5 Dariya News

6ਵੀਂ ਤੋਂ 8ਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਵਿੱਚ ਪੰਜਾਬੀ ਸਿੱਖਣ ਦੇ ਪੱਧਰ ਨੂੰ ਉਚਾ ਚੁੱਕਣ ਲਈ ਸੰਘੋਲ ਵਿਖੇ ਕਰਵਾਇਆ ਗਿਆ ਸੈਮੀਨਾਰ

ਪੜੋ ਪੰਜਾਬ ਪੜਾਓ ਪੰਜਾਬ ਪ੍ਰੋਗਰਾਮ ਤਹਿਤ ਪੰਜਾਬੀ ਅਧਿਆਪਕਾਂ ਲਈ ਕਰਵਾਇਆ ਗਿਆ ਸੈਮੀਨਾਰ

5 Dariya News

ਫ਼ਤਹਿਗੜ੍ਹ ਸਾਹਿਬ 28-Jul-2018

ਸਰਕਾਰੀ ਸਕੂਲਾਂ ਵਿੱਚ 6ਵੀਂ ਜਮਾਤ ਤੋਂ 8ਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਦੇ ਪੰਜਾਬੀ ਭਾਸ਼ਾ ਵਿੱਚ ਗੁਣਾਤਮਕ ਸੁਧਾਰ ਲਈ ' ਪੜੋ ਪੰਜਾਬ ਪੜਾਓ ਪੰਜਾਬ' ਤਹਿਤ ਜ਼ਿਲ੍ਹੇ ਦੇ ਸਕੂਲਾਂ ਦੇ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਲਈ ਪਹਿਲੇ ਗੇੜ ਦਾ ਸੈਮੀਨਾਰ ਸਰਕਾਰੀ ਹਾਈ ਸਕੂਲ (ਲੜਕੇ) ਸੰਘੋਲ ਵਿਖੇ ਲਗਾਇਆ ਗਿਆ, ਜਿਸ ਵਿੱਚ 39 ਅਧਿਆਪਕਾਂ ਨੇ ਭਾਗ ਲਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਪਰਮਜੀਤ ਕੌਰ ਸਿੱਧੂ ਨੇ ਕੀਤੀ। ਇਸ ਸੈਮੀਨਾਰ ਵਿੱਚ ਜ਼ਿਲ੍ਹਾ ਇੰਚਾਰਜ ਤੇ ਸਟੇਟ ਰਿਸੋਰਸ ਪਰਸਨ ਡਾ. ਲਖਵਿੰਦਰ ਕੌਰ ਨੇ 6ਵੀਂ ਤੋਂ 8ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੰਜਾਬੀ ਵਿਸ਼ੇ ਵਿੱਚ ਟੈਸਟਿੰਗ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ' ਪੜੋ ਪੰਜਾਬ ਤੇ ਪੜਾਓ ਪੰਜਾਬ ' ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਪੰਜਾਬੀ ਵਿਸ਼ੇ ਨੂੰ ਸਿੱਖਣ ਦੇ ਪੱਧਰ ਨੂੰ ਵਿਕਸਤ ਕਰਨਾ ਹੈ। ਜ਼ਿਲ੍ਹਾ ਰਿਸੋਰਸ ਪਰਸਨ ਲਕਵੀਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਲੱਖਨਪੁਰ, ਚਰਨਜੀਤ ਸਿੰਘ ਪੰਜਾਬ ਮਾਸਟਰ ਸਰਕਾਰੀ ਹਾਈ ਸਕੂਲ ਡਡਹੇੜੀ, ਸ਼ਪਿੰਦਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਘੁੰਮਡਗੜ੍ਹ ਨੇ ਸੈਮੀਨਾਰ ਦੌਰਾਨ ਵੱਖਵੱਖ ਕ੍ਰਿਰਿਆਵਾਂ ਦੱਸੀਆਂ ਜਿਨ੍ਹਾਂ ਰਾਹੀਂ ਵਿਦਿਆਰਥੀਆਂ ਦਾ ਪੰਜਾਬੀ ਦਾ ਪੱਧਰ ਉਚਾ ਚੁੱਕਿਆ ਜਾ ਸਕਦਾ ਹੈ।ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਵੱਖਵੱਖ ਸਕੂਲਾਂ ਵਿੱਚ ਜਾ ਕੇ ਟੈਸਟਿੰਗ ਸਬੰਧੀ ਪ੍ਰੈਕਟੀਕਲ ਕਰਵਾਏ ਗਏ। ਸ਼੍ਰੀਮਤੀ ਸਿੱਧੂ ਨੇ ਦੱਸਿਆ ਕਿ ਇਹ ਸੈਮੀਨਾਰ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ ਅਤੇ ਉਹ ਸਕੂਲਾਂ ਵਿੱਚ ਜਾ ਕੇ ਪੰਜਾਬੀ ਵਿਸ਼ੇ ਦੀ ਬੇਸਲਾਈਨ ਕਰਕੇ ਬੱਚਿਆਂ ਦਾ ਪੱਧਰ ਨਿਸ਼ਚਿਤ ਕਰਨਗੇ ਤੇ ਉਸ ਅਨੁਸਾਰ ਵਿਦਿਆਰਥੀਆਂ ਦਾ ਪੱਧਰ ਉਚਾ ਚੁੱਕਣ ਲਈ ਕਿਰਿਆਵਾਂ ਕਰਵਾਉਣਗੇ।