ਜਿਲ੍ਹੇ ਵਿੱਚ ਖੋਲ੍ਹੇ ਜਾਣਗੇ 20 ਹੋਰ ਓਟ ਸੈਂਟਰ- ਕਮਲਦੀਪ ਸਿੰਘ ਸੰਘਾ
ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਕੀਤੇ ਗਏ 418 ਚਲਾਨ - ਹਰਦੀਪ ਸਿੰਘ ਘਈ
5 Dariya News
ਅੰਮ੍ਰਿਤਸਰ 27-Jul-2018
ਨਸ਼ਾ ਰੋਕੂ ਮੁਹਿੰਮ ਤਹਿਤ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਹੋਣ ਵਾਲੇ ਮਰੀਜਾਂ ਦੀ ਵਧ ਰਹੀ ਗਿਣਤੀ ਵਿਚ ਧਿਆਨ ਵਿਚ ਰੱਖਦੇ ਹੋਏ 20 ਹੋਰ ਓਟ ਸੈਂਟਰ ਖੋਲਣ ਦੀ ਤਜਵੀਜ ਸਰਕਾਰ ਨੂੰ ਭੇਜੀ ਗਈ ਹੈ ਅਤੇ ਛੇਤੀ ਹੀ 20 ਹੋਰ ਓਟ ਸੈਂਟਰ ਜਿਲ੍ਹੇ ਵਿਚ ਮਰੀਜਾਂ ਦਾ ਮੁਫ਼ਤ ਇਲਾਜ ਕਰਨਾ ਸ਼ੁਰੂ ਕਰ ਦੇਣਗੇ। ਉਕਤ ਸਬਦਾਂ ਦਾ ਪ੍ਰਗਟਾਵਾ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਸਮੀਖਿਆ ਕਰਦੇ ਕੀਤਾ। ਉਨਾਂ ਦੱਸਿਆ ਕਿ ਇਸ ਵੇਲੇ ਜਿਲ੍ਹੇ ਵਿਚ 11 ਓਟ ਸੈਂਟਰ ਚੱਲ ਰਹੇ ਹਨ ਜਿਨ੍ਹਾਂ ਵਿੱਚ ਨਸ਼ਾ ਪੀੜ੍ਹਤ ਵਿਅਕਤੀ ਇਲਾਜ ਕਰਵਾਉਣ ਲਈ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ, ਪਰ ਮਰੀਜਾਂ ਦੀ ਗਿਣਤੀ ਵੱਧ ਹੋਣ ਕਾਰਨ ਅਤੇ ਲੋਕਾਂ ਨੂੰ ਘਰ ਦੇ ਨੇੜੇ ਇਲਾਜ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਜਿਲ੍ਹੇ ਦੇ ਹਰੇਕ ਬਲਾਕ ਵਿੱਚ 2-2 ਓਟ ਸੈਂਟਰ ਖੋਲ੍ਹਣ ਦੀ ਤਜਵੀਜ਼ ਹੈ। ਸ: ਸੰਘਾ ਨੇ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਨਸ਼ਾ ਪੀੜ੍ਹਤ ਲੋਕ ਆਪਣਾ ਇਲਾਜ ਕਰਵਾਉਣ ਲਈ ਖੁਦ ਇਨ੍ਹਾਂ ਓਟ ਸੈਂਟਰਾਂ ਵਿਚ ਪਹੁੰਚ ਰਹੇ ਹਨ ਅਤੇ ਸਰਕਾਰ ਵਲੋਂ ਇਨ੍ਹਾਂ ਨਸ਼ਾ ਪੀੜ੍ਹਤ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੀਜ਼ਲ ਰੁਬੇਲੇ ਮੁਹਿੰਮ ਜੋ ਕਿ ਪਹਿਲਾਂ ਗਲਤ ਪ੍ਰਚਾਰ ਦੀ ਭੇਟ ਚੜ ਗਈ ਸੀ, ਸਿਹਤ ਅਤੇ ਦੂਸਰੇ ਵਿਭਾਗਾਂ ਦੀ ਸਹਾਇਤਾ ਨਾਲ ਜਿਲ੍ਹੇ ਵਿਚ ਬਹੁਤ ਵਧੀਆ ਰਹੀ ਹੈ ਅਤੇ ਹੁਣ ਤੱਕ 96.5 ਫੀਸਦੀ ਦਾ ਟੀਚਾ ਪ੍ਰਾਪਤ ਕੀਤਾ ਗਿਆ ਹੈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੀਪ ਸਿੰਘ ਘਈ ਸਿਵਲ ਸਰਜਨ ਨੇ ਦੱਸਿਆ ਕਿ ਮਈ -ਜੂਨ ਵਿਚ ਕੁੱਲ ਤੰਬਾਕੂ ਕੰਟਰੋਲ ਪ੍ਰੋਗਾਰਮ ਅਧੀਨ 418 ਚਾਲਾਨ ਕੀਤੇ ਗਏ ਸਨ ਅਤੇ 23700/- ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਸੀ। ਸ: ਘਈ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਡਾਇਰੀਆ ਨੂੰ ਕੰਟਰੋਲ ਕਰਨ ਲਈ ਸਪੈਸ਼ਲ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਅਤੇ ਆਸ਼ਾ ਵਰਕਰਾਂ ਰਾਹੀਂ ਹਰੇਕ ਘਰ ਵਿਚ 2-2 ਪੈਕੇਟ ਓ.ਆਰ.ਐਸ ਦੇ ਮੁਹੱਈਆ ਕਰਵਾਏ ਜਾ ਰਹੇ ਹਨ। ਡਾ. ਘਈ ਨੇ ਦੱਸਿਆ ਕਿ ਜਣੇਪੇ ਦੌਰਾਨ ਹੋ ਰਹੀਆਂ ਮੌਤਾਂ ਵਿਚ ਕਾਫ਼ੀ ਹੱਦ ਤੱਕ ਘਟਾਇਆ ਗਿਆ ਹੈ ਅਤੇ ਘਰਾਂ ਵਿੱਚ ਹੋਮ ਡਲੀਵਰੀਆਂ ਵੀ ਬਹੁਤ ਘੱਟ ਹੋ ਰਹੀਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਜੂਨ ਮਹੀਨੇ ਦੌਰਾਨ ਡੇਂਗੂ ਦੇ 32 ਕੇਸ ਸ਼ੱਕੀ ਪਾਏ ਗਏ ਸਨ, ਪ੍ਰੰਤੂ ਇਨ੍ਹਾਂ ਵਿਚੋਂ ਕਿਸੇ ਵੀ ਕੇਸ ਦੀ ਡੇਂਗੂ ਹੋਣ ਬਾਰੇ ਪੁਸ਼ਟੀ ਨਹੀਂ ਹੋਈ।ਇਸ ਮੀਟਿੰਗ ਵਿੱਚ ਸ੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਡਾ. ਕਿਰਨਦੀਪ ਕੌਰ ਸਹਾਇਕ ਸਿਵਲ ਸਰਜਨ, ਡਾ. ਸੁਖਪਾਲ ਸਿੰਘ ਜਿਲ੍ਹਾ ਪਰਿਵਾਰ ਅਫ਼ਸਰ, ਡਾ. ਮਹੇਸ਼ਪਾਲ ਸਿੰਘ ਜਿਲ੍ਹਾ ਟੀਕਾਕਰਨ ਅਫ਼ਸਰ ਅਤੇ ਡਾ. ਰਜਿੰਦਰ ਅਰੋੜਾ ਡਿਪਟੀ ਮੈਡੀਕਲ ਕਮਿਸ਼ਨਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਡੀਕਲ ਅਫ਼ਸਰ ਹਾਜ਼ਰ ਸਨ।