1 ਤੋਂ 31 ਅਗਸਤ ਤੱਕ ਹੋਵੇਗਾ ਸਭ ਤੋਂ ਸਾਫ਼ ਪਿੰਡਾਂ ਦਾ ਮੁਲਾਂਕਣ- ਕੁਮਾਰ ਅਮਿਤ
ਲੋਕਾਂ ਨੂੰ ਆਪਣੇ ਪਿੰਡ ਤੇ ਜ਼ਿਲ੍ਹੇ ਨੂੰ ਸਨਮਾਨ ਦਿਵਾਉਣ ਲਈ ਭਰਵਾਂ ਸਹਿਯੋਗ ਕਰਨ ਦੀ ਅਪੀਲ
5 Dariya News
ਪਟਿਆਲਾ 31-Jul-2018
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਜਲ ਅਤੇ ਸਵੱਛਤਾ ਮੰਤਰਾਲੇ ਵੱਲੋਂ ਦੇਸ਼ ਦੇ ਸਾਰੇ ਸੂਬਿਆਂ ਅਤੇ ਜ਼ਿਲ੍ਹਿਆਂ ਦੀ ਗੁਣਾਤਮਕ ਅਤੇ ਗਿਣਾਤਮਕ ਅਧਾਰ 'ਤੇ ਦਰਜਾਬੰਦੀ ਕਰਨ ਲਈ ਪਹਿਲਾ ਗ੍ਰਾਮੀਣ ਸਰਵੇਖਣ 1 ਤੋਂ 31 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦੇ ਵਾਸੀਆਂ ਨੂੰ ਇਹ ਵੱਡਾ ਮੌਕਾ ਮਿਲ ਰਿਹਾ ਹੈ ਜਦੋਂ ਉਹ ਆਪਣੇ ਪਿੰਡ ਨੂੰ ਦੇਸ਼ ਦਾ ਸਭ ਤੋਂ ਸਾਫ਼ ਪਿੰਡ ਹੋਣ ਦਾ ਮਾਣ ਤੇ ਸਨਮਾਨ ਦਿਵਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸਰਵੇਖਣ ਪਿਛੋਂ ਅੱਵਲ ਆਉਣ ਵਾਲੇ ਸੂਬਿਆਂ ਤੇ ਜ਼ਿਲ੍ਹਿਆਂ ਨੂੰ 2 ਅਕਤੂਬਰ 2018 ਨੂੰ ਇਨਾਮ ਦਿੱਤੇ ਜਾਣਗੇ।ਸ੍ਰੀ ਕੁਮਾਰ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 'ਸਵੱਛ ਸਰਵੇਖਣ ਗ੍ਰਾਮੀਣ-2018', ਦੀ ਸਫ਼ਲਤਾ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਮੇਤ ਸਿੱਖਿਆ, ਸਿਹਤ, ਪੇਂਡੂ ਵਿਕਾਸ ਆਦਿ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਰਵੇਖਣ ਦੌਰਾਨ ਪੂਰੀ ਗੰਭੀਰਤਾ ਨਾਲ ਸਰਗਰਮ ਭੂਮਿਕਾ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੋਣ ਵਾਲੀ ਦਰਜਾਬੰਦੀ 'ਚ ਸਵੱਛਤਾ ਮਾਪਦੰਡ ਮਿਥੇ ਗਏ ਹਨ, ਜਿਨ੍ਹਾਂ 'ਚ ਟੁਆਇਲਟ ਦੀ ਉਪਲਬਧਤਾ ਤੇ ਵਰਤੋਂ, ਕੂੜੇ ਕਰਕਟ ਅਤੇ ਖੜ੍ਹੇ ਪਾਣੀ ਦੀ ਸਥਿਤੀ ਸਮੇਤ ਜਨਤਕ ਅਦਾਰਿਆਂ ਦਾ ਨਿਰੀਖਣ, ਜਿਸ 'ਚ ਆਂਗਣਵਾੜੀ ਤੇ ਸਿਹਤ ਕੇਂਦਰ, ਸਕੂਲ, ਬਾਜ਼ਾਰ ਅਤੇ ਧਾਰਮਿਕ ਅਸਥਾਨ ਅਤੇ ਪਿੰਡ ਵਾਸੀਆਂ ਦੇ ਸਵੱਛਤਾ ਪ੍ਰੋਗਰਾਮ ਬਾਰੇ ਵਿਚਾਰ ਅਤੇ ਸਵੱਛਤਾ 'ਚ ਸੁਧਾਰ ਬਾਰੇ ਸੁਝਾਉ ਵੀ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਰਵੇਖਣ 'ਚ ਭੂਮਿਕਾ ਨਿਭਾਉਣ ਵਾਲੇ ਪਿੰਡਾਂ, ਆਂਗਣਵਾੜੀ ਤੇ ਸਿਹਤ ਕੇਂਦਰਾਂ ਅਤੇ ਸਕੂਲਾਂ ਆਦਿ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚੋਂ ਕੋਈ 10 ਪਿੰਡ ਚੁਣਕੇ ਉਨ੍ਹਾਂ ਦਾ ਨਿਰੀਖਣ ਕੇਂਦਰੀ ਟੀਮ ਵੱਲੋਂ ਕੀਤਾ ਜਾਵੇਗਾ ਪਰੰਤੂ ਇਹ 10 ਪਿੰਡ ਕਿਹੜੇ ਹੋਣਗੇ, ਬਾਰੇ 24 ਘੰਟੇ ਪਹਿਲਾਂ ਹੀ ਪਤਾ ਲੱਗੇਗਾ, ਇਸ ਲਈ ਸਮੂਹ ਅਧਿਕਾਰੀ ਅੱਜ ਤੋਂ ਹੀ ਪੂਰੀ ਸਰਗਰਮੀ ਨਾਲ ਆਪਣੀ ਡਿਊਟੀ ਸੰਭਾਲ ਲੈਣ। ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਦੀ ਸਫ਼ਲਤਾ ਹਿੱਤ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਨਿਗਰਾਨੀ ਦੇ ਨਾਲ-ਨਾਲ ਇਸ ਦਾ ਜਾਇਜਾ ਵੀ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਰਵੇਖਣ ਲਈ ਪਿੰਡ ਪੱਧਰ 'ਤੇ ਪੰਚਾਇਤ ਸਕੱਤਰ, ਬਲਾਕ ਪੱਧਰ ਦੀ ਨਿਗਰਾਨੀ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਰਾਹੁਲ ਸਿੰਧੂ (ਆਈ.ਏ.ਐਸ. ਸਿਖਲਾਈ ਅਧੀਨ) ਕਰਨਗੇ ਅਤੇ ਜ਼ਿਲ੍ਹਾ ਪੱਧਰ 'ਤੇ ਉਹ ਖ਼ੁਦ ਨਿਗਰਾਨੀ ਕਰਨਗੇ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਨਿਗਰਾਨ ਇੰਜੀਨੀਅਰ ਸੁਖਚੈਨ ਸਿੰਘ ਪੰਧੇਰ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ, ਡੀ.ਪੀ.ਓ. ਸੁਖਦੀਪ ਸਿੰਘ, ਡੀ.ਆਈ.ਓ. ਸੰਜੀਵ ਕੁਮਾਰ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਐਕਸੀਐਨ ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਬਰਾੜ, ਬਲਜੀਤ ਸਿੰਘ ਅਤੇ ਐਸ.ਡੀ.ਐਸ. ਸ੍ਰੀਮਤੀ ਹਰਸ਼ ਗੋਇਲ ਸਮੇਤ ਬਲਾਕਾਂ ਦੇ ਅਧਿਕਾਰੀ ਮੌਜੂਦ ਸਨ।