5 Dariya News

ਗੁਰਦਾਸਪੁਰ ਪੁਲਿਸ ਨੇ ਲਾਪਤਾ ਹੋਏ ਨੋਜਵਾਨ ਮਾਮਲੇ ਦੀ ਗੁੱਥੀ ਸੁਲਝਾਈ-ਨੌਜਵਾਨ ਗਵਾਂਢੀ ਰਾਜ ਵਿਚ ਜਾ ਕੇ ਕਰਦੇ ਸਨ ਨਸ਼ਾ

ਐਸ.ਐਸ.ਪੀ ਸਵਰਨਦੀਪ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ

5 Dariya News

ਗੁਰਦਾਸਪੁਰ 27-Jul-2018

ਐਸ.ਐਸ.ਪੀ ਸਵਰਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਕੀਤੀ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਪਿੰਡ ਅਵਾਖਾਂ ਹਲਕਾ ਦੀਨਾਨਗਰ ਦੇ ਲਾਪਤਾ ਹੋਏ ਨੌਜਵਾਨ ਦੀ ਗੁੱਥੀ ਪੁਲਿਸ ਵਲੋਂ ਸੁਲਝਾ ਦਿੱਤੀ ਗਈ ਹੈ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮੌਕੇ ਹਰਵਿੰਦਰ ਸਿੰਘ ਸੰਧੂ ਐਸ.ਪੀ (ਡੀ), ਮਨੋਜ ਕੁਮਾਰ ਡੀ.ਐਸ.ਪੀ ਦੀਨਾਨਗਰ ਤੇ ਕੁਲਵਿੰਦਰ ਸਿੰਘ ਐਸ.ਐਚ.ਓ ਦੀਨਾਨਗਰ ਵੀ ਮੋਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਅਵਾਖਾਂ ਦੇ ਰਹਿਣ ਵਾਲੇ ਅਸੋਕ ਕੁਮਾਰ ਨੇ ਪੁਲਿਸ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਕਿ ਉਸਦਾ ਪੁੱਤਰ ਪ੍ਰਵੇਸ਼ ਕੁਮਾਰ ਉਮਰ ਕਰੀਬ 24 ਸਾਲ ਬੀਤੀ 21 ਜੁਲਾਈ ਤੋਂ ਘਰ ਤੋਂ ਲਾਪਤਾ ਹੈ ਅਤੇ ਉਨਾਂ ਨੂੰ ਬਲਵਿੰਦਰ, ਗੁੰਨੀ ਤੇ ਕਾਲਾ ਨਾਂਅ ਦੇ ਵਿਅਕਤੀਆਂ ਤੇ ਸ਼ੱਕ ਹੈ ਕਿ ਉਹ ਪ੍ਰਵੇਸ਼ ਦਾ ਨੁਕਸਾਨ ਕਰ ਸਕਦੇ ਹਨ। ਪੁਲਿਸ ਨੇ ਮੁੱਢਲੀ ਕਾਰਵਾਈ ਦੋਰਾਨ  ਬਲਵਿੰਦਰ, ਕਾਲਾ ਕੋਲੋਂ ਪੁੱਛਗਿੱਛ ਕੀਤੀ ਤਾਂ ਉਨਾਂ ਮੰਨਿਆ ਕਿ ਜਿਲੇ ਅੰਦਰ ਨਸ਼ੇ ਨਾ ਮਿਲਣ ਕਾਰਨ ਉਹ ਪਿੰਡ ਛੰਨੀ ਬੋਲੀ ਜੋ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ ਵਿਖੇ ਨਸ਼ਾ ਲੈਣ ਗਏ ਸਨ। ਉਨਾਂ ਅੱਗੇ ਦੱਸਿਆ ਕਿ ਪ੍ਰਵੇਸ਼ ਨੇ ਸਿਰੰਜ ਨਾਲ ਨਸ਼ਾ ਕੀਤਾ ਜਿਸ ਨਾਲ ਉਸਦੀ ਹਾਲਤ ਖਰਾਬ ਹੋ ਗਈ ਤੇ ਉਹ ਵਾਪਸ ਆ ਗਏ ਤੇ ਦੁਬਾਰਾ ਜਦ ਕਾਰ ਲੈ ਕੇ ਪ੍ਰਵੇਸ਼ ਨੂੰ ਲੈਣ ਗਏ ਤਾਂ ਰਸਤੇ ਵਿਚ ਉਸਦੀ ਮੋਤ ਹੋ ਗਈ। 

