5 Dariya News

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਭਗੜਾਨਾ ਅਤੇ ਭਾਂਬਰੀ ਵਿਖੇ ਲਗਾਇਆ ਜਾਗਰੂਕਤਾ ਕੈਂਪ

ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਪਾਣੀ ਦੀ ਦੁਰਵਰਤੋਂ ਨਾ ਕਰਨ ਅਤੇ ਪਾਣੀ ਦੀ ਸੁਚੱਜੀ ਸੰਭਾਲ ਲਈ ਕੀਤਾ ਜਾਗਰੂਕ

5 Dariya News

ਫ਼ਤਹਿਗੜ੍ਹ ਸਾਹਿਬ 26-Jul-2018

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਲਾਕ ਖੇੜਾ ਦੇ ਪਿੰਡ ਭਗੜਾਨਾ ਅਤੇ ਅਮਲੋਹ ਬਲਾਕ ਦੇ ਪਿੰਡ ਭਾਂਬਰੀ ਵਿਖੇ ਪੀਣ ਵਾਲੇ ਪਾਣੀ ਦੀ ਸੁਚੱਜੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਹਨਾਂ  ਕੈਂਪਾਂ ਵਿੱਚ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਮਹੱਤਤਾ ਤੋਂ ਜਾਗਰੂਕ ਕੀਤਾ ਗਿਆ ਅਤੇ ਪਾਣੀ ਦੀ ਦੁਰਵਰਤੋਂ ਕਰਨ ਤੋਂ ਗੁਰੇਜ ਕਰਨ ਲਈ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਪਾਣੀ ਦੇ ਕੁਨੈਕਸ਼ਨ ਦੀਆਂ ਟੂਟੀਆਂ ਲਗਵਾਉਣ ਅਤੇ ਟੁੱਲੂ ਪੰਪ ਨਾ ਲਗਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ  ਵਿਭਾਗ ਦੇ ਕਰਮਚਾਰੀਆਂ ਨੇ ਘਰ-ਘਰ ਜਾ ਕੇ ਨਿੱਜੀ ਕੁਨੈਕਸ਼ਨ ਚੈਕ ਕੀਤੇ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸੰਭਾਲ ਸਬੰਧੀ ਜਾਗਰੂਕ ਵੀ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਾਣੀ ਦੀ ਸੁਚੱਜੀ ਵਰਤੋਂ ਲਈ ਕਈ ਘਰਾਂ ਵਿੱਚ ਨਵੀਂਆਂ ਟੂਟੀਆਂ ਲਗਵਾਈਆਂ ਗਈਆਂ।ਸ. ਬਲਬੀਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਭੌਤਿਕ ਜਾਂਚ, ਜੈਵਿਕ ਜਾਂਚ ਅਤੇ ਰਸਾਇਣਿਕ ਜਾਂਚ  ਕੀਤੀ ਗਈ ਅਤੇ ਸ਼ੁੱਧਤਾ ਦੇ ਵੱਖ-ਵੱਖ ਮਾਪਦੰਡਾਂ ਦਾ ਨਿਰਧਾਰਤ ਸੀਮਾਂ ਦੇ ਅੰਦਰ ਹੋਣ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੀ ਫੀਲਡ ਟੈਸਟ ਕਿੱਟ ਦੁਆਰਾ ਰੈਜ਼ੀਡਿਊਲ ਕਲੋਰੀਨ ਚੈਕ ਕੀਤੀ ਗਈ ਅਤੇ ਪਿੰਡ ਦੇ ਪਾਣੀ ਦਾ ਸੈਂਪਲ ਭਰ ਕੇ ਜ਼ਿਲ੍ਹਾ ਵਾਟਰ ਟੈਸਟਿੰਗ ਲੈਬੋਰਟਰੀ ਫ਼ਤਹਿਗੜ੍ਹ ਸਾਹਿਬ ਵਿਖੇ ਜਮ੍ਹਾਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਸ਼ੋਸ਼ਲ ਟੀਮ ਵੱਲੋਂ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਲੋਰੀਨੇਸ਼ਨ ਦੀ ਮਹੱਤਤਾ ਦੱਸੀ ਗਈ ਅਤੇ ਸਬੰਧਤ ਪੰਪ ਓਪਰੇਟਰ ਨੂੰ ਹਦਾਇਤ ਕੀਤੀ ਗਈ ਕਿ ਪੀਣ ਵਾਲੇ ਪਾਣੀ ਦੀ ਹਰ ਹਾਲਤ ਵਿੱਚ ਕਲੋਰੀਨੇਸ਼ਨ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਮਲਟੀ ਪੈਰਾਮੀਟਰ ਫੀਲਡ ਟੈਸਟ ਕਿੱਟ ਰਾਹੀਂ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੇ ਟੈਸਟ ਜਿਵੇਂ ਕਿ ਫਲੋਰਾਈਡ, ਆਈਰਨ ਅਤੇ ਨਾਈਟਰੇਟ ਟੈਸਟ ਕਰਕੇ ਦੱਸੇ ਗਏ।ਇਸ ਮੌਕੇ ਪਿੰਡ ਵਾਸੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਨੂੰ ਓ.ਡੀ.ਐਫ. ਐਲਾਨਿਆਂ ਜਾ ਚੁੱਕਾ ਹੈ ਇਸ ਲਈ ਪਿੰਡ ਦੇ ਹਰੇਕ ਨਾਗਰਕਿ ਦੀ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਉਹ ਕਿਸੇ ਵੀ ਸਥਿਤੀ ਵਿੱਚ  ਖੁਲ੍ਹੇ ਵਿੱਚ ਪਖਾਨਾਂ ਨਾ ਜਾਵੇ ਅਤੇ ਨਾ ਹੀ ਕਿਸੇ ਹੋਰ ਨੂੰ ਅਜਿਹਾ ਕਰਨ ਦੇਵੇ।ਉਹਨਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਖੁੱਲੇ ਵਿੱਚ ਮਲ ਤਿਆਰ ਕਰਨ ਨਾਲ ਗੰਦਗੀ ਫੈਲਦੀ ਹੈ ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਣ ਲਿਆ ਕਿ ਉਹ ਨਾ ਆਪ ਖੁਲ੍ਹੇ ਵਿੱਚ ਪਖਾਨੇ ਜਾਣਗੇ ਅਤੇ ਨਾ ਹੀ ਕਿਸੇ ਹੋਰ ਨੂੰ ਅਜਿਹਾ ਕਰਨ ਦੇਣਗੇ।