5 Dariya News

ਜ਼ਿਲ੍ਹੇ ਦੇ ਨਿਰੋਲ ਪੇਂਡੂ ਖੇਤਰ ਵਿੱਚ ਗਿਆਨ ਦਾ ਚਾਨਣ ਕਰ ਰਿਹਾ ਹੈ ਗੀਗੇਮਾਜਰਾ ਦਾ ਸਰਕਾਰੀ ਸਕੂਲ

ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦੀਆਂ ਸੇਵਾਵਾਂ ਮੁਹੱਈਆ ਕਰਾ ਰਿਹਾ ਹੈ ਸਕੂਲ, ਕੰਧ ਚਿੱਤਰ, ਸੀਨਰੀਆਂ, ਬਗੀਚਿਆਂ ਤੇ ਸਫ਼ਾਈ ਪੱਖੋਂ ਖੱਟਿਆ ਨਾਮਣਾ

5 Dariya News

ਐਸ.ਏ.ਐਸ.ਨਗਰ 29-Jul-2018

ਜ਼ਿਲ੍ਹੇ ਦੇ ਨਿਰੋਲ ਪੇਂਡੂ ਖੇਤਰ ਦੇ ਪਿੰਡ ਗੀਗੇਮਾਜਰਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰ ਪੱਖੋਂ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਰਿਹਾ ਹੈ ਤੇ ਇਸ ਖੇਤਰ ਨੂੰ ਵਿਦਿਆ ਦੇ ਚਾਨਣ ਨਾਲ ਰੁਸ਼ਨਾ ਰਿਹਾ ਹੈ। ਸਕੂਲ ਦੀਆਂ ਕੰਧਾਂ ਉੱਤੇ ਬਣੇ ਕੰਧ ਚਿੱਤਰ ਤੇ ਸੀਨਰੀਆਂ, ਸਕੂਲ ਦੇ ਵਿਹੜੇ ਵਿੱਚ ਰੰਗ-ਬਿਰੰਗੀਆਂ ਫੁੱਲਾਂ ਦੀਆਂ ਕਿਆਰੀਆਂ ਤੇ ਸਫ਼ਾਈ ਦਾ ਉੱਤਮ ਨਮੂਨਾ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ। ਤਿੰਨ ਵਰ੍ਹੇ ਪਹਿਲਾਂ ਹਾਈ ਤੋਂ ਸੀਨੀਅਰ ਸੈਕੰਡਰੀ ਵਿੱਚ ਅਪਗਰੇਡ ਹੋਏ ਇਸ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਇਸ ਸਾਲ 97 ਫੀਸਦੀ ਰਿਹਾ ਹੈ। ਇਸ ਵੇਲੇ ਇਸ ਸਕੂਲ ਵਿੱਚ ਛੇਵੀਂ ਤੋਂ ਬਾਰ੍ਹਵੀਂ ਤੱਕ 320 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿੱਚ 115 ਵਿਦਿਆਰਥੀ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਹਨ।ਲੋਕਾਂ ਨੂੰ ਵਹਿਮਾਂ-ਭਰਮਾਂ ਖ਼ਿਲਾਫ਼ ਜਾਗਰੂਕ ਕਰਨ ਦੇ ਮਕਸਦ ਨਾਲ ਸਕੂਲ ਮੁਖੀ ਅਤੇ ਸਮੁੱਚਾ ਸਟਾਫ਼ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਲਈ ਵਿਗਿਆਨ ਮੇਲੇ, ਗਣਿਤ ਮੇਲੇ ਅਤੇ ਨਸ਼ੇ ਵਿਰੋਧੀ ਸੈਮੀਨਾਰ ਤੇ ਰੈਲੀਆਂ ਕਰ ਕੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਗੀਗੇਮਾਜਰਾ ਸਕੂਲ ਵਿੱਚ ਸਿੱਖਿਆ ਵਿਭਾਗ ਦੇ ਸਮੁੱਚੇ ਪ੍ਰਾਜੈਕਟ ਚੱਲ ਰਹੇ ਹਨ। ਇਨ੍ਹਾਂ ਵਿੱਚ ਉਡਾਣ ਤੇ ਐਜੂਸੈੱਟ ਰਾਹੀਂ ਵਿਭਾਗ ਦੀਆਂ ਸਮੁੱਚੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਵਿਦਿਆਰਥੀਆਂ ਨੂੰ ਲੈਕਚਰ ਸੁਣਾਏ ਜਾਂਦੇ ਹਨ। ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੱਲੋਂ ਪਿਛਲੇ ਵਰ੍ਹੇ ਚਲਾਏ ਗਿਆਨ ਅੰਜਨ ਪ੍ਰਾਜੈਕਟ ਵਿੱਚ ਇਸ ਸਕੂਲ ਦੇ ਵਿਦਿਆਰਥੀਆਂ ਨੇ ਲਗਾਤਾਰ ਹਿੱਸਾ ਲਿਆ ਹੈ। ਸਕੂਲ ਦੀ ਵਿਦਿਆਰਥਣ ਸਤਵਿੰਦਰ ਕੌਰ ਇਸ ਪ੍ਰਾਜੈਕਟ ਵਿੱਚੋਂ ਜ਼ਿਲ੍ਹਾ ਪੱਧਰੀ ਇਨਾਮ ਵੀ ਜਿੱਤ ਚੁੱਕੀ ਹੈ।