ਉਨਾਂ ਪ੍ਰਵੇਸ਼ ਕੁਮਾਰ ਦੀ ਲਾਸ਼ ਪਿੰਡ ਮੈਦਾਨਪੁਰ ਥਾਣਾ ਤਾਰਾਗੜ੍ਹ ਦੇ ਗੰਨੇ ਦੇ ਖੇਤਾਂ ਵਿਚ ਸੁੱਟ ਦਿੱਤੀ। ਪੁਲਿਸ ਨੇ ਖੇਤਾਂ ਵਿਚ ਲਾਸ਼ ਬਰਾਮਦ ਕਰ ਲਈ ਤੇ ਦੋਨਾਂ ਉੱਪਰ 364, 304 ਤੇ 210 ਤਹਿਤ ਪਰਚਾ ਦਰਜ ਕਰ ਲਿਆ ਤੇ ਤੀਜਾ ਸਾਥੀ ਕਾਲਾ ਫਰਾਰ ਹੈ ਉਸਨੂੰ ਫੜ੍ਹਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਪੁਲਿਸ ਵਲੋਂ ਪਿੰਡ ਛੰਨੀ ਬੋਲੀ ਵਿਖੇ ਪੁਲਿਸ ਵਲੋਂ ਛਾਪਾ ਮਾਰਿਆ ਗਿਆ ਤੇ ਨਸ਼ੇ ਸਪਲਾਈ ਕਰਨ ਵਾਲੇ ਕਰਨਾ ਤੇ ਮਨਜੀਤ ਕੋਰ ਵਿਰੁੱਧ ਪਰਚਾ ਦਰਜ ਕੀਤਾ ਗਿਆ। ਉਨਾਂ ਦੱਸਿਆ ਕਿ ਮੁਲਜ਼ਮਾ ਕੋਲੋ ਹੋਰ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਨਸ਼ੇ ਵੇਚਣ ਵਾਲਿਆਂ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਐਸ.ਐਸ. ਪੀ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਵਲੋ ਨਸ਼ਿਆਂ ਵਿਰੁੱਧ ਕੀਤੀ ਗਈ ਸਖ਼ਤੀ ਕਾਰਨ ਨਸ਼ਿਆਂ ਦੇ ਵਪਾਰੀ ਗਵਾਂਢੀ ਰਾਜਾਂ ਵੱਲ ਰੁਖ ਕਰ ਰਹੇ ਹਨ, ਜਿਸ ਲਈ ਨਸ਼ੇ ਕਰਨ ਵਾਲੇ ਉਧਰ ਦਾ ਰੁਖ ਕਰ ਰਹੇ ਹਨ।  ਉਨਾਂ ਦੱਸਿਆ ਕਿ ਦੀਨਾਨਗਰ ਦਾ ਪਿੰਡ ਬਿਆਨਪੁਰ ਜੋ ਗੁਰਦਾਸਪੁਰ ਜਿਲੇ ਦਾ ਅਖੀਰਲਾ ਪਿੰਡ ਹੈ ਵਿਖੇ ਪੁਲਿਸ ਵਲੋਂ 24 ਘੰਟੇ ਨਾਕਾ ਲਗਾਇਆ ਜਾ ਰਿਹਾ ਹੈ ਅਤੇ ਉਤੇ ਪੁਲਿਸ ਚੌਕੀ ਵੀ ਸਥਾਪਤ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਕਿਸੇ ਵੀ ਹਾਲਤ ਵਿਚ ਜਿਲੇ ਅੰਦਰ ਨਸ਼ਿਆਂ ਦੀ ਤਸਕਰੀ ਬਰਦਾਸਤ ਨਹੀਂ ਕਰੇਗਾ ਤੇ ਨਸ਼ਾ ਸਪਲਾਈ ਕਰਨ ਵਾਲਆਿਂ ਨੂੰ ਬਖਸ਼ਿਆ ਨਹੀਂ ਜਾਵੇਗਾ।