ਕਾਂਗਰਸੀ ਹੜ੍ਹਾਂ ਦੇ ਮੁੱਦੇ ਤੇ ਸਿਆਸੀ ਰੋਟੀਆਂ ਸੇਕਣ ਚ ਲੱਗੇ : ਚੰਦੂਮਾਜਰਾ
ਬਾਜਵਾ ਗੁੰਮਰਾਹਕੁੰਨ ਬਿਆਨਬਾਜ਼ੀ ਕਰਕੇ ਕੇਂਦਰੀ ਫੰਡਾਂ 'ਚ ਰੁਕਵਟਾਂ ਖੜ੍ਹੀਆਂ ਕਰ ਰਹੇ ਨੇ
5 ਦਰਿਆ ਨਿਊਜ਼
ਚੰਡੀਗੜ੍ਹ 15-Sep-2013
ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਵਲੋਂ ਪੰਜਾਬ ਸਰਕਾਰ ਉਤੇ ਕੇਂਦਰ ਵਲੋਂ ਹੜ੍ਹਾਂ ਦੇ ਖ਼ਰਾਬੇ ਲਈ ਆਉਂਦੇ ਪੈਸਿਆਂ ਦੀ ਦੁਰਵਰਤੋਂ ਕਰਨ ਦੇ ਬੇਬੁਨਿਆਦ ਦੋਸ਼ ਲਾਉਣਾ ਕੇਵਲ ਕੇਂਦਰੀ ਫੰਡਾਂ ਵਿਚ ਰੁਕਾਵਟਾਂ ਖੜ੍ਹੀਆਂ ਕਰਨਾ ਹੈ, ਜੋ ਕਿ ਪੰਜਾਬ ਵਿਰੋਧੀ ਸੋਚ ਹੈ। ਕੇਂਦਰੀ ਸਕੀਮਾਂ ਤਹਿਤ ਭੇਜੇ ਪੈਸੇ ਨੂੰ ਖ਼ਰਚਣ ਲਈ ਜੋ ਸ਼ਰਤਾਂ ਹਨ ਉਹ ਪੰਜਾਬ ਸਮੇਤ ਵੱਡੀ ਗਿਣਤੀ ਸੂਬਿਆਂ ਦੇ ਮੁਆਫਕ ਨਹੀਂ ਹਨ। ਪੰਜਾਬ ਦੇ ਕਾਂਗਰਸੀਆਂ ਨੇ ਇਹ ਸ਼ਰਤਾਂ ਹਟਾਉਣ ਲਈ ਕਦੇ ਵੀ ਯੂਪੀਏ ਕੇਂਦਰ ਸਰਕਾਰ ਕੋਲ ਕੋਸ਼ਿਸ਼ ਨਹੀਂ ਕੀਤੀ ਸਗੋਂ ਆਪਣੇ ਘਰ ਨੂੰ ਹੀ ਕੋਸਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਜਨਰਲ ਸਕੱਤਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਦੀ ਇਸ ਦੋਗਲੀ ਸੋਚ ਕਾਰਨ ਹੀ ਨਾ ਤਾਂ ਚੰਡੀਗੜ੍ਹ ਪੰਜਾਬ ਨੂੰ ਮਿਲ ਸਕਿਆ ਤੇ ਨਾ ਹੀ ਪੰਜਾਬ ਨੂੰ ਸਰਹੱਦੀ ਖੇਤਰ ਹੋਣ ਕਾਰਨ ਕੋਈ ਵਿਸ਼ੇਸ਼ ਮਾਲੀ ਮਦਦ ਮਿਲ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਉਤੇ ਡਾਕਾ ਵੀ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਬਦੌਲਤ ਹੀ ਪਿਆ।
ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਵਲੋਂ ਪੰਜਾਬ ਵਿਚ ਵਿੱਤੀ ਸੰਕਟ ਦੀ ਬਿਆਨਬਾਜ਼ੀ ਵੀ ਸੂਬੇ ਨੂੰ ਬਦਨਾਮ ਕਰਨ ਦੀ ਡੂੰਘੀ ਸਾਜਿਸ਼ ਦਾ ਸਿੱਟਾ ਹੈ। ਇਸ ਨਾਲ ਸੂਬੇ ਅੰਦਰ ਨਿਵੇਸ਼ਕਾਰਾਂ 'ਚ ਡਰ ਪੈਦਾ ਕਰਕੇ ਨਿਵੇਸ਼ ਨਾ ਕਰਨ ਲਈ ਉਕਸਾਣਾਂ ਹੈ ਤੇ ਕਾਂਗਰਸੀ ਲੀਡਰ ਇਸ ਸੋਚ ਨਾਲ ਚੱਲਦੇ ਹਨ ਕਿ ''ਮੇਰੀ ਭਾਵੇਂ ਮੱਝ ਮਰ ਜਾਵੇ ਪ੍ਰੰਤੂ ਸ਼ਰੀਕ ਦੀ ਕੰਧ ਢਹਿ ਜਾਵੇ''।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੇਂਦਰੀ ਮੰਤਰੀ ਜੈ ਰਾਮ ਰਮੇਸ਼ ਨੇ ਪੰਜਾਬ ਦੇ ਕਾਂਗਰਸੀਆਂ ਵਲੋਂ ਦਿੱਲੀ ਜਾ ਕੇ ਭਾਨੀ ਮਾਰਨ ਦਾ ਭਾਂਡਾ ਸ਼ਰ੍ਹੇਆਮ ਭੰਨ ਕੇ ਕਾਂਗਰਸੀਆਂ ਨੂੰ ਭਾਵੇਂ ਬੋਲਣ ਜੋਗਰਾ ਨਹੀਂ ਛੱਡਿਆ ਪ੍ਰੰਤੂ ਅੱਜ ਵੀ ਬਹੁਤ ਢੀਠਤਾਈ ਨਾਲ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਦੀ ਸੇਮ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼, ਕਦੀ ਹੜ੍ਹਾਂ ਦੇ ਖ਼ਰਾਬੇ ਦੇ ਫੰਡਾਂ ਵਿਚ ਗਬਨ ਦੇ ਦੋਸ਼, ਕਦੀ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਕੇਂਦਰੀ ਸਕੀਮਾਂ ਤਹਿਤ ਮਿਲੇ ਫੰਡਾਂ ਦੀ ਜਾਂਚ ਦੀ ਮੰਗ ਦਾ ਰਾਗ ਅਲਾਪਦੇ ਰਹਿੰਦੇ ਹਨ। ਇਨ੍ਹਾਂ ਕਾਂਗਰਸੀ ਲੀਡਰਾਂ ਨੇ ਕਦੀ ਵੀ ਪੰਜਾਬ ਦੇ ਕਿਸਾਨ ਨੂੰ ਕੇਂਦਰ ਵਲੋਂ ਕਰਜ਼ਾ ਮੁਆਫੀ ਵਿਚ ਲਾਈਆਂ ਬੇਲੋੜੀਆਂ ਸ਼ਰਤਾਂ ਹਟਾ ਕੇ ਮਦਦ ਕਰਨ, ਅਨਾਜ ਦੇ ਵਾਜਬ ਭਾਅ ਦੇਣ, ਤੇਲ ਤੇ ਖਾਦਾਂ ਦੇ ਭਾਅ ਵੱਧਣ ਕਾਰਨ ਕਿਸਾਨਾਂ ਨੂੰ ਖਾਸ ਰਾਹਤ ਦੇਣ, ਸਰਹੱਦੀ ਸੂਬਾ ਹੋਣ ਦੇ ਪ੍ਰਭਾਵ ਜੋ ਸਨਅਤ, ਵਪਾਰ ਉਤੇ ਪਏ ਅਤੇ ਕਾਨੂੰਨ ਵਿਵਸਥਾ ਤੇ ਨਸ਼ਿਆਂ ਵਿਰੁੱਧ ਨਜਿੱਠਣ ਲਈ ਵਾਧੂ ਬੋਝ ਸੂਬਾ ਸਰਕਾਰ ਨੂੰ ਚੁੱਕਣ ਬਦਲੇ ਅਤੇ ਦੇਸ਼ ਦੇ ਅੰਨ ਭੰਡਾਰ ਵਿਚ ਸਭ ਤੋਂ ਵੱਧ ਹਿੱਸਾ ਪਾਉਣ ਬਦਲੇ, ਜ਼ਮੀਨ ਦੀ ਸ਼ਕਤੀ ਨੂੰ ਖੋਰਾ ਤੇ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਾਰਨ ਵਾਧੂ ਬਿਜਲੀ, ਵਾਧੂ ਤੇਲ ਅਤੇ ਡੂੰਘੇ ਟਿਊਬਵੈਲਾਂ ਉਤੇ ਵਾਧੂ ਹੋਣ ਵਾਲੇ ਖ਼ਰਚੇ ਤੇ ਟੁੱਟ ਭੱਜ ਦੇ ਅਣਕਿਆਸੇ ਖਰਚਿਆਂ ਦੇ ਬੋਝ ਬਦਲੇ ਕੋਈ ਵਿਸ਼ੇਸ਼ ਮਾਲੀ ਮਦਦ ਦੇਣ ਲਈ ਅੱਜ ਤੱਕ ਕਦੀ ਵੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੇ ਮੂੰਹ ਕੇਂਦਰ ਸਰਕਾਰ ਕੋਲ ਮੂੰਹ ਤੱਕ ਨਹੀਂ ਖੋਲ੍ਹਿਆ।
ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਸੂਬਾ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਫੋਕੀ ਸ਼ੋਹਰਤ ਲਈ ਬੇਬੁਨਿਆਦ ਤੇ ਗੁੰਮਰਾਹਕੁੰਨ ਬਿਆਨਬਾਜ਼ੀ ਕਰਨ ਦੀ ਬਜਾਏ ਉਹ ਆਪਣੀ ਪਾਰਟੀ ਪ੍ਰਧਾਨ, ਯੂਪੀਏ ਸਰਕਾਰ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਕੋਲੋ ਸੂਬੇ ਦੇ ਹੜ੍ਹ ਪ੍ਰਭਾਵਿਤ ਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ਼ ਲੈ ਕੇ ਆਉਣ ਅਤੇ ਕੇਂਦਰੀ ਫੰਡਾਂ ਦੀ ਵਰਤੋਂ ਲਈ ਸ਼ਰਤਾਂ ਨਰਮ ਕਰਾਉਣ। ਉਨ੍ਹਾਂ ਕਿਹਾ ਕਿ ਬਾਜਵਾ ਫੋਕੀ ਸ਼ੌਹਰਤ ਵਾਲੀ ਗੁੰਮਰਾਹਕੁੰਨ ਕਾਗਜ਼ੀ ਬਿਆਨਬਾਜ਼ੀ ਦੀ ਡਰਾਮੇਬਾਜ਼ੀ ਨੂੰ ਤਿਆਗ ਕੇ ਸੋਨੀਆ ਗਾਂਧੀ ਦੇ ਦਰਬਾਰ ਵਿਚ ਜਾ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ। ਕਾਂਗਰਸੀ ਆਗੂਆਂ ਨੂੰ ਦੇਸ਼ ਤੇ ਸੂਬੇ ਦੇ ਵਿਕਾਸ ਨਾਲ ਜੁੜੀਆਂ ਹੋਈਆਂ ਚੁਣੌਤੀ ਵਾਲੀਆਂ ਪਰਿਸਥਿਤੀਆਂ ਦਾ ਮੁਕਾਬਲਾ ਕਰਨ ਲਈ ਦਿਆਨਤਦਾਰੀ ਨਾਲ ਅੱਗੇ ਆਉਣ ਦੀ ਲੋੜ ਹੈ।ਬਿਆਨ ਦੇ ਅਖ਼ੀਰ ਵਿਚ ਉਨ੍ਹਾਂ ਅਪੀਲ ਕੀਤੀ ਕਿ ਕਾਂਗਰਸੀ ਲੀਡਰ ਪੰਜਾਬ ਵਿਰੁੱਧ ਕੇਂਦਰ ਕੋਲ ਵਾਅਦਾ ਮੁਆਫ ਗਵਾਹ ਬਣ ਕੇ ਭੁਗਤਣ ਦੀ ਥਾਂ ਚੁੱਪ ਹੀ ਰਹਿ ਜਾਣ ਤਾਂ ਵੀ ਪੰਜਾਬ ਦਾ ਭਲਾ ਹੋ ਸਕਦਾ ਹੈ।