5 Dariya News

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੋਬਾਇਲ ਲੈਬੋਰਾਟਰੀ ਰਾਂਹੀ ਲੋਕਾਂ ਦੇ ਦਰਾਂ ਤੇ ਜਾ ਕੇ ਦੁੱਧ ਦੇ ਸੈਂਪਲ ਕੀਤੇ ਟੈਸਟ

37 ਸੈਂਪਲਾਂ ਵਿਚੋਂ 25 ਨਮੂਨੇ ਮਿਆਰਾਂ ਅਨੁਸਾਰ ਪਾਏ ਗਏ

5 Dariya News

ਐਸ.ਏ.ਐਸ. ਨਗਰ (ਮੁਹਾਲੀ) 31-Jul-2018

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਤੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਨੁਸਾਰ ਮੁਹਾਲੀ ਦੇ ਫੇਜ਼-11 ਵਿਖੇ  ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਅਤੇ ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਤੇ ਦੁੱਧ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣ ਲਈ ਦੁੱਧ ਪਰਖ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸਮਾਜ ਸੇਵੀ ਸਰਬਜੀਤ ਸਿੰਘ ਵੱਲੋਂ ਕੀਤਾ ਗਿਆ।  ਡੇਅਰੀ ਟੈਕਨੋਲੋਜਿਸਟ ਸ੍ਰੀ ਦਰਸ਼ਨ ਸਿੰਘ ਦੀ ਦੇਖ ਰੇਖ ਹੇਠ ਲਗਾਏ ਗਏ ਦੁੱਧ ਪਰਖ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਏ ਜਾ ਰਹੇ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਅਧੀਨ ਮੋਬਾਇਲ ਲੈਬੋਰਾਟਰੀ ਰਾਂਹੀ ਦੁੱਧ ਦੇ 37 ਸੈਂਪਲ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋ 25 ਸੈਂਪਲ  ਮਿਆਰਾਂ ਅਨੁਸਾਰ ਪਾਏ ਗਏ ਅਤੇ ਬਾਕੀ 12 ਨਮੂਨਿਆਂ ਵਿਚ ਪਾਣੀ ਦੀ ਮਿਲਾਵਟ ਪਾਈ ਗਈ। ਜਿਸ ਦੀ ਮਿਕਦਾਰ 14 ਤੋਂ 23 ਪ੍ਰਤੀਸ਼ਤ ਤੱਕ ਸੀ। ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਨਮੂਨੇ ਵਿੱਚ ਹਾਨੀਕਾਰਕ ਕੈਮੀਕਲ/ਬਾਹਰੀ ਪਦਾਰਥ ਨਹੀਂ ਪਾਏ ਗਏ। ਸ੍ਰੀ ਸਿੰਘ ਨੇ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੇ ਨਮੂਨੇ ਟੈਸਟ ਕਰਨ ਉਪਰੰਤ ਨਤੀਜੇ ਲਿਖਤੀ ਰੂਪ ਵਿੱਚ ਮੌਕੇ 'ਤੇ ਹੀ ਮੁਫਤ ਦਿੱਤੇ ਗਏ। 

ਡੇਅਰੀ ਟੈਕਨੋਲੋਜਿਸਟ ਨੇ ਦੱਸਿਆ ਕਿ ਹੁਣ ਸਾਰੇ ਵਿਭਾਗੀ ਦਫਤਰਾਂ ਵਿੱਚ ਵੀ  ਦੁੱਧ ਦੀ ਪਰਖ ਮੁਫਤ ਕਰਵਾਈ ਜਾ ਸਕਦੀ ਹੈ ਕਿਸੇ ਵੀ ਥਾਂ ਤੇ ਜੇਕਰ ਅਜਿਹਾ ਕੈਂਪ ਆਯੋਜਿਤ ਕਰਵਾਉਣਾ ਹੋਵੇ ਤਾਂ ਵਿਭਾਗ ਦੇ ਜ਼ਿਲ੍ਹਾਂ ਪੱਧਰੀ ਦਫਤਰ ਜਾਂ ਹੈਲਪ ਲਾਇਨ ਨੰਬਰ 0172-2219276 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੁੱਖ ਮੰਤਵ ਦੁੱਧ ਖਪਤਕਾਰਾਂ ਨੂੰ ਉਨ੍ਹਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤਾਂ ਬਾਰੇ ਜਾਣਕਾਰੀ ਦੇਣਾ ਹੈ ਅਤੇ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਦੀ ਸੰਭਾਵਨਾਵਾਂ ਨੂੰ ਖਤਮ ਕਰ ਸਕਦੇ ਹਨ। ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਹਰਦੇਵ ਸਿੰਘ ਤੋਂ ਇਲਾਵਾ ਮਨੀਸ਼ਾ, ਗੁਰਲੀਨ ਕੌਰ, ਹਰਪਾਲ ਕੌਰ, ਕੁਲਵਿੰਦਰ ਕੌਰ, ਕੁਲਦੀਪ ਕੌਰ, ਜਸਵੰਤ ਕੌਰ, ਬਲਜੀਤ ਸਿੰਘ, ਹਰਮੀਤ ਸਿੰਘ, ਗੁਰਜਿੰਦਰ ਸਿੰੰਘ, ਅਜਮੇਰ ਸਿੰਘ, ਅਮਰਜੀਤ ਸਿੰਘ, ਕਸ਼ਮੀਰ ਸਿੰਘ ਸਮੇਤ ਹੋਰ ਦੁੱਧ ਖਪਤਕਾਰ ਵੀ ਮੌਜੂਦ ਸਨ।