5 Dariya News

ਲੋਕਾਂ ਨੇ ਵਾਤਾਵਰਨ ਦੀ ਸੰਭਾਲ ਵੱਲ ਮੋੜੀ ਮੁਹਾਰ,ਖਰੜ ਵਿਖੇ ਜੰਗਲਾਤ ਵਿਭਾਗ ਨੇ ਲੋਕਾਂ ਨੂੰ ਬੂਟੇ ਵੰਡੇ

ਬੂਟੇ ਹਾਸਲ ਕਰਨ ਵਾਲੇ ਲੋਕਾਂ ਵੱਲੋਂ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਦਾ ਅਹਿਦ

5 Dariya News

ਖਰੜ 28-Jul-2018

ਵਾਤਾਵਰਨ ਦੀ ਸੰਭਾਲ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਅਤੇ ਲੋਕ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਾ ਰਹੇ ਹਨ। ਇਸੇ ਮਕਸਦ ਤਹਿਤ ਜੰਗਲਾਤ ਵਿਭਾਗ ਵਲੋਂ  ਗੁਰੂਦੁਆਰਾ ਸਾਹਿਬ, ਦਸਮੇਸ਼ ਨਗਰ ਖਰੜ ਵਿਖੇ ਲੋਕਾਂ ਨੂੰ ਬੂਟੇ ਵੰਡੇ ਗਏ। ਇਸ ਸਬੰਧੀ  ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜੰਗਲਾਤ ਅਫਸਰ ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਗਈ ਘਰ-ਘਰ ਹਰਿਆਲੀ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਵੱਡੀ ਗਣਿਤੀ ਲੋਕ ਜੰਗਲਾਤ ਵਿਭਾਗ ਵੱਲੋਂ ਮੁਫਤ ਦਿੱਤੇ ਜਾ ਰਹੇ ਬੂਟੇ ਹਾਸਿਲ ਕਰ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਇਸ ਪੂਰੀ ਮੁਹਿੰਮ ਨੂੰ ਵੱਡੀ ਗਿਣਤੀ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਉਥੇ ਮੁਫਤ ਬੂਟੇ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ 'ਆਈ ਹਰਿਆਲੀ ਐਪ' ਦੀ ਵਰਤੋਂ ਵੀ ਵੱਡੀ ਗਿਣਤੀ ਲੋਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਜ਼ਿਲ੍ਹਾ ਜੰਗਲਾਤ ਅਫਸਰ ਨੇ ਦੱਸਿਆ ਕਿ ਇਸ ਐਪ ਨੂੰ ਡਾਊਨਲੋਡ ਕਰਨਾ ਤੇ ਵਰਤਣਾ ਬਹੁਤ ਹੀ ਸਰਲ ਹੈ ਤੇ ਇਸ ਸਦਕਾ ਘਰ ਬੈਠੇ ਹੀ ਬੂਟੇ ਬੁੱਕ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨ ਵਰਗ ਵੱਲੋਂ ਇਸ ਐਪ ਨੂੰ ਸਭ ਤੋਂ ਵੱਧ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਸੋਸ਼ਲ ਮੀਡੀਆ ਜ਼ਰੀਏ ਹੀ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਵੀ ਕਰ ਰਹੇ ਹਨ। ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਰਵਾਇਤੀ ਬੂਟੇ ਹੀ ਵੰਡੇ ਜਾ ਰਹੇ ਹਨ ਜੋ ਕਿ ਪੰਜਾਬ ਦੇ ਵਾਤਾਵਰਨ ਵਿੱਚ ਚੰਗੀ ਤਰ੍ਹਾਂ ਵਧਦੇ ਫੁਲਦੇ ਹਨ ਅਤੇ ਵਾਤਾਵਰਨ ਦੀ ਬਿਹਤਰੀ ਵਿੱਚ ਭਰਵਾਂ ਯੋਗਦਾਨ ਪਾਉਂਦੇ ਹਨ। ਬੂਟੇ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਿਸ਼ਨ ਤਹਿਤ ਸ਼ੁਰੂ ਕੀਤੀ ਗਈ ਘਰ-ਘਰ ਹਰਿਆਲੀ ਮੁਹਿੰਮ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਵਿੱਚ ਵੱਡਾ ਯੋਗਦਾਨ ਪਾਵੇਗੀ। ਉਹਨਾਂ ਨੇ ਇਸ ਮੌਕੇ ਅਹਿਦ ਕੀਤਾ ਕਿ ਉਹ ਵੱਧ ਤੋਂ ਵੱਧ ਬੂਟੇ ਲਾਉਣ ਦੇ ਨਾਲ-ਨਾਲ ਇਹਨਾਂ ਦੀ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦੇਣਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਨ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।