5 Dariya News

ਨੈਣਾ ਦੇਵੀ ਮੇਲੇ ਦੌਰਾਨ ਪਿੰਡ ਜੱਜਰ ਵਾਸੀਆਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਡੀ ਸੀ ਨੂੰ ਭੇਜਿਆ ਮੰਗ ਪੱਤਰ

ਸ਼੍ਰੀ ਆਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਨੂੰ ਜਾਣ ਵਾਲੀ ਸੜਕ ਨੂੰ ਪਹਿਲ ਦੇ ਅਧਾਰ ਤੇ ਠੀਕ ਕਰਾਉਣ ਦੀ ਕੀਤੀ ਮੰਗ

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ਼੍ਰੀ ਆਨੰਦਪੁਰ ਸਾਹਿਬ 26-Jul-2018

ਹਰ ਸਾਲ ਸਾਉਣ ਦੇ ਮਹੀਨੇ ਵਿੱਚ ਚੱਲਣ ਵਾਲੇ ਮਾਤਾ ਨੈਣਾ ਦੇਵੀ ਦੇ ਮੇਲੇ ਦੌਰਾਨ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦੇ ਸਬੰਧ ਵਿੱਚ ਇੱਥੋਂ ਦੇ ਪਿੰਡ ਜੱਜਰ ਦੇ ਵਸਨੀਕਾਂ ਵੱਲੋਂ ਇੱਕ ਮੰਗ ਪੱਤਰ ਡੀ ਸੀ ਨੂੰ ਭੇਜਿਆ ਗਿਆ। ਜਿਸ ਵਿਚ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੀ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਿਹੜੇ ਸ਼ਰਧਾਲੂ ਲੋਕ ਸ੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਤੇ ਜਗ੍ਹਾ ਜਗ੍ਹਾ ਲੰਗਰ ਲਗਾਉਂਦੇ ਹਨ ਉਨ੍ਹਾਂ ਨੂੰ ਆਪਣੇ ਲੰਗਰਾਂ ਵਾਲੇ ਸਥਾਨ ਅਤੇ ਲੰਗਰਾਂ ਦੀ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਲੰਗਰ ਵਾਲੀ ਜਗ੍ਹਾ ਤੇ ਦਿਨ ਰਾਤ ਉੱਚੀ ਉੱਚੀ ਆਵਾਜ਼ ਵਿਚ ਲਾਊਡ ਸਪੀਕਰ ਚੱਲਦੇ ਹਨ ਇਸ ਲਈ ਲਾਊਡ ਸਪੀਕਰਾਂ ਬਾਰੇ ਵੀ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਸਪੀਕਰ ਵਜਾਉਣ, ਮੇਲੇ ਦੌਰਾਨ ਲੰਗਰਾਂ ਵਾਲੇ ਅਤੇ ਦੁਕਾਨਾਂ ਵਾਲੇ ਬਿਜਲੀ ਦੇ ਆਰਜ਼ੀ ਕੁਨੈਕਸ਼ਨ ਲੈਂਦੇ ਹਨ ਪਰ ਬਿਜਲੀ ਵਾਲੇ ਸਹੂਲਤ ਮੁਤਾਬਿਕ ਘਰਾਂ ਵਾਲੀਆਂ ਸਰਵਿਸ ਲਾਈਨਾਂ ਤੋਂ ਉਨ੍ਹਾਂ ਨੂੰ ਕੁਨੈਕਸ਼ਨ ਦੇ ਦਿੰਦੇ ਹਨ ਜਿਸ ਨਾਲ ਘਰਾਂ ਦੀ ਵੋਲਟੇਜ ਘੱਟ ਹੋ ਜਾਂਦੀ ਹੈ ਇਸ ਲਈ ਕੁਨੈਕਸ਼ਨ ਮੇਨ ਲਾਈਨਾਂ ਤੋਂ ਹੀ ਦਿੱਤੇ ਜਾਣ।ਉਨ੍ਹਾਂ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਨੂੰ ਜਾਣ ਵਾਲੀ ਰੋਡ ਪੰਜਾਬ ਦੀ ਹੱਦ ਤਕ ਖੱਡਿਆਂ ਨਾਲ ਭਰੀ ਪਈ ਜਗ੍ਹਾ ਜਗ੍ਹਾ ਸੜਕ ਦੇ ਖੱਡੇ ਪਏ ਹਨ ਜੋ ਕਿ ਦੁਰਘਟਨਾ ਦਾ ਕਾਰਨ ਬਣਦੇ ਹਨ ਇਸ ਲਈ ਸੜਕ ਦੀ ਮੁਰੰਮਤ ਪਹਿਲ ਦੇ ਅਧਾਰ ਤੇ ਕੀਤੀ ਜਾਣੀ ਚਾਹੀਦੀ ਹੈ ਤੇ ਨਾਲ ਜਿੱਥੇ ਕਿਤੇ ਸੜਕ ਦੇ ਨਾਲ ਡਰੇਨ ਬਣੀ ਹੋਈ ਹੈ ਉਸ ਨੂੰ ਵੀ ਕਾਇਮ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਵੱਧ ਤੋਂ ਵੱਧ ਆਰਜ਼ੀ ਬਾਥਰੂਮ, ਪਾਣੀ ਦਾ ਪ੍ਰਬੰਧ ਅਤੇ ਡੀ ਡੀ ਟੀ ਦਾ ਛਿੜਕਾਅ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਨਾ ਫੈਲੇ। ਇਸ ਮੌਕੇ ਸਰਪੰਚ ਗਿਆਨ ਚੰਦ ਗ੍ਰਾਮ ਪੰਚਾਇਤ ਰਾਮਪੁਰ, ਨੰਬਰਦਾਰ ਗੁਰਚਰਨ ਸਿੰਘ, ਮਸਤ ਰਾਮ, ਹੇਮਰਾਜ, ਬਾਲ ਕ੍ਰਿਸ਼ਨ, ਕੁਸਮ ਦੇਵੀ, ਮਦਨ ਲਾਲ, ਸੰਤੋਸ਼ ਕੁਮਾਰ, ਨਰੇਸ਼ ਕੁਮਾਰ, ਜੀਤ ਰਾਮ, ਸੁਰਜੀਤ ਸਿੰਘ, ਹੁਕਮ ਸਿੰਘ, ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ, ਜਮੁਨਾ ਦੇਵੀ, ਵਿਜੈ ਕੁਮਾਰ, ਅਮਰ ਸਿੰਘ, ਪਵਨ ਸ਼ਰਮਾ, ਲੇਖ ਰਾਮ ਆਦਿ ਹਾਜ਼ਰ ਸਨ।