿਭਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਪ੍ਰਿੰਸੀਪਲ ਡਾਇਟ ਸੁਖਚੈਨ ਸਿੰਘ ਹੀਰਾ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦਾ ਮਕਸਦ ਬੱਚਿਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਗੁਣਾਤਮਕ, ਰਚਨਾਤਮਕ ਸਿੱਖਿਆ, ਸਪਲੀਮੈਟਰੀ ਮਟੀਰੀਅਲ, ਆਡੀਓ, ਵੀਡੀਓ ਰਾਹੀਂ ਖੇਡ ਵਿਧੀ ਦੀ ਵਰਤੋਂ ਕਰਦਿਆਂ ਰੌਚਕ ਢੰਗਾਂ ਨਾਲ ਸਿੱਖਿਆ ਦਿੱਤੀ ਜਾਣੀ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਨੇ ਦੱਸਿਆ ਕਿ ਇਸੇ ਲੜੀ ਤਹਿਤ ਸਰਕਾਰੀ ਸਕੂਲਾਂ ਦੀ  ਸੁੰਦਰ ਦਿੱਖ, ਵਧੀਆ ਨਤੀਜੇ, ਐਲ.ਈ.ਡੀ./ਕੰਪਿਊਟਰ ਅਤੇ ਸਮਾਰਟ ਕਲਾਸਾਂ ਬਨਾਉਣ ਵਿੱਚ ਹਿੰਮਤ ਕਰਨ ਵਾਲੇ ਅਧਿਆਪਕਾਂ ਨੂੰ ਮੋਹਾਲੀ ਦੇ ਆਡੀਟੋਰੀਅਮ ਵਿੱਚ ਬੁਲਾਇਆ ਗਿਆ, ਜਿੱਥੇ ਅਧਿਆਪਕਾਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਆਪੋ-ਆਪਣੇ ਸਕੂਲ ਬਾਰੇ ਪਹਿਲਾਂ 'ਤੇ ਮੌਜੂਦਾ ਸਥਿਤੀ ਸਪੱਸ਼ਟ ਕੀਤੀ ਗਈ। ਮਾਨਯੋਗ ਸਕੱਤਰ ਸਕੂਲ ਸਿੱਖਿਆ ਅਤੇ ਡੀ.ਪੀ.ਆਈ. ਨੇ ਅਧਿਆਪਕਾਂ ਦੇ ਇਸ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਹੋਰ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਅਧਿਆਪਕਾਂ ਵਿੱਚੋਂ ਮਨਮੀਤ ਰਾਏ ਅਤੇ ਜਸਵੀਰ ਕੌਰ ਵੱਲੋਂ ਵੀ ਸੁਝਾਅ ਦਿੱਤੇ ਗਏ, ਜਿਸ ਤੇ ਵਿਚਾਰ ਕਰਨ ਲਈ ਤਸੱਲੀ ਪ੍ਰਗਟਾਈ। ਪ੍ਰੋਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਨੇ ਇਸ ਸਮੇਂ ਉਨ੍ਹਾਂ ਦੇ ਨਾਲ ਗਏ ਅਧਿਆਪਕਾਂ ਦੀ ਵਧੀਆ ਕਾਰਗੁਜਾਰੀ ਲਈੇ ਧਨੰਂਵਾਦ ਕੀਤਾ ਤੇ ਅੱਗੇ  ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਦੇ ਕਰੀਬ 26 ਸਕੂਲ ਸਮਾਰਟ ਸਕੂਲ ਦੇ ਨਾਂ ਹੇਠ ਜਾਣੇ ਜਾਂਦੇ ਹਨ ਤੇ ਇਸ ਸਾਲ 26 ਤੋਂ 100 ਸਕੂਲ ਸਮਾਰਟ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਸਮੇਂ ਸੀ.ਐਚ.ਟੀ. ਸੁਰਿੰਦਰ ਕੌਰ, ਜਸਵਿੰਦਰ ਸਿੰਘ ਨਿਹਾਲਗੜ੍ਹ, ਗਗਨਦੀਪ ਕੌਰ ਮਹਿਣਾ, ਕਰਮਜੀਤ ਕੌਰ ਬੁਰਜ ਦੁੱਨਾ, ਕੁਲਦੀਪ ਸਿੰਘ ਮਾਣੂੰਕੇ, ਜਸਪਾਲ ਸਿੰਘ, ਜਸਵੀਰ ਕੌਰ ਮਾਣੂੰਕੇ, ਦਵਿੰਦਰ ਸਿੰਘ ਰੌਲੀ, ਮਨਮੀਤ ਰਾਏ ਬੁੱਟਰ ਖੁਰਦ, ਸੰਦੀਪ ਸਿੰਘ ਡਾਲਾ ਅਤੇ ਕਮਲਜੀਤ ਸਿੰਘ ਜੈਤੋ ਖੋਸਾ ਹਾਜ਼ਰ ਸਨ।