5 Dariya News

“ਪੜ੍ਹੋ-ਪੰਜਾਬ ਪੜ੍ਹਾਓ-ਪੰਜਾਬ” ਦੀ ਵਿਓਂਤਬੰਦੀ ਅਤੇ ਅਧਿਆਪਕਾਂ ਦੀ ਲਗਨ ਨੇ ਬਦਲੀ ਸਕੂਲ ਦੀ ਨੁਹਾਰ

ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਜ ਵਿੱਚ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ‘ਖੇਡ ਮਹਿਲ’ ਕੀਤਾ ਸਥਾਪਿਤ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 29-Jul-2018

“ਪੜ੍ਹੋ-ਪੰਜਾਬ ਪੜ੍ਹਾਓ-ਪੰਜਾਬ” ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਪਿੰਡ ਦੀ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ, ਗੋਸਲ (ਸ਼ਹੀਦ ਭਗਤ ਸਿੰਘ ਨਗਰ) ਦੀ ਹੈੱਡ ਟੀਚਰ ਮਨਦੀਪ  ਕੌਰ ਅਤੇ ਈਟੀਟੀ ਅਧਿਆਪਕਾ ਕਮਲਪ੍ਰੀਤ ਕੌਰ ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ।ਇਸ ਸਕੂਲ ਵੱਲੋਂ ਸਿੱਖਿਆ ਵਿਭਾਗ ਪੰਜਾਬ ਵਲੋਂ 14 ਨਵੰਬਰ 2017 ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਆਰੰਭ ਕਰਨ ਅਤੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਖੇਡ-ਵਿਧੀ ਰਾਹੀਂ ਬੁਨਿਆਦੀ ਸਿੱਖਿਆ ਹਾਸਲ ਕਰਨ ਹਿੱਤ ‘ਖੇਡ-ਮਹਿਲ’ ਤਿਆਰ ਕੀਤੇ ਜਾਣ ਦਾ ਉਪਰਾਲਾ ਆਰੰਭਿਆ ਗਿਆ ਸੀ। ਸਕੂਲ ਦੇ ਅਧਿਆਪਕਾਂ ਵਲੋਂ ਪ੍ਰਵਾਸੀ ਭਾਰਤੀਆਂ ਧੰਨਾ ਸਿੰਘ ਗੋਸਲ, ਅਵਤਾਰ ਸਿੰਘ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ਼ ਸਕੂਲ ਦੇ ਇੱਕ ਕਮਰੇ ਨੂੰ ਆਕਰਸ਼ਕ ਢੰਗ ਨਾਲ਼ ਨਵੀਨੀਕਰਨ ’ਤੇ 35000 ਰੁਪਏ ਅਤੇ ਬੱਚਿਆਂ ਲਈ ਖਿਡੌਣੇ ਆਦਿ ’ਤੇ 25000 ਰੁਪਏ ਦੀ ਰਾਸ਼ੀ ਨਾਲ ਇੱਕ ਨਿਵੇਕਲਾ ਖੇਡ ਮਹਿਲ ਸਥਾਪਿਤ ਕੀਤਾ ਗਿਆ।ਹੈੱਡ ਟੀਚਰ ਮਨਦੀਪ ਕੌਰ  ਨੇ ਦੱਸਿਆ ਕਿ ਰਾਜ ਵਿੱਚ ਵਿਲੱਖਣ ਪਹਿਚਾਣ ਵਾਲੇ ‘ਖੇਡ ਮਹਿਲ’ ਤੋਂ ਇਲਾਵਾ ਸਕੂਲ ਵਿੱਚ ਪ੍ਰੋਜੈਕਟਰ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਪ੍ਰਵਾਸੀ ਸ. ਧੰਨਾ ਸਿੰਘ ਗੋਸਲ ਅਤੇ ਵਿਦਿਆਰਥੀਆਂ ਨੂੰ ਬਿਹਤਰ ਵਿੱਦਿਅਕ ਵਾਤਾਵਰਨ ਸੁਵਿਧਾ ਮੁਹੱਈਆ ਕਰਵਾਉਣ ਲਈ ਪਿੰਡ ਦੇ ਇੰਗਲੈਂਡ ਰਹਿੰਦੇ ਦਾਨੀ ਸੱਜਣ ਕਮਲਜੀਤ ਸਿੰਘ ਗੋਸਲ ਵਲੋਂ 1.50 ਲੱਖ ਰੁਪਏ ਦੀ ਰਾਸ਼ੀ ਨਾਲ਼ ਪਾਰਕ ਤਿਆਰ ਕੀਤਾ ਜਾ ਰਿਹਾ ਹੈ। ਦਾਨੀ ਸੱਜਣ ਸਤਨਾਮ ਸਿੰਘ ਬਿੰਜੋਂ (ਰਿਟਾ. ਸੀਨੀਅਰ ਆਡੀਟਰ) ਵਲੋਂ ਸਕੂਲ ਨੂੰ ਇੰਨਵਰਟਰ ਦੀ ਸੁਵਿਧਾ ਮੁਹੱਈਆ ਕਰਵਾਈ ਗਈ।