ਸਕੂਲ ਦੀ ਪ੍ਰਿੰਸੀਪਲ ਹਰਿੰਦਰ ਕੌਰ ਨੇ ਦੱਸਿਆ ਕਿ ਇਸ ਵਰ੍ਹੇ ਤੋਂ ਉਨ੍ਹਾਂ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਹੋਰ ਗਤੀਵਿਧੀਆਂ ਨਾਲ ਜੋੜਨ ਦੇ ਟੀਚੇ ਤਹਿਤ ਐਨਐਸਐਸ ਯੂਨਿਟ ਵੀ ਲਿਆਂਦਾ ਹੈ। ਯੁਵਕ ਸੇਵਾਵਾਂ ਵਿਭਾਗ ਦੀ ਦੇਖ-ਰੇਖ ਹੇਠ ਚਲਾਏ ਜਾਣ ਵਾਲੇ ਇਸ ਯੂਨਿਟ ਰਾਹੀਂ ਸਕੂਲੀ ਵਿਦਿਆਰਥੀਆਂ ਨੂੰ ਦੂਜੇ ਰਾਜਾਂ ਵਿੱਚ ਜਾ ਕੇ ਕੈਂਪ ਲਾਉਣ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਦੱਸਿਆ ਕਿ ਖੇਡਾਂ ਦੇ ਖੇਤਰ ਵਿੱਚ ਸਕੂਲ ਨੇ ਜ਼ਿਲ੍ਹਾ ਪੱਧਰ ਉੱਤੇ ਕਈ ਇਨਾਮ ਹਾਸਲ ਕੀਤੇ ਹਨ ਤੇ ਮੁੱਕੇਬਾਜ਼ੀ ਵਿੱਚ ਸਕੂਲ ਦੇ 14 ਅਤੇ 19 ਸਾਲਾ ਵਰਗ ਦੇ ਖਿਡਾਰੀਆਂ ਅਮਨ ਕੁਮਾਰ ਅਤੇ ਵਿਸ਼ਾਲ ਕੁਮਾਰ ਜ਼ਿਲ੍ਹਾ ਐਸ.ਏ.ਐਸ ਨਗਰ ਦੀ ਪੰਜਾਬ ਵਿੱਚ ਨੁਮਾਇੰਦਗੀ ਕਰ ਚੁੱਕੇ ਹਨ। ਸਕੂਲ ਨੂੰ ਸਮੁੱਚਾ ਰੰਗ ਰੋਗਨ ਤੇ ਸਫ਼ਾਈ ਦੇ ਕਾਰਜ ਸਕੂਲ ਦੇ ਸਟਾਫ਼ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਰਾਏ ਜਾਂਦੇ ਹਨ। ਸਕੂਲ ਵਿੱਚ ਵਾਟਰ ਕੂਲਰ ਸਮੇਤ ਸਮੁੱਚੀਆਂ ਸੇਵਾਵਾਂ/ਸਹੂਲਤਾਂ ਉਪਲਬੱਧ ਹਨ ਤੇ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੀ ਪੜ੍ਹਾਈ ਕਰਾਉਣ ਵਾਲਾ ਇਸ ਪੇਂਡੂ ਖੇਤਰ ਦਾ ਪਹਿਲਾ ਸਕੂਲ ਹੈ।ਇਸ ਸਕੂਲ ਵਿੱਚ ਫੁੱਲ ਬੂਟਿਆਂ ਦਾ ਇੰਨਾ ਜ਼ਿਆਦਾ ਖਿਆਲ ਰੱਖਿਆ ਜਾਂਦਾ ਹੈ ਕਿ ਕੋਈ ਵੀ ਬੱਚਾ ਜਾਂ ਅਧਿਆਪਕ ਸਕੂਲ ਦੇ ਵਿਹੜੇ ਵਿੱਚ ਬਣਾਈਆਂ ਕਿਆਰੀਆਂ ਦੇ ਉੱਪਰੋਂ ਨਹੀਂ ਲੰਘ ਸਕਦਾ। ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਅਧਿਆਪਕ ਲਈ ਵੀਹ ਰੁਪਏ, ਬੱਚੇ ਲਈ ਦਸ ਰੁਪਏ ਅਤੇ ਪ੍ਰਿੰਸੀਪਲ ਲਈ ਪੰਜਾਹ ਰੁਪਏ ਜੁਰਮਾਨਾ ਰੱਖਿਆ ਗਿਆ ਹੈ।