ਉਨ੍ਹਾਂ ਦੱਸਿਆ ਕਿ ਸਾਲ 2016-17 ਅਤੇ 2017-18 ਦਾ ਲਿਖਤ ਮੈਗਜ਼ੀਨ ਨੰਨ੍ਹੀ ਸੋਚ ਅੰਕ 4 ਸਕੂਲ ਮੈਨੇਜਮੈਂਟ ਕਮੇਟੀ ਵਲੋਂ ਜਾਰੀ ਕੀਤਾ ਗਿਆ। ਇਸ ਮੈਗਜ਼ੀਨ ਨੇ ਇਸ ਵਾਰ ਜ਼ਿਲ੍ਹੇ ਦੇ 5 ਚੌਣਵੇਂ ਮੈਗਜ਼ੀਨਾਂ ਵਿੱਚ ਆਪਣੀ ਥਾਂ ਬਣਾਈ ਹੈ।ਉਨ੍ਹਾਂ ਦੱਸਿਆ ਕਿ ਸਵੇਰ ਦੀ ਸਭਾ ਅਤੇ ਹੋਰ ਗਤੀਵਿਧੀਆਂ ਦੇ ਲਈ  ਫਲੈਕਸ ਬੋਰਡ ਅਤੇ ਸਾਊਂਡ ਸਿਸਟਮ, ਡਰੰਮ, ਪੜ੍ਹੋ-ਪੰਜਾਬ, ਪੜ੍ਹਾਓ-ਪੰਜਾਬ ਤਹਿਤ ਪ੍ਰਾਪਤ ਪੰਜਾਬੀ, ਅੰਗਰੇਜ਼ੀ ਅਤੇ ਹਿਸਾਬ ਦੇ ਵੱਖ-ਵੱਖ ਅਧਿਆਪਕ ਮੈਨੂਅਲਜ਼ ਤੋਂ ਫਲੈਕਸ ਬੋਰਡ ਤਿਆਰ ਕੀਤੇ ਗਏ ਹਨ। ਪੜ੍ਹੋ-ਪੰਜਾਬ ਅਤੇ ਪੜ੍ਹਾਓ  ਪੰਜਾਬ ਦਾ ਸਾਲ 2017-18 ਦਾ ਨਤੀਜਾ 80 ਫ਼ੀਸਦੀ ਰਿਹਾ ਅਤੇ ਅਧਿਆਪਕ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ, ਜੋ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰਾਇਮਰੀ ਜਮਾਤਾਂ ਦੀਆਂ ਪੁਸਤਕਾਂ ਦੇ ਸੁਧਾਈ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸਕੂਲ ਜ਼ਿਲ੍ਹੇ ਦੇ 20 ਵਧੀਆਂ ਸਕੂਲਾਂ ਵਿੱਚ ਨਾਮ ਦਰਜ ਕਰਾਉਣਾ ਅਤੇ ਬੱਚਿਆਂ ਨੂੰ ਆਧੁਨਿਕ ਤਕਨੀਕੀ ਤਹਿਤ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਲੜ੍ਹੀ ਤਹਿਤ ਜਨਵਰੀ 2018 ਵਿੱਚ ਰਾਜ ਵਿੱਚ ਜ਼ਿਲ੍ਹੇ ਦੇ ਵਧੀਆ 20 ਸਕੂਲਾਂ ਵਿੱਚ ਸਕੂਲ ਦੀ ਪੇਸ਼ਕਾਰੀ , ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੋਡੀਟੋਰੀਅਮ ਵਿੱਚ ਕੀਤੀ ਗਈ ਹੈ। ਇਸ ਸਕੂਲ ਨੂੰ ਅਧਿਆਪਕ ਦਿਵਸ 5 ਸਤੰਬਰ 2016 ਵਿੱਚ ਗੁਣਾਤਮਿਕ ਸਿੱਖਿਆ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਸਨਮਾਨ ਪੱਤਰ ਵੀ ਦਿੱਤਾ ਜਾ ਚੁੱਕਾ ਹੈ।